ਕਈ ਵਾਰ, ਅਸੀਂ ਚਾਹੇ ਜਿੰਨੀ ਮਰਜ਼ੀ ਤੇਜ਼ ਕਿਉਂ ਨਾ ਦੌੜੀਏ, ਲੱਗੇਗਾ ਇੰਝ ਹੀ ਜਿਵੇਂ ਅਸੀਂ ਇੱਕ ਇੰਚ ਵੀ ਅੱਗੇ ਨਹੀਂ ਵਧੇ। ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਅਸੀਂ ਹਾਲੇ ਵੀ ਉਸੇ ਜਗ੍ਹਾ ‘ਤੇ ਹੀ ਖੜ੍ਹੇ ਹਾਂ ਜਿੱਥੋਂ ਅਸੀਂ ਸ਼ੁਰੂ ਕੀਤਾ ਸੀ। ਕਈ ਵਾਰ, ਜਦੋਂ ਅਸੀਂ ਆਪਣੀਆਂ ਸਮੱਸਿਆਵਾਂ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਮਗਰ ਉੱਥੇ ਹੀ ਪਹੁੰਚ ਜਾਂਦੀਆਂ ਜਿੱਥੇ ਵੀ ਅਸੀਂ ਹੋਈਏ। ਕਈ ਵਾਰ, ਕਿਸੇ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਸਮਾਂ ਜ਼ਾਇਆ ਕਰਨ ਦੀ ਕਸਰਤ ਤੋਂ ਵੱਧ ਹੋਰ ਕੁਝ ਵੀ ਨਹੀਂ ਹੁੰਦੀ। ਇਸ ਦੀ ਬਜਾਏ, ਸਾਨੂੰ ਉਸ ਸਥਿਤੀ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ। ਪਰ ਕਈ ਵਾਰ, ਸਾਨੂੰ ਮੁਕਤੀ ਵੀ ਹਾਸਿਲ ਹੋ ਜਾਂਦੀ ਹੈ। ਇੱਕ ਨਵਾਂ ਮੌਕਾ ਮਿਲ ਜਾਂਦੈ। ਇੱਕ ਨਵੀਂ ਸ਼ੁਰੂਆਤ। ਰਿਹਾਈ ਦਾ ਅਹਿਸਾਸ। ਰਹਿਮਦਿਲ ਆਸਮਾਨ ਵਲੋਂ ਇੱਕ ਤੋਹਫ਼ਾ। ਤੁਸੀਂ ਬਹੁਤ ਅਰਸਾ ਬਹੁਤ ਕੁਝ ਝੱਲਿਐ। ਇਸ ਤੋਂ ਬਾਅਦ ਹੁਣ ਚੀਜ਼ਾਂ ਸੱਚ-ਮੁੱਚ ਸੌਖੀਆਂ ਹੋਣ ਵਾਲੀਆਂ ਹਨ!
