ਜੜ੍ਹਾਂ ਵੱਲ ਮੁੜਨਾ ਜ਼ਰੂਰੀ

main-news-300x150ਐਡਵੋਕੇਟ ਜਸਪਾਲ ਸਿੰਘ ਮੰਝਪੁਰ
ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ
98554-01843
ਕੋਈ ਵੀ ਰੁੱਖ ਦੇਖਣ ਨੂੰ ਭਾਵੇਂ ਕਿੰਨਾ ਵੀ ਸੋਹਣਾ ਜਾਂ ਸੁਡੌਲ ਕਿਉਂ ਨਾ ਹੋਵੇ, ਉਸ ਦੀ ਅਸਲ ਮਜ਼ਬੂਤੀ ਉਸ ਦੀਆਂ ਜੜ੍ਹਾਂ ਦੀ ਧਰਤੀ ਵਿੱਚ ਡੂੰਘਾਈ ਅਤੇ ਧਰਤੀ ਦੀ ਪਕੜ ਨਾਲ ਹੁੰਦੀ ਹੈ। ਖੋਖਲੀਆਂ ਜੜ੍ਹਾਂ ਜਾਂ ਉਪਰਲੀ ਪਰਤ ਵਿਚਲੀਆਂ ਜੜ੍ਹਾਂ ਵਾਲੇ ਰੁੱਖ ਭਾਦਰੋਂ ਦੀ ਪਹਿਲੀ ਹਨੇਰੀ ਵਿੱਚ ਹੀ ਮੂਧੇ ਮੂੰਹ ਪਏ ਹੁੰਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਹਰ ਸਿੱਖ ਦਾ ਇਸ ਗੱਲ ਵਿੱਚ ਪੱਕਾ ਯਕੀਨ ਹੈ ਕਿ ਗੁਰੂ ਨਾਨਕ ਦੀ ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਉਸ ਧਰਮ ਧਰਤੀ ਵਿੱਚ ਗ਼ਹਿਰੀਆਂ ਲੱਗੀਆਂ ਹੋਈਆਂ ਹਨ ਜਿਸ ਧਰਮ ਦਾ ਜਨਮ ਦਇਆ ਵਿੱਚੋਂ ਹੋਇਆ ਹੈ ਅਤੇ ਇਸ ਦੀ ਹੋਂਦ ਸਦੀਵ ਹੈ।
ਇਹ ਰੁੱਖ ਘਣਛਾਵਾਂ ਬਣ ਕੇ ਸਰਬਤ ਨੂੰ ਬਿਨਾਂ ਕਿਸੇ ਭੇਦ-ਭਾਵ ਦੇ ਤਪਦੀ ਤ੍ਰਿਸ਼ਨਾ ਦੀ ਗਰਮੀ ਅਤੇ ਵਿਕਾਰਾਂ ਦੇ ਸੇਕ ਤੋਂ ਬਚਾ ਰਿਹਾ ਹੈ। ਇਸ ਰੁੱਖ ਉੱਪਰ ਕਈ ਸੰਪਰਦਾਵਾਂ, ਡੇਰਿਆਂ, ਸੰਸਥਾਵਾਂ ਆਦਿ ਨੇ ਆਪਣੇ ਪੱਕੇ ਆਲਣੇ ਵੀ ਬਣਾਏ ਹੋਏ ਹਨ ਜੋ ਆਪਣੀ ਰੋਜ਼ੀ-ਰੋਟੀ ਤਾਂ ਇਸ ਰੁੱਖ ਤੋਂ ਹੀ ਚਲਾਉਂਦੇ ਹਨ ਅਤੇ ਰੁੱਖ ਨੂੰ ਪਲੀਤ ਵੀ ਕਰਦੇ ਹਨ। ਅਕਸਰ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਇਸ ਰੁੱਖ ਨੂੰ ਵੱਢਣ ਜਾਂ ਨੁਕਸਾਨ ਪਹੁੰਚਾਉਣ ਆਉਂਦਾ ਹੈ ਤਾਂ ਇਹ ਅਦਾਰੇ, ਜਿਨ੍ਹਾਂ ਦਾ ਜ਼ਿਕਰ ਮੈਂ ਉੱਪਰ ਕੀਤਾ ਹੈ, ਰੁੱਖ ਤੋਂ ਝੱਟ ਉਡਾਰੀ ਮਾਰ ਜਾਂਦੇ ਹਨ। ਕਈ ਤਾਂ ਇਸ ਰੁੱਖ ਦੀ ਕੇਵਲ਼ ਛਾਂ ਮਾਣਨ ਲਈ ਆਏ ਹੀ ਸਦਾ ਲਈ ਇਸ ਰੁੱਖ ਦੇ ਹੋ ਕੇ ਰਹਿ ਗਏ ਅਤੇ ਆਪਣਾ ਸਾਰਾ ਕੁਝ ਇਸ ਰੁੱਖ ਲਈ ਅਰਪਨ ਕਰ ਦਿੱਤਾ। ਇਹ ਰੁੱਖ ਤਾਂ ਆਪਣੇ ਵੱਢਣ ਵਾਲਿਆਂ ਨੂੰ ਵੀ ਛਾਂ ਦੇਣ ਤੋਂ ਕਦੀ ਇਨਕਾਰੀ ਨਹੀਂ ਹੋਇਆ, ਪਰ ਇਸ ਨੂੰ ਪੂਰੀ ਤਰ੍ਹਾਂ ਛਾਂਗਣ ਤੋਂ ਬਾਅਦ ਇਸ ਤੋਂ ਛਾਂ ਦੀ ਉਮੀਦ ਕਰਨ ਵਾਲਿਆਂ ਨੂੰ ਮੂਰਖ ਹੀ ਆਖਿਆ ਜਾ ਸਕਦਾ ਹੈ। ਇਸ ਰੁੱਖ ਨੂੰ ਕਈ ਵਾਰ ਛਾਂਗਿਆ ਵੀ ਗਿਆ ਅਤੇ ਕਈ ਵਾਰ ਇਸ ਦੀਆਂ ਜੜ੍ਹਾਂ ਨੂੰ ਵੀ ਹੱਥ ਪਾਇਆ ਗਿਆ, ਪਰ ਦੋਖੀਆਂ ਨੂੰ ਸਫ਼ਲਤਾ ਨਾ ਮਿਲੀ ਅਤੇ ਇਹ ਰੁੱਖ ਸਮਾਂ ਰਹਿੰਦਿਆਂ ਫ਼ਿਰ ਵੀ ਫ਼ਲਿਆ-ਫ਼ੁੱਲਿਆ ਰਿਹਾ ਤੇ ਸਰਬਤ ਦੇ ਭਲੇ ਲਈ ਛਾਂ ਦੇਣ ਲੱਗਾ।
ਸਮੇਂ ਤੇ ਰੁੱਤਾਂ ਮੁਤਾਬਕ ਇਸ ਰੁੱਖ ਵਿੱਚ ਵੀ ਬਦਲਾਅ ਆਉਂਦੇ ਰਹੇ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਗੁਰੂ ਪੰਥ ਨੇ ਇਸ ਰੁੱਖ ਦਾ ਰਾਜ ਲਿਆਂਦਾ ਤਾਂ ਵਾਹੀਕਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਮਿਲੇ। ਖ਼ੂਨ ਚੂਸਣ ਵਾਲਿਆਂ ਨੂੰ ਦੰਡ ਭਰਨੇ ਪਏ। ਸਰਬਤ ਦੇ ਭਲੇ ਲਈ ਹਰ ਤਰ੍ਹਾਂ ਦੇ ਭੇਦ-ਭਾਵ ਮਿਟਾਉਣ ਲਈ ਉਪਰਾਲੇ ਕੀਤੇ ਗਏ, ਪਰ ਛੇਤੀ ਹੀ ਦੋਖੀਆਂ ਨੇ ਇਸ ਰਾਜ-ਪ੍ਰਬੰਧ ਨੂੰ ਖ਼ਤਮ ਕਰ ਕੇ ਇਸ ਰੁੱਖ ਦੇ ਰਾਖਿਆਂ ਉੱਪਰ ਜ਼ੁਲਮ ਦੀ ਹਨੇਰੀ ਵਗਾ ਦਿੱਤੀ। ਇਸ ਰੁੱਖ ਨੂੰ ਪਾਣੀ ਦਾ ਪਰਵਾਹ ਬੰਦ ਕਰ ਦਿੱਤਾ ਗਿਆ, ਪਰ ਇਸ ਰੁੱਖ ਦੇ ਰਾਖਿਆਂ ਨੇ ਆਪਣੇ ਲਹੂ ਨਾਲ ਰੁੱਖ ਨੂੰ ਸਿੰਜਣਾ ਜਾਰੀ ਰੱਖਿਆ। ਇਸ ਰੁੱਖ ਨੇ ਉਹਨਾਂ ਮਰਜੀਵੜਿਆਂ ਨੂੰ ਆਪਣੀ ਗੋਦ ਵਿੱਚ ਲੈ ਲਿਆ, ਅਤੇ ਉਹ ਸਾਰੇ ‘ਸ਼ਹੀਦ’ ਅਹੁਦੇ ਨਾਲ ਨਿਵਾਜ਼ੇ ਗਏ।
ਫ਼ਿਰ ਇਹਨਾਂ ਸ਼ਹੀਦਾਂ ਦੀ ਰੱਤ ਰੰਗ ਲਿਆਈ ਅਤੇ ਖ਼ਾਲਸਾ ਰਾਜ ਸਥਾਪਿਤ ਹੋਇਆ ਜਿਸ ਵਿੱਚ ਇਸ ਰੁੱਖ ਦੀ ਆਨ-ਬਾਨ-ਸ਼ਾਨ ਦੇਖਦਿਆਂ ਹੀ ਬਣਦੀ ਸੀ। ਰੁੱਖ ਦੀਆਂ ਛਾਵਾਂ ਦੀ ਧਾਂਕ ਦੁਨੀਆਂ ਦੇ ਕੋਨੇ-ਕੋਨੇ ਤਕ ਪੁੱਜੀ, ਪਰ ਹੁਣ ਰੁੱਖ ਨੂੰ ਉਹਨਾਂ ਕੁਹਾੜਿਆਂ ਨੇ ਵੱਢਿਆ ਜਿਨ੍ਹਾਂ ਵਿੱਚ ਦਸਤੇ ਇਸ ਰੁੱਖ ਦੀ ਲੱਕੜੀ ਤੋਂ ਹੀ ਬਣੇ ਹੋਏ ਲੱਗੇ ਹੋਏ ਸਨ। ਇਨ੍ਹਾਂ ਆਪਣੀ ਲੱਕੜੀ ਤੋਂ ਬਣੇ ਦਸਤਿਆਂ ਵਾਲਿਆਂ ਕੁਹਾੜਿਆਂ ਦਾ ਕੰਮ ਅਜੇ ਵੀ ਜਾਰੀ ਹੈ। ਇਸ ਸਮੇਂ ਦੌਰਾਨ ਹੀ ਰੁੱਖ ਦੀਆਂ ਜੜ੍ਹਾਂ ‘ਤੇ ਵੀ ਹਮਲੇ ਕਰਨੇ ਸ਼ੁਰੂ ਕੀਤੇ ਗਏ, ਪਰ 500 ਸਾਲ ਤੋਂ ਉੱਪਰ ਦਾ ਸਮਾਂ ਦੌਰਾਨ ਰੁੱਖ ਨੇ ਆਪਣੀਆਂ ਜੜ੍ਹਾਂ ਹੋਰਨਾਂ ਖਿੱਤਿਆਂ ਅਤੇ ਸਮੁੰਦਰੋਂ ਪਾਰ ਤਕ ਪਹੁੰਚਾ ਦਿੱਤੀਆਂ ਹਨ। ਉਹਨਾਂ ਥਾਵਾਂ ਉੱਪਰ ਵੀ ਹੁਣ ਛੋਟੇ-ਛੋਟੇ ਰੁੱਖ ਨਿਕਲ ਆਏ ਹਨ ਜੋ ਭੂਗੋਲਿਕ ਤੌਰ ‘ਤੇ ਤਾਂ ਆਪਣੇ ਮੂਲ ਤੋਂ ਦੂਰ ਹਨ, ਪਰ ਜੜ੍ਹੋਂ ਰੁੱਖ ਨਾਲ ਹੀ ਜੁੜੇ ਹੋਏ ਹਨ।
ਇਸ ਘਣਛਾਵੇਂ ਰੁੱਖ ਨੂੰ ਹੁਣ ਬਹੁਤਾ ਖ਼ਤਰਾ ਇਸ ਦੇ ਅਖੌਤੀ ਰਾਖਿਆਂ ਤੋਂ ਹੀ ਬਣਿਆ ਹੋਇਆ ਹੈ। ਕਈ ਰਾਖੇ ਤਾਂ ਇਹ ਗੱਲ ਮੰਨਣ ਲਈ ਤਿਆਰ ਹੀ ਨਹੀਂ ਕਿ ਕਿਸੇ ਰੁੱਖ ਦੀਆਂ ਜੜ੍ਹਾਂ ਐਨੀਆਂ ਡੂੰਘੀਆਂ ਵੀ ਹੋ ਸਕਦੀਆਂ ਹਨ, ਸੋ ਉਹਨਾਂ ਮੂਰਖਾਂ ਨੇ ਇਸ ਦੀਆਂ ਜੜ੍ਹਾਂ ਫ਼ਰੋਲਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ … ਇਹ ਦੇਖਣ ਲਈ ਕਿ ਇਹ ਕਿੰਨੀਆਂ ਡੂੰਘੀਆਂ ਹਨ ਅਤੇ ਕਿੱਧਰ-ਕਿੱਧਰ ਨੂੰ ਜਾ ਰਹੀਆਂ ਹਨ! ਅੱਜਕੱਲ੍ਹ ਇਨ੍ਹਾਂ ਤਰਕ ਦੇ ਕਾਰਿੰਦਿਆਂ ਨੇ ਇਸ ਰੁੱਖ ਦੀਆਂ ਜੜ੍ਹਾਂ ਉੱਪਰ ਹੀ ਸਵਾਲ ਖੜ੍ਹੇ ਕਰਨੇ ਸ਼ੁਰੂ ਕੀਤੇ ਹੋਏ ਹਨ ਕਿ ਇਹ ਜੜ੍ਹਾਂ ਇਸ ਰੁੱਖ ਦੀਆਂ ਹਨ ਵੀ ਕਿ ਨਹੀਂ। ਜਿਹੜਾ ਕੰਮ ਦੁਸ਼ਮਣ ਨੇ ਨਹੀਂ ਸੀ ਕੀਤਾ, ਉਹ ਅਸੀਂ ਆਪ ਹੀ ਸ਼ੁਰੂ ਕਰ ਲਿਆ ਹੈ ਅਤੇ ਧਰਮ ਦੀ ਮਿੱਟੀ ਪੁੱਟ-ਪੁੱਟ ਕੇ ਜੜ੍ਹਾਂ ਦੇਖਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਸਾਨੂੰ ਗੁਰੂ ਸਾਹਿਬਾਨ ਅਤੇ ਰੁੱਖ ਦੇ ਰਾਖੇ ਸ਼ਹੀਦਾਂ ਉੱਪਰ ਅਤੇ ਉਹਨਾਂ ਦੇ ਬਚਨਾਂ ਉੱਪਰ ਸ਼ਾਇਦ ਭਰੋਸਾ ਹੀ ਨਹੀਂ ਰਿਹਾ? ਅਸੀਂ ਅਰਦਾਸ ਵਿੱਚ ਭਰੋਸਾਦਾਨ ਮੰਗਦੇ ਤਾਂ ਹਾਂ, ਪਰ ਜਦੋਂ ਸਾਨੂੰ ਗੁਰੂ ਪਾਸੋਂ ਮੰਗਣ ਵਿੱਚ ਹੀ ਭਰੋਸਾ ਨਹੀਂ ਰਿਹਾ ਤਾਂ ਫ਼ਿਰ ਇਹ ਮਿਲੂ ਕਿਵੇਂ? ਅਧਿਆਤਮਕ ਜੀਵਨ ਵਿੱਚ ਸਵਾਲਾਂ ਦੇ ਜਵਾਬ ਕਿਸੇ ਵਿਅਕਤੀ ਕੋਲੋਂ ਲੈਣ ਨਾਲ ਅਧਿਆਤਮਕ ਜੀਵਨ ਦਾ ਮਾਰਗ ਨਹੀਂ ਮਿਲਦਾ ਸਗੋਂ ਜੇਕਰ ਸਾਨੂੰ ਗੁਰੂਆਂ, ਭਗਤਾਂ ਅਤੇ ਸ਼ਹੀਦਾਂ ਦੇ ਬਚਨ ਸੁਣ ਕੇ, ਮੰਨ ਕੇ, ਉਨ੍ਹਾਂ ਉੱਪਰ ਚੱਲਣ ਨਾਲ ਆਪਣੇ ਅੰਦਰੋਂ ਹੀ ਸਵਾਲਾਂ ਦੇ ਜਵਾਬ ਮਿਲਣ ਲੱਗ ਪੈਣ ਤਾਂ ਹੀ ਸਾਨੂੰ ਆਤਮਕ ਜੀਵਨ ਦੀ ਸੋਝੀ ਅਤੇ ਅਰਦਾਸ ਵਿੱਚ ਮੰਗੇ ਜਾਂਦੇ ਦਾਨ ਪ੍ਰਾਪਤ ਹੁੰਦੇ ਹਨ।
ਇਹ ਗੱਲ ਸੱਚ ਹੈ ਕਿ ਰੁੱਖ ਦੀਆਂ ਜੜ੍ਹਾਂ ‘ਤੇ ਸਿਓਂਕ ਦਾ ਹਮਲਾ ਵੀ ਰਹਿੰਦਾ ਹੈ, ਪਰ ਸ਼ਹੀਦਾਂ ਦੀ ਰੱਤ ਨੇ ਇਸ ਸਿਓਂਕ ਨੂੰ ਕਦੇ ਕੋਈ ਨੁਕਸਾਨ ਨਹੀਂ ਪਹੁੰਚਣ ਦਿੱਤਾ। ਅੱਜ ਕੱਲ੍ਹ ਇਸ ਸਿਓਂਕ ਦਾ ਹਮਲਾ ਥੋੜ੍ਹਾ ਜ਼ਿਆਦਾ ਵੱਧ ਗਿਆ ਲਗਦਾ ਹੈ ਕਿਉਂਕਿ ਸ਼ਹੀਦੀ ਦਾ ਨਿਰਛਲ ਲਹੂ ਇਸ ਰੁੱਖ ਦੀਆਂ ਜੜ੍ਹਾਂ ਵਿੱਚ ਪਾਇਆਂ ਹੁਣ ਕੁਝ ਸਮਾਂ ਬੀਤ ਚੁੱਕਾ ਹੈ। ਸਾਡੇ ਇਸ ਰੁੱਖ ਦੀਆਂ ਜੜ੍ਹਾਂ ਕੀ ਹਨ? ਮੂਲ ਜੜ੍ਹ ਤਾਂ ਦਇਆ ਦੀ ਹੈ ਜਿਸ ਵਿੱਚੋਂ ਧਰਮ ਰੂਪੀ ਰੁੱਖ ਉਪਜਿਆ ਹੈ। ਇਸ ਦੇ ਨਾਲ ਹੀ ਸਤੁ, ਸੰਤੋਖ ਅਤੇ ਵਿਚਾਰ ਵੀ ਜੜ੍ਹਾਂ ਦਾ ਹੀ ਹਿੱਸਾ ਹਨ। ਜਪ, ਤਪ, ਹਠ ਅਤੇ ਸੰਜਮ ਵੀ ਸਾਡੀਆਂ ਜੜ੍ਹਾਂ ਹਨ। ਇਹਨਾਂ ਨੂੰ ਸੇਵਾ-ਸਿਮਰਨ ਅਤੇ ਗੁਰੂਆਂ ਦੇ ਬਚਨਾਂ ਤੇ ਗੁਰੂ ਉੱਪਰ ਭਰੋਸੇ ਦੀ ਸਦਾ ਆਬ ਮਿਲਦੀ ਰਹਿਣੀ ਚਾਹੀਦੀ ਹੈ ਜਿਸ ਵਿੱਚੋਂ ਤਿਆਗ, ਨਿਮਰਤਾ, ਸਹਿਜਤਾ ਅਤੇ ਨਿਰਛਲਤਾ ਉਪਜਦੀ ਹੈ। ਬਾਕੀ ਸਾਰਾ ਕੁਝ ਜਿਵੇਂ ਕਿ ਬਾਹਰੀ ਸਰੂਪ, ਸ਼ਰੀਰਕ ਸੁਡੌਲਤਾ, ਬਾਣਾ, ਜੁਝਾਰੂਪਨ, ਆਦਿ ਤਾਂ ਇਸ ਰੁੱਖ ਦੇ ਟਾਹਣੀਆਂ, ਪੱਤੇ, ਫੁੱਲ, ਫ਼ੱਲ, ਅਤਿਆਦਕ ਹਨ।
ਹਰੇਕ ਸਿੱਖ ਨੂੰ ਵੀ ਜੇ ਅਸੀਂ ਇੱਕ ਰੁੱਖ ਦੀ ਨਿਆਈਂ ਮੰਨੀਏ ਤਾਂ ਰੁੱਖ ਦੀ ਬਾਹਰੀ ਦਿੱਖ ਦੀ ਸੁੰਦਰਤਾ ਤਾਂ ਆਉਂਦੀ-ਜਾਂਦੀ ਰਹਿੰਦੀ ਹੈ, ਪਰ ਜਿੰਨਾ ਚਿਰ ਤਕ ਇਹ ਰੁੱਖ ਅਣਦਿਖਦੀਆਂ ਜੜ੍ਹਾਂ ਰੂਪੀ ਗੁਣਾਂ ਨਾਲ ਭਰਪੂਰ ਹੈ, ਇਸ ਰੁੱਖ ਨੂੰ ਕੋਈ ਨੁਕਸਾਨ ਨਹੀਂ। ਕਿਸੇ ਰੁੱਖ ਦੇ ਫ਼ੱਲ-ਫੁੱਲ-ਪੱਤੇ ਵੀ ਅੰਦਰੂਨੀ ਜੜ੍ਹਾਂ ਮੁਤਾਬਕ ਹੀ ਹੁੰਦੇ ਹਨ। ਸਾਡੀਆਂ ਜੜ੍ਹਾਂ ਜੇਕਰ ਦਇਆ, ਸਤੁ, ਸੰਤੋਖ, ਵਿਚਾਰ, ਜਪ, ਤਪ, ਹਠ, ਸੰਜਮ, ਸੇਵਾ-ਸਿਮਰਨ, ਗੁਰੂਆਂ ਦੇ ਬਚਨਾਂ ਉੱਪਰ ਭਰੋਸਾ, ਤਿਆਗ, ਨਿਮਰਤਾ ਸਹਿਜਤਾ, ਨਿਰਛਲਤਾ, ਆਦਿ ਸਦਗੁਣ ਹਨ ਤਾਂ ਹੀ ਸਾਡੇ ਫ਼ੱਲ-ਫੁੱਲ-ਪੱਤੇ ਤੇ ਟਾਹਣੀਆਂ ਲੋਕਾਈ ਨੂੰ ਛਾਂ ਦੇ ਸਕਣਗੇ ਅਤੇ ਅਸੀਂ ਸਰਬਤ ਦੇ ਭਲੇ ਲਈ ਸਹੀ ਕਾਰਜ ਕਰ ਸਕਾਂਗੇ।
