
ਇਥੋਂ ਦੀ ਪੁਲੀਸ ਨੇ ਸੋਸ਼ਲ ਮੀਡੀਆ ‘ਤੇ ਫ਼ੇਕ ਲਾਈਕਸ, ਵਿਊਜ਼ ਅਤੇ ਫ਼ਾਲੋਅਰਜ਼ ਮੁਹੱਈਆ ਕਰਵਾਉਣ ਵਾਲੀ ਕੰਪਨੀ ਦੇ ਹੈੱਡ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸੇ ਕੇਸ ‘ਚ ਰੈਪਰ ਬਾਦਸ਼ਾਹ ਤੋਂ ਪਿਛਲੇ ਦਿਨੀਂ ਪੁੱਛਗਿੱਛ ਕੀਤੀ ਗਈ ਸੀ। ਬਾਦਸ਼ਾਹ ‘ਤੇ ਆਪਣੇ ਗਾਣਿਆਂ ਦੇ ਵਿਊਜ਼ ਵਧਾਉਣ ਦੇ ਇਲਜ਼ਾਮ ਲੱਗੇ ਅਤੇ ਕਿਹਾ ਗਿਆ ਕਿ ਬਾਦਸ਼ਾਹ ਨੇ ਇੱਕ ਕੰਪਨੀ ਨੂੰ 72 ਲੱਖ ਰੁਪਏ ਫ਼ੇਕ ਵਿਊਜ਼ ਕਰਵਾਉਣ ਲਈ ਦਿੱਤੇ, ਪਰ ਬਾਦਸ਼ਾਹ ਨੇ ਇਨ੍ਹਾਂ ਸਭ ਇਲਜ਼ਾਮਾਂ ਦਾ ਖੰਡਨ ਕੀਤਾ।
ਅਜਿਹੀ ਹਾਲਤ ‘ਚ ਹੁਣ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟਸ ‘ਤੇ ਇੱਕ ਪੋਸਟ ਅਪਲੋਡ ਕੀਤੀ ਹੈ। ਇਸ ਪੋਸਟ ਨਾਲ ਮੀਕਾ ਸਿੰਘ ਨੇ ਉਨ੍ਹਾਂ ਸਿਤਾਰਿਆਂ ਨੂੰ ਨਿਸ਼ਾਨਾ ਬਣਾਇਆ ਹੈ ਜੋ ਆਪਣੀਆਂ ਸੋਸ਼ਲ ਮੀਡੀਆ ਪੋਸਟਸ ਦੇ ਲਾਈਕਸ ਅਤੇ ਵਿਊਜ਼ ਨੂੰ ਵਧਾਉਣ ਲਈ ਪੈਸੇ ਖ਼ਰਚਦੇ ਹਨ। ਆਪਣੀ ਇਨਸਟਾਗ੍ਰੈਮ ਪੋਸਟ ‘ਚ ਮੀਕਾ ਨੇ ਆਪਣੀਆਂ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ।
ਆਪਣੀ ਪੋਸਟ ‘ਚ ਮੀਕਾ ਸਿੰਘ ਲਿਖਦੇ ਹਨ, ”ਮੈਂ ਸੁਣਿਆ ਹੈ ਕਿ ਬਹੁਤ ਸਾਰੇ ਅਦਾਕਾਰ ਅਤੇ ਗਾਇਕ ਯੂਟਿਊਬ ਅਤੇ ਇਨਸਟਾਗ੍ਰੈਮ ‘ਤੇ ਫ਼ੇਕ ਵਿਊਜ਼ ਲਈ ਪੈਸੇ ਖ਼ਰਚ ਕਰ ਰਹੇ ਹਨ। ਮੈਂ ਬਹੁਤ ਮੂਰਖ ਹਾਂ ਮੈਂ ਤਾਂ 50 ਤੋਂ ਵੱਧ ਘਰ ਖ਼ਰੀਦਣ ਲਈ ਹਮੇਸ਼ਾ ਜਾਇਦਾਦ ‘ਚ ਇਨਵੈਸਟ ਕੀਤੈ। ਆਪਣੀ ਕਮਾਈ ਦਾ 10 ਫ਼ੀਸਦੀ ਹਿੱਸਾ ਦਾਨ ਕੀਤੈ। ਸ਼ਾਇਦ ਮੈਨੂੰ ਵੀ ਫ਼ੇਕ ਵਿਊਜ਼ ਖ਼ਰੀਦਣੇ ਚਾਹੀਦੇ ਸਨ, ਫ਼ਿਰ ਮੇਰੇ ਵੀ ਰਿਕਾਰਡ ਬਣਨੇ ਸਨ। ਹਾਏ ਮੈਂ ਸਭ ਤੋਂ ਪਿੱਛੇ ਰਹਿ ਗਿਆ।”












