ਧੋਨੀ ‘ਚ ਵੱਡੇ ਸ਼ੌਟ ਮਾਰਨ ਦੀ ਆਪਣੀ ਸਮਰਥਾ ਕਾਰਨ ਉੱਪਰਲੇ ਨੰਬਰ ‘ਤੇ ਉਤਾਰਿਆ – ਗਾਂਗੁਲੀ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਮੁਖੀ ਸੌਰਭ ਗਾਂਗੁਲੀ ਨੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਟੀਮ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵਿੱਚ ਵੱਡੇ ਸ਼ੌਟ ਮਾਰਨ ਦੀ ਸਮਰਥਾ ਹੈ, ਅਤੇ ਇਸ ਲਈ ਉਸ ਨੇ ਆਪਣੀ ਕਪਤਾਨੀ ਵਿੱਚ ਧੋਨੀ ਨੂੰ ਚੋਟੀਕ੍ਰਮ ‘ਚ ਖੇਡਣ ਲਈ ਉਤਾਰਿਆ ਸੀ। ਆਪਣੀ ਕਪਤਾਨੀ ‘ਚ ਟੀਮ ਨੂੰ ਦੋ ਵਾਰ ਵਿਸ਼ਵ ਕੱਪ ਜਿਤਾਉਣ ਵਾਲੇ ਧੋਨੀ ਨੇ 15 ਅਗਸਤ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ। ਗਾਂਗੁਲੀ ਨੇ ਕਿਹਾ ਕਿ ਧੋਨੀ ‘ਚ ਵੱਡੇ ਸ਼ੌਟ ਖੇਡਣ ਦੀ ਕਾਬਲੀਅਤ ਸੀ ਅਤੇ ਇਸ ਲਈ ਉਸ ਨੂੰ ਬੱਲੇਬਾਜ਼ੀ ਕ੍ਰਮ ‘ਚ ਉੱਪਰ ਲਿਆਉਣ ਅਤੇ ਆਜ਼ਾਦੀ ਨਾਲ ਆਪਣਾ ਖੇਡ ਖੇਡਣ ਦੇਣਾ ਜ਼ਰੂਰੀ ਸੀ।
ਗਾਂਗੁਲੀ ਨੇ ਦੱਸਿਆ ਕਿ ਉਸ ਨੇ 2005 ਵਿੱਚ ਚੈਲੰਜਰਜ਼ ਟਰਾਫ਼ੀ ਦੌਰਾਨ ਮੁੰਬਈ ਵਿੱਚ ਇੰਡੀਆ ਸੀਨੀਅਰ ਵਲੋਂ ਖੇਡਦੇ ਹੋਏ ਧੋਨੀ ਨੂੰ ਚੋਟੀਕ੍ਰਮ ‘ਚ ਖਿਡਾਉਣ ਦਾ ਫ਼ੈਸਲਾ ਲਿਆ ਸੀ ਅਤੇ ਧੋਨੀ ਨੇ ਇੰਡੀਆ-B ਵਿਰੁੱਧ ਉਸ ਮੁਕਾਬਲੇ ਵਿੱਚ 96 ਗੇਂਦਾਂ ‘ਤੇ ਅਜੇਤੂ 102 ਦੌੜਾਂ ਬਣਾਈਆਂ ਸਨ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਜ਼ਿਕਰਯੋਗ ਹੈ ਕਿ ਧੋਨੀ ਨੇ ਗਾਂਗੁਲੀ ਦੀ ਅਗਵਾਈ ‘ਚ ਹੀ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤਾ ਸੀ।
ਧੋਨੀ ਨੇ ਆਪਣੇ ਕਰੀਅਰ ‘ਚ 16 ਵਾਰ ਤੀਜੇ ਨੰਬਰ ‘ਤੇ ਖੇਡਣ ਉੱਤਰੇ ਤੇ ਇਸ ਸਥਾਨ ‘ਤੇ ਉਸ ਦਾ ਔਸਤ 82.75 ਦਾ ਰਿਹਾ। ਗਾਂਗੁਲੀ ਨੇ ਕਿਹਾ, ”ਜਦੋਂ ਮੈਂ ਸੰਨਿਆਸ ਲਿਆ ਤਾਂ ਮੈਂ ਕਈ ਵਾਰ ਆਪਣੇ ਵਿਚਾਰ ਰੱਖੇ ਕਿ ਧੋਨੀ ਨੂੰ ਉੱਪਰੀ ਕ੍ਰਮ ‘ਚ ਖੇਡਣਾ ਚਾਹੀਦਾ ਹੈ।