ਮੁਖਤਿਆਰੇ ਮੈਂਬਰ ਨੂੰ ਸੱਥ ਵਿੱਚ ਆਉਂਦਿਆਂ ਹੀ ਸ਼ਾਹੂ ਪੱਤੀ ਆਲੇ ਸੁਰਜਨ ਬੁੜ੍ਹੇ ਨੇ ਪੁੱਛਿਆ, ”ਬਿੰਬਰਾ! ਪਰਸੋਂ ਕੀ ਅੰਗਿਆਰ ਡਿੱਗ ਪਿਆ ਪਚੈਤ ‘ਚ ਬਈ। ਕਹਿੰਦੇ ਬੋਹੜ ਆਲੀ ਧਰਮਸਾਲਾ ‘ਚ ਪਚੈਤ ਦੇ ‘ਕੱਠ ‘ਚ ਕੋਈ ਗਾਲੀ ਗਲੋਚ ਹੋ ਵੀ ਗਿਆ ਕੁ ਊਈਂ ਪੱਦੀ ਪੀਂਘਾਂ ਪਾ ‘ਤੀਆਂ ਲੋਕਾਂ ਨੇ?”
ਮੁਖਤਿਆਰਾ ਮੈਂਬਰ ਕਹਿੰਦਾ, ”ਮੈਂ ਤਾਂ ਤਾਊ ਪੰਜਾਂ ਦਿਨਾਂ ਪਿੱਛੋਂ ਰਾਤ ਈ ਲਾਮ੍ਹੋਂ ਆਇਆਂ। ਸਾਡੀ ਦੋਹਤੀ ਦਾ ਵਿਆਹ ਸੀ ਓੱਥੇ ਗਿਆ ਵਿਆ ਸੀ। ਮੈਨੂੰ ਵੀ ਘਰੇ ਆਏ ਨੂੰ ਪਤਾ ਲੱਗਿਆ ਕਹਿੰਦੇ ਸਰਪੰਚ ਨੇ ਕਿਸੇ ਨੂੰ ਕੁਸ ਕਹਿ ਕੂਹ ਦਿੱਤਾ। ਬਾਕੀ ਫ਼ੇਰ ਦੇਖ ਲਾ ਗੱਲ ਦਾ ਹਜੇ ਅਸਲ ਪਤਾ ਲੱਗੂਗਾ ਬਈ ਹੋਇਆ ਕੀ ਐ?”
ਬੁੱਘਰ ਦਖਾਣ ਨੇ ਮੈਂਬਰ ਨੂੰ ਪੁੱਛਿਆ, ”ਇਹ ‘ਕੱਠ ਕੀਤਾ ਕਾਹਦਾ ਸੀ ਬਿੰਬਰਾ ਪਿੰਡ ਆਲਿਆਂ ਨੇ?”
ਨਾਥਾ ਅਮਲੀ ਕਹਿੰਦਾ, ”ਪਿੰਡ ਆਲਿਆਂ ਨੇ ਤਾਂ ਨ੍ਹੀ ਕੀਤਾ ਸੀ ‘ਕੱਠ। ‘ਕੱਠ ਤਾਂ ਪਚੈਤ ਆਲਿਆਂ ਨੇ ਕੀਤਾ ਸੀ। ਨਾਲੇ ‘ਕੱਠ ਕਿਤੇ ਇਹੋ ਜਾ ਹੁੰਦਾ। ‘ਕੱਠ ਤਾਂ ਸਿਆਣੇ ਬੰਦਿਆਂ ਦਾ ਹੁੰਦਾ। ਇਹ ਤਾਂ ਓੱਥੇ ਪਿੰਡ ਦੀ ਸਾਰੀ ਡੱਡ ਭੂਕੜੀ ਕੱਠੀ ਕਰ ਕੇ ਬਹਿ ਗੇ ਜਿਮੇਂ ਗਾਹਾਂ ਕਿਤੇ ਚੌਲ ਖਵਾਉਣੇ ਹੁੰਦੇ ਐ।”
ਬਾਬੇ ਵਰਿਆਮ ਸਿਉਂ ਨੇ ਅਮਲੀ ਨੂੰ ਹੱਸ ਕੇ ਪੁੱਛਿਆ, ”ਅਮਲੀਆ ਆਹ ਡੱਡ ਭੂਕੜੀ ਕੀ ਹੁੰਦੀ ਐ ਓਏ?”
ਨਾਥਾ ਅਮਲੀ ਬਾਬੇ ਨੂੰ ਹੈਰਾਨੀ ਨਾਲ ਬੋਲਿਆ, ”ਤੈਨੂੰ ਡੱਡ ਭੂਕੜੀ ਦਾ ਨ੍ਹੀ ਪਤਾ ਬਾਬਾ? ਆਹ ਲਘੜ ਦੁਘੜ ਨੂੰ ਡੱਡ ਭੂਕੜੀ ਕਹਿੰਦੇ ਐ। ਜਿਹੜੇ ਤਿੰਨਾਂ ‘ਚ ਨ੍ਹੀ ਤੇਹਰਾਂ ‘ਚ ਨ੍ਹੀ ਓੱਥੇ ਧਰਮਸਾਲਾ ‘ਚ ਇਉਂ ਸੱਦ ਲੇ ਸਾਰੇ ਜਿਮੇਂ ਗਾਹਾਂ ਰੋਪਣਾ ‘ਤੇ ਰਪੀਆ ਫ਼ੜਨਾ ਹੁੰਦਾ।”
ਸੀਤਾ ਮਰਾਸੀ ਕਹਿੰਦਾ, ”ਹੁਣ ਲਘੜ ਦੁਘੜ ਵੀ ਦੱਸਦੇ ਅਮਲੀਆ ਕੀ ਹੁੰਦੀ ਐ?”
ਨਾਥਾ ਅਮਲੀ ਸੀਤੇ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਵੀ ਇਉਂ ਹਰਖ ਕੇ ਪੈ ਗਿਆ ਜਿਮੇਂ ਰੇੜ੍ਹੀ ‘ਤੇ ਪਏ ਅਮਰੂਦਾਂ ਨੂੰ ਮੂੰਹ ਮਾਰੇ ਤੋਂ ਰੇੜ੍ਹੀ ਆਲਾ ਗਧੇ ਨੂੰ ਪੈ ਗਿਆ ਹੋਵੇ, ”ਬੈਠਾ ਰਹਿ ਓਏ ਬਿੰਗੜਾ ਜਿਆ। ਤੁਸੀਂ ਵੀ ਤਾਂ ਲਘੜ ਦੁਘੜ ‘ਚੀ ਆਉਣੇ ਐਂ ਤੁਸੀਂ ਕਿਹੜਾ ਗਾਹਾਂ ਸਰਾਮਾਂ ਆਲੇ ਕਾਕੇ ਦੇ ਲਾਣੇ ‘ਚੋਂ ਐ।”
ਮਾਹਲਾ ਨੰਬਰਦਾਰ ਕਹਿੰਦਾ, ”ਤੁਸੀਂ ਲਘੜਾਂ ਭੂਕੜੀਆਂ ਦੀ ਗੱਲ ਛੱਡੋ, ਪਚੈਤ ਦੇ ‘ਕੱਠ ਦੀ ਗੱਲ ਕਰੋ ਜਿਹੜੀ ਕਰਨ ਆਲੀ ਐ। ਹੋਰ ਈ ਕਪਾਹ ‘ਚ ਗਧਾ ਭਜਾਈ ਫਿਰਦੇ ਐਂ ਤੁਸੀਂ ਤਾਂ ਯਾਰ।”
ਹਾਕਮ ਫ਼ੌਜੀ ਦਾ ਮੁੰਡਾ ਭੋਲਾ ਕਹਿੰਦਾ, ”ਇਹ ਪਚੈਤ ਆਲੇ ਹਰੇਕ ਸਾਲ ‘ਨਾਮ ਸ਼ਨਾਮ ਦਿੰਦੇ ਹੁੰਦੇ ਐ ਜੀਹਨੇ ਪਿੰਡ ਵਾਸਤੇ ਕੋਈ ਚੰਗਾ ਕੰਮ ਕੀਤਾ ਹੋਵੇ ਜਾਂ ਜਿਹੜੇ ਪਿੰਡ ਦੇ ਬੱਚੇ ਸਕੂਲ ਕਾਲਜ ‘ਚੋਂ ਪੂਰੇ ਫ਼ੁੱਲ ਨੰਬਰ ਲੈ ਕੇ ਪਾਸ ਹੋਏ ਹੋਣ। ਉਨ੍ਹਾਂ ਨੂੰ ਇੱਕ ਥਾਂ ‘ਕੱਠੇ ਕਰ ਕੇ ‘ਨਾਮ ਨੂਮ ਦਿੰਦੇ ਹੁੰਦੇ ਐ ਬਈ ਇਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਉੱਚਾ ਕੀਤਾ। ਇਹਦੀ ਬਾਬਤ ‘ਕੱਠ ਕੀਤਾ ਸੀ। ਨਾਲੇ ਤਾਂ ਸਾਲ ਦੇ ਸਾਲ ਕੋਈ ਦਿਨ ਮਨਾ ਲੈਂਦੇ ਐ, ਨਾਲੇ ਕਿਸੇ ਨਾ ਕਿਸੇ ਨੂੰ ‘ਨਾਮ ਸ਼ਨਾਮ ਦੇ ਦਿੰਦੇ ਐ। ਕਿੰਨੇ ਈ ਵਰ੍ਹਿਆਂ ਤੋਂ ਕੰਮ ਚਲਦਾ ਇਹੇ। ਐਤਕੀਂ ਪਤਾ ਨ੍ਹੀ ਕਾਹਦਾ ਰੌਲਾ ਪੈ ਗਿਆ?”
ਸੀਤਾ ਮਰਾਸੀ ਸੁਰਜਨ ਬੁੜ੍ਹੇ ਦੇ ਕੰਨ ਕੋਲ ਮੂੰਹ ਕਰ ਕੇ ਬੁੜ੍ਹੇ ਨੂੰ ਘੁਸਰ ਮੁਸਰ ਜੀ ਕਰ ਕੇ ਕਹਿੰਦਾ, ”ਕਿਸੇ ਨੂੰ ਕੁਸ ਚੱਜ ਹਾਲ ਦਾ ਦਿੱਤਾ ਨ੍ਹੀ ਹੋਣਾ ਅਗਲੇ ਨੇ ਤਾਊ ਰੌਲਾ ਪਾ ਲਿਆ ਹੋਰ ਓੱਥੇ ਕਿਹੜਾ ਗੁਰਜ ਦਾ ਰੌਲਾ ਸੀ ਬਈ ‘ਨਾਮ ਦੇਣ ਤੋਂ ਪਹਿਲਾਂ ਈ ਕੋਈ ਕੱਛ ‘ਚ ਦੇ ਕੇ ਲੈ ਗਿਆ। ਮਾੜੀ ਜੀ ਗੱਲ ਪਿੱਛੇ ਤਾਂ ਜੂਤ ਪਤਾਣ ਕਰ ਬਹਿੰਦੇ ਐ ਇਹੇ, ਸਾਲੇ ਨਾ ਹੋਣ ਪਚੈਤ ਦੇ। ਆਵਦੇ ਘਰਾਂ ਦੇ ਝਗੜੇ ਤਾਂ ਇੰਨ੍ਹਾਂ ਤੋਂ ਨਿਬੜਦੇ ਨ੍ਹੀ ਵੱਡੇ ਪਚੈਤੀਆਂ ਤੋਂ, ਹੋਰਾਂ ਦੇ ਕਿੱਥੋਂ ਕਲਗੀ ਲਾ ਦੇਣਗੇ।”
ਬਾਬਾ ਵਰਿਆਮ ਸਿਉਂ ਕਹਿੰਦਾ, ”ਮਾੜੀ ਜੀ ਗੱਲ ਕਿਉਂ ਹੋਣੀ ਐ, ਜਿਹੜਾ ਐਨਾ ਝੱਜੂ ਪਿਆ ਪਿੰਡ ‘ਚ, ਚਾਅ ਨੂੰ ਪਿਆ ਕੋਈ।”
ਸੀਤਾ ਮਰਾਸੀ ਬਾਬੇ ਨੂੰ ਕਹਿੰਦਾ, ”ਜੇ ਗੱਲ ਦਾ ਬਾਬਾ ਤੈਨੂੰ ਪਤਾ ਤਾਂ ਤੂੰ ਦੱਸਦੇ, ਆਪਾਂ ਤੇਰੀ ਸੁਣ ਲੈਨੇ ਆਂ। ਬਾਕੀਆਂ ਨੂੰ ਮਗਰੋਂ ਟੈਮ ਦੇ ਦਿਆਂਗੇ।”
ਨਾਥਾ ਅਮਲੀ ਸੀਤੇ ਮਰਾਸੀ ਦੀ ਗੱਲ ਸੁਣ ਕੇ ਮਰਾਸੀ ਨੂੰ ਕਹਿੰਦਾ, ”ਬਾਬਾ ਕੀ ਦੱਸਦੇ ਤੈਨੂੰ ਮੀਰ। ਬਾਬੇ ਤੋਂ ਤਾਂ ਕਿਸੇ ਨੇ ਕੁਸ ਪੁੱਛਿਆ ਈ ਨ੍ਹੀ। ਬਾਬੇ ਨੂੰ ਤਾਂ ਤੁਸੀਂ ਕੰਨੀ ਆਲਾ ਕਿਆਰਾ ਬਣਾ ਛੱਡਿਆ। ਭਾਲਦੇ ਐ ਫ਼ੈਸਲੇ ਬਾਬੇ ਤੋਂ, ਦੱਸੀ ਨਾ ਬਾਬਾ ਇਨ੍ਹਾਂ ਨੂੰ ਕੁਸ। ਭੌਂਕਦੇ ਫ਼ਿਰਨ ਦੇ। ਲੈ! ਅਕੇ ਮਾੜੀ ਜੀ ਗੱਲ ਪਿੱਛੇ ਜੂਤ ਪਤਾਨ ਹੋ ਗੇ। ਇਹ ਤਾਂ ਓੱਥੇ ਪਤਾ ਨ੍ਹੀ ਕਿਉਂ ਚੁੱਪ ਕਰਗੇ। ਜਿਹੜੀ ਗੱਲ ਸਰਪੈਂਚ ਨੇ ਕਹੀ ਸੀ, ਜੇ ਕਿਤੇ ਕਿਸੇ ਨੂੰ ਗੁੱਸਾ ਆ ਜਾਂਦਾ ਤਾਂ ਇੱਕ ਦੂਜੇ ਦੇ ਮਾਰ ਮਾਰ ਘਸੁੰਨ ਮੂੰਹ ਇਉਂ ਘਮਾਅ ਦੇਣਾ ਸੀ ਜਿਮੇਂ ਪਾਣੀ ਆਲੇ ਪੱਖੇ ਥੱਲਿਉਂ ਫ਼ਲਿਕਸ ਵਾਲ ਘਮਾਈ ਦਾ ਹੁੰਦਾ, ਮਾਰਦੇ ਐ ਗੱਲਾਂ।”
ਜੋਗਾ ਕਾਮਰੇਡ ਕਹਿੰਦਾ, ”ਫ਼ੇਰ ਰੌਲਾ ਕਾਹਦਾ ਹੁਣ?”