ਲੋਕ ਕਹਿੰਦੇ ਨੇ ਕਿ ਉਹ ਚੀਜ਼ ਕਰਨੀ ਹਮੇਸ਼ਾ ਹੀ ਸੌਖੀ ਹੁੰਦੀ ਹੈ ਜਿਸ ਨੂੰ ਕਰਨਾ ਤੁਹਾਨੂੰ ਆਉਂਦਾ ਹੋਵੇ। ਨਾਵਾਕਿਫ਼ ਕਾਰਜਾਂ ਨੂੰ ਹੱਥ ਪਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਿੱਖਣ ਦੀ ਲੋੜ ਪੈਂਦੀ ਹੈ। ਇਹ ਤਾਂ ਠੀਕ ਹੈ, ਪਰ ਜਦੋਂ ਸਾਡਾ ਵਾਹ ਕਿਸੇ ਭੈੜੇ ਤਜਰਬੇ ਨਾਲ ਪੈ ਜਾਂਦਾ ਹੈ ਤਾਂ ਅਸੀਂ ਉਸੇ ਕੰਮ ਪ੍ਰਤੀ ਅਸੰਤੁਲਿਤ ਅਰੁਚੀ ਜਾਂ ਭੈਅ ਵੀ ਵਿਕਸਿਤ ਕਰ ਲੈਂਦੇ ਹਾਂ। ਉਹ ਕਾਰਜ ਜਿਨ੍ਹਾਂ ਨੂੰ ਕਰਨਾ ਸਾਨੂੰ ਭਲੀ ਪ੍ਰਕਾਰ ਆਉਂਦਾ ਹੁੰਦੈ, ਆਪਣੇ ਨਾਲ ਜੁੜੀਆਂ ਭੈੜੀਆਂ ਯਾਦਾਂ ਕਾਰਨ, ਸਾਡੇ ਅੰਦਰ ਇੱਕ ਤਰ੍ਹਾਂ ਦਾ ਡਰ ਪੈਦਾ ਕਰਦੇ ਹਨ। ਦੂਜੇ ਪਾਸੇ, ਜਿਨ੍ਹਾਂ ਸਥਿਤੀਆਂ ਨਾਲ ਅਸੀਂ ਪਹਿਲਾਂ ਕਦੇ ਵੀ ਦੋ-ਚਾਰ ਨਹੀਂ ਹੋਏ ਹੁੰਦੇ, ਉਨ੍ਹਾਂ ਨੂੰ ਕਰਨਾ ਸਾਨੂੰ ਹੈਰਾਨੀਜਨਕ ਹੱਦ ਤਕ ਸਹਿਜ ਲੱਗਦੈ ਕਿਉਂਕਿ ਉਨ੍ਹਾਂ ਬਾਰੇ ਸਾਡੇ ਮਨ ਅੰਦਰ ਕੋਈ ਵੀ ਨਾਕਾਰਾਤਮਕ ਭਾਵਨਾ ਨਹੀਂ ਹੁੰਦੀ। ਤਾਜ਼ੇ ਵਿਚਾਰ ਵਿਚਾਰੋ। ਤੁਹਾਡਾ ਸਾਹਮਣਾ ਕਿਸੇ ਮੁਸ਼ਕਿਲ ਨਾਲ ਨਹੀਂ ਸਗੋਂ ਤੁਹਾਡੇ ਸਾਹਮਣੇ ਇੱਕ ਸ਼ਾਨਦਾਰ ਮੌਕਾ ਮੌਜੂਦ ਹੈ।
ਲੋਕ ਕਹਿੰਦੇ ਨੇ, ”ਜੀਵਨ ਦੀਆਂ ਬਿਹਤਰੀਨ ਚੀਜ਼ਾਂ ਮੁਫ਼ਤ ਹਨ।” ਇਹ ਸੱਚ ਹੈ। ਉਹ ਬਿਲਕੁਲ ਹਨ। ਫ਼ਿਰ ਸਾਨੂੰ ਪੈਸੇ ਦੀ ਕੀ ਲੋੜ? ਇਹ ਮੌਜੂਦ ਹੈ, ਸ਼ਾਇਦ, ਕੇਵਲ ਉਨ੍ਹਾਂ ਦੂਜੇ ਦਰਜੇ ਦੀਆਂ ਚੀਜ਼ਾਂ ਨੂੰ ਖ਼ਰੀਦਣ ਲਈ ਜਿਹੜੀਆਂ ਸਾਨੂੰ ਸੱਚ-ਮੁੱਚ ਚਾਹੀਦੀਆਂ ਹੀ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦੀ ਸਾਨੂੰ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ। ਇਸ ਸੰਸਾਰ ਵਿੱਚ ਕਿਸੇ ਅਜਿਹੇ ਵਿਅਕਤੀ ਨੂੰ ਲੱਭਣ ਲਈ ਤੁਹਾਨੂੰ ਬਹੁਤ ਜ਼ਿਆਦਾ ਤਰੱਦਦ ਕਰਨ ਪਵੇਗਾ ਜਿਹੜਾ ਸੱਚ-ਮੁੱਚ ਇਸ ਗੱਲ ਦਾ ਮੁੱਦਈ ਹੋਵੇ ਕਿ ਪੈਸਾ ਆਪਣੇ ਆਪ ‘ਚ ਸਾਡੀ ਜ਼ਿੰਦਗੀ ਵਿਚਲੀਆਂ ਬਿਹਤਰੀਨ ਸ਼ੈਵਾਂ ‘ਚੋਂ ਇੱਕ ਹੈ। ਫ਼ਿਰ ਇਹ ਹੈਰਾਨੀ ਵਾਲੀ ਗੱਲ ਹੈ ਨਾ ਕਿ ਅਸੀਂ ਸਾਰੇ ਉਸ ਤੁਛ ਜਿਹੇ ਪਦਾਰਥ ਪਿੱਛੇ ਇੰਨੀ ਬੁਰੀ ਤਰ੍ਹਾਂ ਪਏ ਹੋਏ ਹਾਂ। ਉਸ ਨੂੰ ਹਾਸਿਲ ਕਰਨ ਦੀ ਕੋਸ਼ਿਸ਼ ਕਰੋ ਜੋ ਸਭ ਤੋਂ ਬਿਹਤਰ ਹੈ ਅਤੇ ਖ਼ੁਦ ਨੂੰ ਕਦੇ ਵੀ ਇਹ ਨਾ ਕਹੋ ਕਿ ਤੁਸੀਂ ਉਸ ਨੂੰ ਪ੍ਰਾਪਤ ਨਹੀਂ ਕਰ ਸਕਦੇ।
ਅਸੀਂ ਸਾਰੇ ਇਹ ਮਨ ਲੈਂਦੇ ਹਾਂ ਕਿ ਸਮਾਂ ਸਾਡੇ ਤੋਂ ਬਹੁਤ ਬਲਵਾਨ ਹੈ ਅਤੇ ਉਸ ਦਾ ਸਾਡੀ ਜ਼ਿੰਦਗੀ ‘ਤੇ ਬਹੁਤ ਜ਼ਿਆਦਾ ਕੰਟਰੋਲ ਹੈ। ਆਖ਼ਿਰਕਾਰ, ਅਸੀਂ ਇਸ ਧਰਤੀ ਗ੍ਰਹਿ ‘ਤੇ ਆਪਣੀ ਆਮਦ ਦਾ ਸਮਾਂ ਤੈਅ ਨਹੀਂ ਸੀ ਕੀਤਾ। ਅਤੇ ਨਾ ਹੀ ਇਸ ਸੰਸਾਰ ਤੋਂ ਰੁਖ਼ਸਤੀ ਦੇ ਸਮੇਂ (ਜਾਂ ਤਰੀਕੇ) ਬਾਰੇ ਸਾਡੀ ਸੁਣੀ ਜਾਣ ਵਾਲੀ ਹੈ। ਕਿਸੇ ਪਰਮ-ਆਤਮਾ ਦੇ ਰਹਿਮੋ ਕਰਮ ‘ਤੇ ਹੋਣ ਦਾ ਸਾਡਾ ਵਿਸ਼ਵਾਸ ਇਸੇ ਕਾਰਨ ਸਮਝ ‘ਚ ਵੀ ਆਉਂਦੈ। ਪਰ ਫ਼ਿਰ ਵੀ, ਸਮੇਂ ਉੱਪਰ ਸਾਡਾ ਮਾੜਾ ਮੋਟਾ ਕੰਟਰੋਲ ਤਾਂ ਹੈ। ਅਸੀਂ ਉਸ ਦੀ ਰਫ਼ਤਾਰ ਨੂੰ ਤੇਜ਼ ਜਾਂ ਹੌਲੀ ਕਰ ਸਕਦੇ ਹਾਂ, ਪਰ ਇਹ ਇਸ ‘ਤੇ ਨਿਰਭਰ ਕਰੇਗਾ ਕਿ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਸੋਚਣ, ਮਹਿਸੂਸ ਕਰਨ ਅਤੇ ਵਿਚਰਣ ਦੀ ਇਜਾਜ਼ਤ ਦਿੰਦੇ ਹਾਂ। ਅਜਿਹਾ ਕਰ ਕੇ ਅਸੀਂ ਕਿਸੇ ਮਹੱਤਵਪੂਰਣ ਪ੍ਰਕਿਰਿਆ ਦਾ ਨਤੀਜਾ ਵੀ ਬਦਲ ਸਕਦੇ ਹਾਂ।
ਇੱਕ ਪੁਰਾਣੀ ਕਹਾਵਤ ਹੈ: ”ਜਿਹੋ ਜਿਹੀ ਤੁਹਾਡੀ ਸੰਗਤ ਹੋਵੇ, ਤੁਸੀਂ ਖ਼ੁਦ ਵੀ ਉਹੋ ਜਿਹੇ ਬਣ ਜਾਂਦੇ ਹੋ।” ਇਸ ਵਿੱਚ ਕੁਝ ਨਾ ਕੁਝ ਸੱਚਾਈ ਤਾਂ ਜ਼ਰੂਰ ਹੈ। ਅਮੀਰਾਂ ਨਾਲ ਘੁਲੋ ਮਿਲੋ ਅਤੇ ਤੁਹਾਡੀ ਮਾਲੀ ਹਾਲਤ ਵੀ ਬਿਹਤਰ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਸਿਆਣਿਆਂ ਨਾਲ ਘੁਲੋ ਮਿਲੋ, ਹੋ ਸਕਦੈ ਤੁਸੀਂ ਵਧੇਰੇ ਸਮਾਰਟ ਬਣ ਜਾਓ। ਅਤੇ ਹਾਂ, ਜੇਕਰ ਤੁਸੀਂ ਆਪਣਾ ਵਧੇਰੇ ਸਮਾਂ ਅਜਿਹੇ ਲੋਕਾਂ ਨਾਲ ਬਿਤਾਓ ਜਿਹੜੇ ਸੌੜੀ ਸੋਚ ਵਾਲੇ, ਸਵਾਰਥੀ ਜਾਂ ਕਮੀਨੇ ਹਨ ਤਾਂ … ਖ਼ੈਰ, ਚਲੋ ਇਸ ਮੁੱਦੇ ਨੂੰ ਹੋਰ ਜ਼ਿਆਦਾ ਨਹੀਂ ਫ਼ਰੋਲਦੇ। ਤੁਸੀਂ ਕਿਸੇ ਇੱਕ ਵਿਅਕਤੀ – ਜਾਂ ਵਿਅਕਤੀਆਂ ਦੇ ਇੱਕ ਸਮੂਹ – ਦੇ ਬਹੁਤ ਨੇੜੇ ਹੁੰਦੇ ਜਾ ਰਹੇ ਹੋ। ਜੇਕਰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਉਸ ਸੋਚ ਦਾ ਤਰਜਮਾ ਕਰਦੀਆਂ ਹਨ ਜਿਸ ‘ਤੇ ਤੁਹਾਨੂੰ ਮਾਣ ਹੈ ਅਤੇ ਤੁਸੀਂ ਪਹਿਰਾ ਦਿੰਦੇ ਰਹੇ ਹੋ ਤਾਂ ਫ਼ਿਰ ਕੋਈ ਮਸਲਾ ਨਹੀਂ। ਜਾਂ ਫ਼ਿਰ ਇਹ ਕਿਸੇ ਤਬਦੀਲੀ ਦਾ ਵੇਲਾ ਵੀ ਹੋ ਸਕਦੈ!