ਅੱਜ ਲੋੜ ਹੈ ਕਿ ਅਸੀਂ ਆਪਣੇ ਆਪੇ ਨੂੰ ਸੰਕੋਚ ਕੇ, ਬਾਹਰੀ ਵਰਤਾਰੇ ਤੋਂ ਬਚਦੇ ਹੋਏ, ਆਪਣੀਆਂ ਜੜ੍ਹਾਂ ਵੱਲ ਨੂੰ ਮੁੜੀਏ ਜਿੱਥੇ ਸਾਡੇ ਲਈ ਪਿਓ-ਦਾਦੇ ਦਾ ਗੁਣਾਂ ਨਾਲ ਭਰਪੂਰ ਖ਼ਜ਼ਾਨਾ ਪਿਆ ਹੈ ਜੋ ਕਿ ਸਾਡੀ ਅਸਲ ਪੂੰਜੀ ਹੈ। ਉਸ ਤੋਂ ਬਿਨਾਂ ਹੋਰ ਦੁਨੀਆਵੀ ਮਾਇਆ, ਸ਼ੌਹਰਤ ਅਤੇ ਚੌਧਰਾਂ ਦੀ ਭੁੱਖ ਨਾਲ ਅਸੀਂ ਵਿਕਾਰਾਂ ਅਧੀਨ ਤ੍ਰਿਸ਼ਨਾ ਦੀ ਅੱਗ ਵਿੱਚ ਬਲ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਦੇ ਇਸ ਰੁੱਖ ਦੀ ਛਾਂ ਮਾਣੀਏ ਅਤੇ ਹੋਰਨਾਂ ਨੂੰ ਵੀ ਇਸ ਦੀ ਛਤਰ-ਛਾਇਆ ਵਿੱਚ ਲਿਆਈਏ। ਗੁਰੂ ਨਾਨਕ ਦੇ ਘਰ ਦੇ ਗੋਲਿਆਂ ਦਾ ਇਹ ਕੰਮ ਨਹੀਂ ਕਿ ਉਹ ਜੜ੍ਹਾਂ ਦੀ ਹੀ ਫ਼:ਰੋਲਾ-ਫਰਾਲੀ ਸ਼ੁਰੂ ਕਰ ਦੇਣ। ਉਹ ਜਿੱਥੇ ਕਿਤੇ ਵੀ ਹੋਣ ਉਨ੍ਹਾਂ ਜੜ੍ਹਾਂ ਦੀ ਰਾਖੀ ਲਈ ਉੱਥੇ ਹੀ ਆਪਣਾ ਆਪ ਗਵਾ ਕੇ ਇਹਨਾਂ ਜੜ੍ਹਾਂ ਦਾ ਬਣਨ ਤਾਂ ਜੋ ਜਲੰਦੇ ਜਗਤ ਨੂੰ ਰੱਖਿਆ ਜਾ ਸਕੇ।
ਆਓ! ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਦਗੁਣਾਂ ਦੀ ਬਖ਼ਸ਼ਿਸ ਕਰੇ ਤਾਂ ਜੋ ਅਸੀਂ ਆਪਣੇ ਆਪ ਨੂੰ ਪਛਾਣ ਕੇ ਗੂਰੂ ਨਾਨਕ ਪਾਤਸ਼ਾਹ ਦੇ ਇਸ ਰੁੱਖ ਦਾ ਅਨਿੱਖੜਵਾਂ ਅੰਗ ਬਣਨ ਦੇ ਕਾਬਲ ਹੋ ਸਕੀਏ।
-0-