
ਨਵੀਂ ਦਿੱਲੀ – ਪਾਕਿਸਤਾਨ ਦਾ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਇਆ ਗਿਆ ਸੀ, ਪਰ ਉਸ ਨੇ ਇਸ ਤੋਂ ਬਚਾਅ ਦੇ ਤੌਰ ‘ਤੇ ਕੁੱਝ ਜ਼ਿਆਦਾ ਨਹੀਂ ਕੀਤਾ। ਇਹ ਜਾਣਕਾਰੀ ਉਸ ਨੇ ਖ਼ੁਦ ਇੱਕ TV ਚੈਨਲ ਨੂੰ ਇੰਟਰਵਿਊ ‘ਚ ਦਿੱਤੀ। ਅਫ਼ਰੀਦੀ ਨੇ ਜੀਓ ਸੁਪਰ ‘ਤੇ ਕਿਹਾ ਕਿ ਜਦੋਂ ਉਸ ਨੂੰ ਖ਼ੁਦ ਕੋਰੋਨਾ ਪੌਜ਼ੇਟਿਵ ਹੋਣ ਦਾ ਪਤਾ ਲੱਗਾ ਤਾਂ ਉਹ ਮੁਸ਼ਕਿਲ ਨਾਲ 2-3 ਦਿਨ ਹੀ ਕੁਐਰਨਟੀਨ ‘ਚ ਰਿਹਾ।
ਜਦੋਂ ਅਫ਼ਰੀਦੀ ਤੋਂ ਪੁੱਛਿਆ ਗਿਆ ਕਿ ਕੋਰੋਨਾਵਾਇਰਸ ਪੌਜ਼ੇਟਿਵ ਹੋਣ ਤੋਂ ਬਾਅਦ ਉਸ ਨੇ ਬਚਾਅ ਦੇ ਤੌਰ ‘ਤੇ ਕੀ ਕੀਤਾ ਤਾਂ ਸਾਬਕਾ ਆਲਰਾਊਂਡਰ ਨੇ ਕਿਹਾ ਕਿ ਉਸ ਨੇ ਖ਼ੁਦ ਨੂੰ ਕਿਸੇ ਆਈਸੋਲੇਸ਼ਨ ‘ਚ ਨਹੀਂ ਰੱਖਿਆ, ਅਤੇ ਸਿਵਾਏ ਦੋ-ਤਿੰਨ ਦਿਨਾਂ ਲਈ ਕੁਐਰਨਟੀਨ ‘ਚ ਰਹਿਣ ਮਗਰੋਂ ਉਹ ਆਪਣੇ ਕਮਰੇ ‘ਚੋਂ ਬਾਹਰ ਆ ਗਿਆ। ”ਮੈਨੂੰ ਪਤਾ ਸੀ ਕਿ ਜੇਕਰ ਮੈਂ ਆਰਾਮ ਕਰਨਾ ਜਾਰੀ ਰੱਖਾਂ ਤਾਂ ਇਹ ਮੇਰੇ ਲਈ ਮੁਸ਼ਕਿਲ ਹੋਵੇਗਾ,” 40 ਸਾਲਾ ਅਫ਼ਰੀਦੀ ਨੇ ਕਿਹਾ। ”ਫ਼ਿਰ ਮੈਂ ਆਪਣੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ। ਪਹਿਲੇ ਦੋ ਦਿਨਾਂ ਦੌਰਾਨ ਮੈਨੂੰ ਬਹੁਤ ਭੁੱਖ ਲੱਗਦੀ ਸੀ, ਅਤੇ ਇਸ ਦੌਰਾਨ ਉਹ ਖ਼ੁਦ ਦਾ ਡਾਕਟਰ ਹੀ ਬਣ ਗਿਆ। ਅਫ਼ਰੀਦੀ ਨੇ 13 ਜੂਨ ਨੂੰ ਆਪਣੇ ਟਵਿਟਰ ਐਕਾਊਂਟ ‘ਤੇ ਦੱਸਿਆ ਕਿ ਉਹ ਇਸ ਵਾਇਰਸ ਤੋਂ ਪੀੜਤ ਹੈ।












