ਬੌਲੀਵੁੱਡ ਫ਼ਿਲਮ ‘ਇੰਗਲਿਸ਼-ਵਿੰਗਲਿਸ਼’ ਤੋਂ ਮਸ਼ਹੂਰ ਹੋਈ ਨਿਰਦੇਸ਼ਕ ਗੌਰੀ ਸ਼ਿੰਦੇ ਦੀ ਫ਼ਿਲਮ ‘ਚ ਆਲੀਆ ਮੁਖ ਭੂਮਿਕਾ ‘ਚ ਨਜ਼ਰ ਆਵੇਗੀ। ਆਲੀਆ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਜਿੱਥੇ ਇਸ ਪਾਸੇ ਸਿਤਾਰਿਆਂ ਲਈ ਪ੍ਰਸ਼ੰਸਕਾਂ ਦੀ ਮੌਜੂਦਗੀ ਮਾਣ ਦੀ ਗੱਲ ਸਮਝੀ ਜਾਂਦੀ ਹੈ ਉਥੇ ਦੂਜੇ ਪਾਸੇ ਆਲੀਆ ਦੇ ਇਕ ਪ੍ਰਸ਼ੰਸਕ ਨੂੰ ਉਨ੍ਹਾਂ ਦਾ ਪ੍ਰਸ਼ੰਸਕ ਹੋਣਾ ਮਹਿੰਗਾ ਪੈ ਗਿਆ। ਮੀਡੀਆ ਦੀ ਖ਼ਬਰ ਅਨੁਸਾਰ ਫ਼ਿਲਮ ਦੇ ਸੈੱਟ ‘ਤੇ ਇਕ ਗਾਰਡ ਆਲੀਆ ਦੀ ਤਸਵੀਰ ਕਲਿੱਕ ਕਰ ਰਿਹਾ ਸੀ ਅਤੇ ਇਸ ਹਰਕਤ ਤੋਂ ਨਿਰਦੇਸ਼ਕ ਗੌਰੀ ਸ਼ਿੰਦੇ ਨੇ ਪਹਿਲਾਂ ਉਸ ਨੂੰ ਝਿੜਕਿਆਂ ਫ਼ਿਰ ਨੌਕਰੀ ਤੋਂ ਕੱਢ ਦਿੱਤਾ। ਇਸ ਵਤੀਰੇ ਤੋਂ ਫ਼ਿਲਮ ਦੀ ਪੂਰੀ ਯੂਨਿਟ ਕਾਫ਼ੀ ਹੈਰਾਨ ਸੀ, ਕਿਉਂਕਿ ਉਨ੍ਹਾਂ ਅਨੁਸਾਰ ਗਾਰਡ ਨੇ ਸਿਰਫ਼ ਇਕ ਤਸਵੀਰ ਹੀ ਲਈ ਸੀ, ਜੋ ਕਿ ਇੰਨੀ ਵੀ ਵੱਡੀ ਗੱਲ ਨਹੀਂ ਹੈ।
ਜਾਣਕਾਰੀ ਅਨੁਸਾਰ ਗਾਰਡ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਹ ਬਿਨ੍ਹਾਂ ਕਿਸੇ ਦੀ ਮਨਜ਼ੂਰੀ ਤੋਂ ਆਲੀਆ ਦੀ ਤਸਵੀਰ ਲੈ ਰਿਹਾ ਸੀ। ਗੌਰੀ ਨੂੰ ਇਸ ਗੱਲ ਦਾ ਇੰਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਉਸੇ ਸਮੇਂ ਹੀ ਗਾਰਡ ਨੂੰ ਸੈੱਟ ਛੱਡ ਕੇ ਜਾਣ ਨੂੰ ਕਹਿ ਦਿੱਤਾ।
ਜ਼ਿਕਰਯੋਗ ਹੈ ਕਿ ਗੌਰੀ ਸ਼ਿੰਦੇ ਦੀ ਇਸ ਫ਼ਿਲਮ ਦੀ ਸ਼ੂਟਿੰਗ ਗੋਆ ‘ਚ ਹੋ ਰਹੀ ਹੈ ਅਤੇ ਇਸ ਫ਼ਿਲਮ ‘ਚ ਆਲੀਆ ਮੁਖ ਭੂਮਿਕਾ ਨਿਭਾਅ ਰਹੀ ਹੈ। ਉਨ੍ਹਾਂ ਤੋਂ ਇਲਾਵਾ ਸ਼ਾਹਰੁਖ ਖਾਨ ਇਸ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਅ ਰਹੇ ਹਨ। ਖ਼ਬਰਾਂ ਅਨੁਸਾਰ ਸ਼ਾਹਰੁਖ ਖਾਨ ਇਸ ਫ਼ਿਲਮ ‘ਚ ਆਲੀਆ ਦੇ ‘ਲਵ ਗੁਰੂ’ ਬਣੇ ਹਨ।











