ਧੋਨੀ ਭਾਵਨਾਵਾਂ ‘ਚ ਵਹਿ ਕੇ ਫ਼ੈਸਲੇ ਨਹੀਂ ਸੀ ਲੈਂਦਾ – ਪੌਂਟਿੰਗ

Image Courtesy :jagbani(punjabkesar)

ਨਵੀਂ ਦਿੱਲੀ – ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੌਂਟਿੰਗ ਨੇ ਕਿਹਾ ਹੈ ਕਿ ਭਾਰਤ ਦਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕਪਤਾਨ ਦੇ ਤੌਰ ‘ਤੇ ਕਦੇ ਵੀ ਭਾਵਨਾਵਾਂ ‘ਚ ਵਹਿ ਕੇ ਫ਼ੈਸਲਾ ਨਹੀਂ ਲੈਂਦਾ ਸੀ। ਪੌਂਟਿੰਗ ਅਤੇ ਧੋਨੀ ਦੋਵੇਂ ਹੀ ਕਪਤਾਨਾਂ ਨੇ ਆਪਣੀਆਂ ਟੀਮਾਂ ਨੂੰ ਉਨ੍ਹਾਂ ਦੀ ਕਪਾਤਨੀ ਵਿੱਚ ਵਿਸ਼ਵ ਜੇਤੂ ਬਣਾਇਆ ਸੀ। ਧੋਨੀ ਨੇ ਭਾਰਤ ਨੂੰ ਆਪਣੀ ਕਪਤਾਨੀ ਵਿੱਚ 2007 T-20 ਵਿਸ਼ਵ ਕੱਪ ਤੇ 2011 ਵਿੱਚ ਵਨ ਡੇ ਵਿਸ਼ਵ ਕੱਪ ਦਾ ਖ਼ਿਤਾਬ ਜਿਤਾਇਆ ਸੀ ਜਦਕਿ 2013 ਵਿੱਚ ਚੈਂਪੀਅਨਜ਼ ਟਰਾਫ਼ੀ ਵੀ ਉਸ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਜਿੱਤੀ ਸੀ। ਪੌਂਟਿੰਗ ਅਤੇ ਧੋਨੀ ਨੇ ਇੱਕ ਦੂਜੇ ਵਿਰੁੱਧ 26 ਅੰਤਰਰਾਸ਼ਟਰੀ ਕ੍ਰਿਕਟ ਮੈਚ ਖੇਡੇ। ਇਸ ਤੋਂ ਇਲਾਵਾ ਪੌਂਟਿੰਗ ਪਹਿਲਾਂ ਮੁੰਬਈ ਇੰਡੀਅਨਜ਼ ਅਤੇ ਹੁਣ ਦਿੱਲੀ ਕੈਪੀਟਲਜ਼ ਟੀਮ ਦਾ ਕੋਚ ਹੈ। ਧੋਨੀ ਦੀ ਅਗਵਾਈ ਵਾਲੀ ਚੇਨੱਈ ਸੁਪਰ ਕਿੰਗਜ਼ ਵਿਰੁੱਧ ਉਨ੍ਹਾਂ ਨੇ ਕੋਚਿੰਗ ਕੀਤੀ ਹੈ।

ਪੌਂਟਿੰਗ ਨੇ ਕਿਹਾ, ”ਧੋਨੀ ਜਿਹੜੇ ਫ਼ੈਸਲੇ ਲੈਂਦਾ ਸੀ, ਉਹ ਇੱਕ ਚੰਗੇ ਕਪਤਾਨ ਦੀ ਨਿਸ਼ਾਨੀ ਹੁੰਦੇ ਸਨ ਅਤੇ ਸ਼ਲਾਘਾਯੋਗ ਵੀ, ਪਰ ਮੈਂ ਚਾਹ ਕੇ ਵੀ ਮੈਦਾਨ ‘ਤੇ ਆਪਣੀਆਂ ਭਾਵਨਾਵਾਂ ‘ਤੇ ਕੰਟਰੋਲ ਨਹੀਂ ਸੀ ਰੱਖ ਪਾਉਂਦਾ।” ਉਸ ਨੇ ਕਿਹਾ ਕਿ ਧੋਨੀ ਦੀ ਕਪਤਾਨੀ ‘ਚ ਭਾਰਤੀ ਟੀਮ ਅੱਗੇ ਵਧੀ ਹੈ। ਉਸ ਨੂੰ ਹਮੇਸ਼ਾ ਲੱਗਦਾ ਸੀ ਕਿ ਉਹ ਆਪਣੇ ਖਿਡਾਰੀਆਂ ਨਾਲ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਵਾਉਣ ‘ਚ ਸਫ਼ਲ ਹੋਵੇਗਾ।