
ਪੰਜਾਬੀ ਫ਼ਿਲਮ ਅਤੇ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਅਦਾਕਾਰ ਦਿਲਪ੍ਰੀਤ ਢਿੱਲੋਂ ਇਸ ਹਫ਼ਤੇ ਆਪਣਾ 29ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਰ ਇਨਸਾਨ ਆਪਣੇ ਇਸ ਖ਼ਾਸ ਦਿਨ ‘ਤੇ ਬੇਹੱਦ ਖ਼ੁਸ਼ ਹੁੰਦਾ ਹੈ, ਪਰ ਦਿਲਪ੍ਰੀਤ ਢਿੱਲੋਂ ਆਪਣੇ ਬਰਥਡੇਅ ਨੂੰ ਲੈ ਕੇ ਬਿਲਕੁਲ ਖ਼ੁਸ਼ ਨਹੀਂ, ਅਤੇ ਉਹ ਆਪਣੇ-ਆਪ ‘ਚ ਇਕੱਲਾ ਮਹਿਸੂਸ ਕਰ ਰਹੇ ਹਨ। ਹਾਲ ਹੀ ‘ਚ ਦਿਲਪ੍ਰੀਤ ਢਿੱਲੋਂ ਨੇ ਆਪਣੇ ਇਨਸਟਾਗ੍ਰੈਮ ਅਕਾਊਂਟ ਦੀ ਸਟੋਰੀ ‘ਚ ਲਿਖਿਆ, ”ਇਹ ਪਹਿਲਾ ਜਨਮਦਿਨ ਹੈ ਜਿਸ ਦੀ ਮੈਨੂੰ ਖ਼ੁਸ਼ੀ ਨਹੀਂ … 29 ਸਾਲਾਂ ਦੀ ਉਮਰ ‘ਚ ਜਿੰਨਾ ਕੁੱਝ ਮੈਂ ਦੇਖਿਆ ਅਤੇ ਸਹਿ ਗਿਆ ਉਹ ਮੇਰਾ ਰੱਬ ਹੀ ਜਾਣਦਾ ਹੈ।” ਦੂਜੀ ਸਟੋਰੀ ‘ਚ ਦਿਲਪ੍ਰੀਤ ਢਿੱਲੋਂ ਨੇ ਲਿਖਿਆ ਹੈ, ”ਮੈਨੂੰ ਇਕੱਲਾਪਣ ਮਹਿਸੂਸ ਹੋ ਰਿਹਾ ਹੈ।”
ਦੱਸ ਦਈਏ ਕਿ ਦਿਲਪ੍ਰੀਤ ਢਿੱਲੋਂ ਅਤੇ ਅੰਬਰ ਧਾਲੀਵਾਲ ਦੇ ਰਿਸ਼ਤੇ ‘ਚ ਕਾਫ਼ੀ ਉਤਰਾਅ ਚੜ੍ਹਾਅ ਆਏ। ਦੋਹਾਂ ਨੇ ਲਾਈਵ ਹੋ ਕੇ ਇੱਕ-ਦੂਜੇ ‘ਤੇ ਕਾਫ਼ੀ ਇਲਜ਼ਾਮ ਲਗਾਏ ਸਨ ਜਿਸ ਕਰਕੇ ਉਹ ਸੁਰਖ਼ੀਆਂ ‘ਚ ਬਣੇ ਹੋਏ ਸਨ। ਫ਼ਿਲਹਾਲ ਅੰਬਰ ਆਪਣੇ ਮਾਤਾ-ਪਿਤਾ ਕੋਲ ਰਹਿ ਰਹੀ ਹੈ। ਜੇ ਗੱਲ ਕਰੀਏ ਦਿਲਪ੍ਰੀਤ ਢਿੱਲੋਂ ਦੇ ਵਰਕ ਫ਼ਰੰਟ ਦੀ ਤਾਂ ਉਸ ਨੇ ਮੁੜ ਤੋਂ ਗਾਇਕੀ ਵੱਲ ਰੁਖ ਕੀਤਾ ਹੈ। ਹੁਣ ਉਹ ਬੈਕ ਟੂ ਬੈਕ ਗੀਤਾਂ ਨਾਲ ਦਰਸ਼ਕਾਂ ਦੇ ਸਨਮੁਖ ਹੋ ਰਿਹੈ। ਇਸ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਜੱਦੀ ਸਰਦਾਰ, ਮੇਰਾ ਵਿਆਹ ਕਰਾਦੋ ਸਮੇਤ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੈ।
ਦੱਸਣਯੋਗ ਹੈ ਕਿ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਸਾਲ 2018 ‘ਚ ਵਿਆਹ ਦੇ ਪਵਿੱਤਰ ਰਿਸ਼ਤੇ ‘ਚ ਬੱਝੇ ਸਨ। ਉਨ੍ਹਾਂ ਦੇ ਵਿਆਹ ‘ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ, ਰੇਸ਼ਮ ਸਿੰਘ ਅਨਮੋਲ, ਗੋਲਡੀ ਤੇ ਸੱਤੇ, ਕਰਨ ਔਜਲਾ ਵਰਗੇ ਨਾਮੀ ਗਾਇਕਾਂ ਨੇ ਖ਼ੂਬ ਰੌਣਕਾਂ ਲਗਾਈਆਂ ਸਨ.












