
ਜਦੋਂ ਬੌਲੀਵੁਡ ਦੇ 90 ਦੇ ਦਹਾਕੇ ਨੂੰ ਯਾਦ ਕੀਤਾ ਜਾਂਦਾ ਹੈ ਤਾਂ ਅਦਾਕਾਰਾ ਰਵੀਨਾ ਟੰਡਨ ਦਾ ਨਾਮ ਜ਼ਰੂਰ ਆਉਂਦਾ ਹੈ। ਕੌਮੇਡੀ, ਰੋਮੈਂਸ ਤੋਂ ਲੈ ਕੇ ਡਰਾਮੇ ਤਕ, ਰਵੀਨਾ ਨੇ ਆਪਣੇ ਹਰ ਅੰਦਾਜ਼ ‘ਚ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਆਪਣੇ ਬੱਬਲੀ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਰਵੀਨਾ ਟੰਡਨ ਦਾ ਫ਼ਿਲਮ ਉਦਯੋਗ ‘ਚ ਸੁਪਰਸਟਾਰ ਬਣਨਾ ਆਸਾਨ ਨਹੀਂ ਸੀ। ਇਸ ਗੱਲ ਦਾ ਖ਼ੁਲਾਸਾ ਉਨ੍ਹਾਂ ਖ਼ੁਦ ਕੀਤਾ। ਉਨ੍ਹਾਂ ਦੱਸਿਆ ਕਿ ਇਹ ਮੁਸ਼ਕਿਲਾਂ ਇਸ ਲਈ ਹੋਈਆਂ ਕਿਉਂਕਿ ਉਹ ਭੂਮਿਕਾ (ਰੋਲ) ਪ੍ਰਾਪਤ ਕਰਨ ਲਈ ਕਿਸੇ ਹੀਰੋ ਨਾਲ ਨਹੀਂ ਸੁੱਤੀ।
ਆਪਣੀ ਇੱਕ ਤਾਜ਼ਾ ਇੰਟਰਵਿਊ ‘ਚ ਰਵੀਨਾ ਟੰਡਨ ਨੇ ਫ਼ਿਲਮ ਉਦਯੋਗ ‘ਚ ਹੀਰੋ ਦੇ ਕਾਰਨਾਮੇ ਦੇ ਨਾਲ-ਨਾਲ ਉਸ ਸਮੇਂ ਦੀ ਪੱਤਰਕਾਰੀ ਬਾਰੇ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਦੱਸੀਆਂ। ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਬਾਰੇ ਗੱਲ ਕਰਦਿਆਂ ਰਵੀਨਾ ਟੰਡਨ ਨੇ ਕਿਹਾ, ”ਉਸ ਦੌਰ ‘ਚ ਗੁਪਤ ਕੈਂਪ ਹੁੰਦੇ ਸਨ ਜਿਸ ‘ਚ ਹੀਰੋ ਉਨ੍ਹਾਂ ਦੀਆਂ ਪ੍ਰੇਮਿਕਾਵਾਂ ਅਤੇ ਉਨ੍ਹਾਂ ਦੇ ਪੱਤਰਕਾਰ ਚਮਚੇ ਹੁੰਦੇ ਸਨ। ਉਨ੍ਹਾਂ ਕਿਹਾ ਕਿ ਮੈਂ ਇਹ ਦੇਖ ਕੇ ਹੈਰਾਨ ਸੀ ਕਿ ਬਹੁਤ ਸਾਰੀਆਂ ਮਹਿਲਾ ਪੱਤਰਕਾਰ ਵੀ ਇੱਕ ਐਕਟ੍ਰਸ ਨਾਲ ਅਜਿਹਾ ਕਰ ਸਕਦੀਆਂ ਹਨ। ਉਹ ਮਹਿਲਾ ਫ਼ਿਲਮੀ ਪੱਤਰਕਾਰ ਜੋ ਅੱਜ ਕਹਿੰਦੀਆਂ ਹਨ ਕਿ ਉਹ ਨਾਰੀਵਾਦੀ ਹਨ ਅਤੇ ਕਾਲਮ ਲਿਖਦੀਆਂ ਹਨ, ਉਸ ਸਮੇਂ ਉਨ੍ਹਾਂ ‘ਚੋਂ ਕਿਸੇ ਨੇ ਵੀ ਮੇਰਾ ਸਮਰਥਨ ਨਹੀਂ ਕੀਤਾ ਕਿਉਂਕਿ ਕਿਸੇ ਹੀਰੋ ਨੇ ਉਨ੍ਹਾਂ ਦੀ ਮੈਗਜ਼ੀਨ ਦੇ ਕਵਰ ਨੂੰ ਲੈ ਕੇ ਵਾਅਦਾ ਕੀਤਾ ਸੀ। ਮੈਂ ਆਪਣੀ ਈਮਾਨਦਾਰੀ ਕਾਰਨ ਫ਼ਿਲਮਾਂ ਨਾ ਗੁਆਈਆਂ, ਪਰ ਮੇਰੇ ਨਾਮ ‘ਤੇ ਬਹੁਤ ਸਾਰਾ ਚਿੱਕੜ ਸੁੱਟਿਆ ਗਿਆ। ਮੈਂ ਕਦੇ ਕਿਸੇ ਨਾਲ ਮਾੜਾ ਵਿਵਹਾਰ ਨਹੀਂ ਕੀਤਾ।”
ਰਵੀਨਾ ਨੇ ਅੱਗੇ ਕਿਹਾ, ”ਮੇਰਾ ਕੋਈ ਗੌਡਫ਼ਾਦਰ ਨਹੀਂ ਸੀ। ਮੈਂ ਕਿਸੇ ਕੈਂਪ ਦਾ ਹਿੱਸਾ ਵੀ ਨਹੀਂ ਸੀ। ਮੈਂ ਕਿਸੇ ਵੀ ਹੀਰੋ ਨਾਲ ਰੋਲ ਲਈ ਨਹੀਂ ਸੁੱਤੀ ਸੀ ਅਤੇ ਨਾ ਹੀ ਮੇਰਾ ਉਨ੍ਹਾਂ ਨਾਲ ਕੋਈ ਸੰਬੰਧ ਸੀ। ਕਈ ਵਾਰ ਮੈਨੂੰ ਹੰਕਾਰੀ ਕਿਹਾ ਜਾਂਦਾ ਸੀ ਕਿਉਂਕਿ ਮੈਂ ਉਹ ਨਹੀਂ ਕਰ ਰਹੀ ਸੀ ਜੋ ਹੀਰੋ ਮੇਰੇ ਤੋਂ ਕਰਵਾਉਣਾ ਚਾਹੁੰਦਾ ਸੀ। ਜਦੋਂ ਉਹ ਕਹੇ ਹੱਸੋ ਤਾਂ ਹੱਸੋ, ਜਦੋਂ ਉਹ ਕਹੋ ਬੈਠੋ ਤਾਂ ਤੁਸੀਂ ਬੈਠ ਜਾਓ। ਮੈਂ ਬੱਸ ਆਪਣਾ ਕੰਮ ਕਰ ਰਹੀ ਸੀ। ਮੈਂ ਆਪਣੀਆਂ ਸ਼ਰਤਾਂ ‘ਤੇ ਜੀਅ ਰਹੀ ਸੀ, ਇਸ ਲਈ ਬਹੁਤ ਸਾਰੀਆਂ ਫ਼ੀਮੇਲ ਪੱਤਰਕਾਰਾਂ ਨੇ ਵੀ ਮੇਰਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ।”












