ਹਰਿਆਣਾ ‘ਚ ਖੇਤੀ ਆਰਡੀਨੈਂਸ ਖ਼ਿਲਾਫ ਕਿਸਾਨਾਂ ਦਾ ਹੱਲਾ-ਬੋਲ, ਪੁਲਸ ਨੇ ਕੀਤਾ ਲਾਠੀਚਾਰਜ

Image Courtesy :jagbani(punjabkesar)

ਹਰਿਆਣਾ— ਹਰਿਆਣਾ ਦੇ ਕਿਸਾਨਾਂ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਖੇਤੀ ਆਰਡੀਨੈਂਸ ਖ਼ਿਲਾਫ਼ ਕੁਰੂਕਸ਼ੇਤਰ ‘ਚ ਮਹਾ ਅੰਦੋਲਨ ਛੇੜਿਆ। ਇਸ ਦੌਰਾਨ ਕਿਸਾਨਾਂ ਦੀ ਪੁਲਸ ਨਾਲ ਝੜਪ ਹੋਈ। ਹਰਿਆਣਾ ਦੇ ਕੁਰੂਕਸ਼ੇਤਰ ਦੇ ਪਿਪਲੀ ‘ਚ ਮਹਾ ਰੈਲੀ ‘ਚ ਸ਼ਾਮਲ ਹੋਣ ਜਾ ਰਹੇ ਕਿਸਾਨ ਜਦੋਂ ਬੈਰੀਅਰ ਤੋੜ ਕੇ ਰੈਲੀ ਵਾਲੀ ਥਾਂ ਵੱਲ ਜਾ ਰਹੇ ਸਨ ਤਾਂ ਪੁਲਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕੀਤਾ। ਕਿਸਾਨ ਲਾਡਵਾ ਕੁਰੂਕਸ਼ੇਤਰ ਮਾਰਗ ‘ਤੇ ਡਟੇ ਹੋਏ ਹਨ। ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਖੇਤੀ ‘ਤੇ ਆਧਾਰਿਤ ਤਿੰਨ ਆਰਡੀਨੈਂਸ ਲਾਗੂ ਕਰਨ ਤੋਂ ਬਾਅਦ ਆੜ੍ਹਤੀਆਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਰਿਸ਼ਤਾ ਖਤਮ ਹੋ ਜਾਵੇਗਾ, ਜਿਸ ਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਗੱਲ ਰੱਖਣ ਲਈ ਮਹਾਰੈਲੀ ‘ਚ ਜਾਣਾ ਸੀ ਪਰ ਪੁਲਸ ਨੇ ਅਜਿਹਾ ਨਹੀਂ ਹੋਣ ਦਿੱਤਾ।
ਓਧਰ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਸਿੰਘ ਨੇ ਦੱਸਿਆ ਕਿ ਮੰਡੀ ਪੂਰਨ ਰੂਪ ਨਾਲ ਬੰਦ ਕਰ ਕੇ ਆੜ੍ਹਤੀ, ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਮਹਾ ਰੈਲੀ ਕਰ ਰਹੇ ਹਾਂ ਪਰ ਜਿਵੇਂ ਹੀ ਅਸੀਂ ਪਿਪਲੀ ਲਈ ਕੂਚ ਕਰਨ ਲੱਗੇ ਤਾਂ ਪੁਲਸ ਨੇ ਜ਼ਬਰਨ ਉਨ੍ਹਾਂ ਨੂੰ ਰੋਕਿਆ, ਲਾਠੀਚਾਰਜ ਕੀਤਾ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੀ ਆੜ ਵਿਚ ਸਰਕਾਰ ਪ੍ਰਦੇਸ਼ ਦੀ ਜਨਤਾ ‘ਤੇ ਅੱਤਿਆਚਾਰ ਕਰ ਰਹੀ ਹੈ। ਮੰਡੀ ਪ੍ਰਧਾਨ ਨੇ ਕਿਹਾ ਕਿ ਲੋਕਤੰਤਰ ਵਿਚ ਸਾਰਿਆਂ ਨੂੰ ਆਪਣੇ ਹੱਕਾਂ ਦੀ ਆਵਾਜ਼ ਚੁੱਕਣ ਦਾ ਅਧਿਕਾਰ ਹੈ ਪਰ ਭਾਜਪਾ ਸਰਕਾਰ ਤਾਨਾਸ਼ਾਹ ਸਰਕਾਰ ਬਣ ਚੁੱਕੀ ਹੈ। ਕਿਸਾਨਾਂ ਨੂੰ ਪੁਲਸ ਵਲੋਂ ਰੈਲੀ ਵਿਚ ਜਾਣ ਤੋਂ ਜ਼ਬਰਦਸਤੀ ਰੋਕਿਆ ਗਿਆ।
News Credit :jagbani(punjabkesar)