ਬਾਬਾ ਵਰਿਆਮ ਸਿਉਂ ਕਹਿੰਦਾ, ”ਓੱਥੋਂ ਦੇ ਪਚੈਤ ਆਲੇ ਰੌਲੇ ਦਾ ਤਾਂ ਪਤਾ ਨ੍ਹੀ ਕੀ ਹੋਇਆ ਹੋਣਾ, ਪਰ ਮੈਨੂੰ ਲੱਗਦਾ ਐਥੇ ਸੱਥ ‘ਚ ਵੀ ਨਾ ਕਿਤੇ ਕੋਈ ਕਲੇਸ਼ ਖੜ੍ਹਾ ਕਰ ਲਿਓ।”
ਨਾਥਾ ਅਮਲੀ ਬਾਬੇ ਨੂੰ ਕਹਿੰਦਾ, ”ਐਥੇ ਨ੍ਹੀ ਬਾਬਾ ਕੁਸ ਹੁੰਦਾ। ਓੱਥੇ ਪਚੈਤ ‘ਚ ਤਾਂ ਗੱਜਣ ਕੇ ਸਵਰਨੇ ਦੀ ਓ ਈ ਨ੍ਹੀ ਪੂਛ ਡਿੱਗਦੀ। ਟਕੇ ਦੀ ਅਕਲ ਨ੍ਹੀ, ਚੱਕ ਕੇ ਬਿੰਬਰ ਬਣਾ ‘ਤਾ।”
ਬਾਬਾ ਕਹਿੰਦਾ, ”ਨਹੀਂ ਯਾਰ ਅਮਲੀਆ ਇਹ ਤਾਂ ਨ੍ਹੀ ਗੱਲ ਹੋਣੀ। ਅਕਲ ਕਿਉਂ ਨ੍ਹੀ ਹੋਣੀ, ਫ਼ਿਰ ਵੀ ਪੜ੍ਹਿਆ ਲਿਖਿਆ ਬੰਦਾ, ਹਿਸਾਬੀ ਕਤਾਬੀ ਐ, ਆਪਣੇ ਆਂਗੂੰ ਤਾਂ ਨ੍ਹੀ। ਆਪਾਂ ਤਾਂ ਚਿੱਠੀ ਦੇ ਅੱਖਰ ਵੀ ਕਿਸੇ ‘ਠਾਉਣੇ ਆਂ। ਉਹ ਪੜ੍ਹਨ ਲਿਖਣ ਤਾਂ ਜਾਣਦਾ ਈ ਐ ਨਾ। ਆਪਾਂ ਤਾਂ ਕਾਸੇ ਜੋਗਰੇ ਮਨ੍ਹੀ।”
ਪੜ੍ਹੇ ਲਿਖੇ ਵਾਲੀ ਗੱਲ ਸੁਣ ਕੇ ਅਮਲੀ ਬਾਬੇ ਨੂੰ ਦਿਵਾਲੀ ਵਾਲੀ ਫ਼ੁੱਲਝੜੀ ਵਾਂਗੂੰ ਇੱਕ ਦਮ ਭੂਸਰ ਕੇ ਪੈ ਗਿਆ, ”ਕੀ ਗੱਲਾਂ ਕਰਦੈਂ ਬਾਬਾ ਤੂੰ। ਐਨਾ ਕਿੰਨਾ ਕੁ ਪੜ੍ਹਿਆ ਵਿਆ। ਪੈਸੇ ਤਾਂ ਗਿਣਨੇ ਨ੍ਹੀ ਆਉਂਦੇ ਵੱਡੇ ਭੜਾਕੂ ਨੂੰ, ਗੱਲਾਂ ਮਾਰੂ ਜਿਮੇਂ ਗਾਹਾਂ ਗੋਰਖ ਦੇ ਟਿੱਲੇ ‘ਤੇ ਮੁਨਸ਼ੀ ਲੱਗਿਆ ਹੁੰਦਾ। ਆਹ ਪਰਸੋਂ ਕੁ ਦੀ ਗੱਲ ਐ ਸ਼ੈਂਤ ਚੌਥੇ ਦੀ। ਇਹ ਸਵਰਨਾ ਜੀਹਨੂੰ ਤੁਸੀਂ ਵੱਡਾ ਭੜਾਕੂ ਕਹਿਨੇਂ ਐਂ। ਇਹਨੇ ਕਿਤੇ ਦੂਹੇ ਮਜਬ੍ਹੀ ਦੇ ਮੁੰਡੇ ਤੋਂ ਦਿਹਾੜੀਆਂ ਦਹੂੜੀਆਂ ਲੁਆਈਆਂ ਹੋਣ ਗੀਆਂ। ਉਹਦਾ ਬਣਿਆਂ ਹੋਣਾ ਸੌ ਰਪੀਆ। ਇਹ ਓਹਦੇ ਘਰੇ ਉਹਨੂੰ ਪੈਸੇ ਦੇਣ ਗਿਆ। ਦੂਹੇ ਨੂੰ ਸੌ ਦਾ ਬੱਝਿਆ ਨੋਟ, ਬੱਝਿਆ ਵਿਆ, ਫ਼ੜਾ ਕੇ ਕਹਿੰਦਾ ‘ਆਹ ਲੈ ਦੂਹਾ ਸਿਆਂ ਤੇਰੇ ਮੁੰਡੇ ਦੀਆਂ ਦਿਹਾੜੀਆਂ ਦਾ ਸੌ ਰਪੀਆ, ਗਿਣ ਲੈ ਫ਼ੇਰ ਨਾ ਮਗਰੋਂ ਕਹਿ ਦੀਂ ਬਈ ਘਟ ਗੇ ਸੀ ਵਿੱਚੋਂ’। ਲੈ ਦੱਸ ਬਾਬਾ! ਬੱਝੇ ਵੇ ਨੋਟ ‘ਚੋਂ ਕੀ ਘਟ ਜੂ। ਦੂਹੇ ਨੂੰ ਕਹਿੰਦਾ ‘ਗਿਣ ਲੈ, ਮਗਰੋਂ ਰੌਲਾ ਪਾਉਣ ਨਾਲੋਂ ਗਿਣੇ ਵੇ ਚੰਗੇ ਹੁੰਦੇ ਐ’। ਹੁਣ ਤੂੰ ਆਪ ਈ ਦੱਸਦੇ ਬਾਬਾ ਉਹਦਾ ਬੱਝੇ ਵੇ ਸੌ ਦਾ ਕੀ ਸੀ ਗਿਣਨ ਆਲਾ। ਆਪਣੇ ਪਿੰਡ ਦੇ ਕਮਲੇ ਲੋਕਾਂ ਨੇ ਚੱਕ ਚਕਾਅ ਕੇ ਬਿੰਬਰ ਚੁਗ ‘ਤਾ। ਉਹ ਕੀ ਲੋਕਾਂ ਦੇ ਫ਼ੈਸਲੇ ਕਰੂ ਜੀਹਨੂੰ ਪੈਸੇ ਮਨ੍ਹੀ ਗਿਣਨੇ ਆਉਂਦੇ। ਓਹੋ ਜਾ ਸਰਪੈਂਚ ਐ ਵੱਡਾ ਪ੍ਰਧਾਨ। ਹਰੇਕ ਗੱਲ ‘ਚ ਬਦੋ ਬਦੀ ਮੂਹਰੇ ਹੋ ਜੂ।”
ਮਾਹਲੇ ਨੰਬਰਦਾਰ ਨੇ ਅਮਲੀ ਨੂੰ ਪੁੱਛਿਆ, ”ਫ਼ੇਰ ਰੌਲਾ ਕਾਹਦਾ ਪਿਆ ਓੱਥੇ?”
ਅਮਲੀ ਕਹਿੰਦਾ, ”ਰੌਲਾ ਤਾਂ ਨੰਬਰਦਾਰਾ ਤੈਨੂੰ ਦੱਸੀ ਤਾਂ ਜਾਨੇ ਐਂ ਬਈ ਜਿਹੜਾ ਐਤਕੀਂ ਨਾਮ ਸ਼ਨਾਮ ਦਿੱਤਾ, ਉਹ ਸਦਾਗਰ ਬੁੜ੍ਹੇ ਕੇ ਪਵਨੇ ਨੂੰ ਦਿੱਤਾ। ‘ਨਾਮ ਵੰਡ ਕੇ ਸਰਪੈਂਚ ਕਹਿੰਦਾ ‘ਐਤਕੀਂ ਦਿੱਤਾ ‘ਨਾਮ ਤਾਂ ਬੰਦੇ ਨੂੰ। ਅੱਗੇ ਤਾਂ ਐਮੇਂ ਦੁੱਕੀਆਂ ਤਿੱਕੀਆਂ ਈ ਲੈ ਗਈਆ’। ਲੈ ਦੱਸ ਬਾਬਾ, ਕੋਈ ਪੁਛਣ ਆਲਾ ਹੋਵੇ ਬਈ ਅੱਗੇ ਗਧੇ ਈ ਲੈ ਗੇ ‘ਨਾਮ। ਚੱਲ ਮੰਨਿਆਂ ਬਈ ਦੁੱਕੀਆਂ ਤਿੱਕੀਆਂ ਨੂੰ ਦਿੱਤਾ ਸੀ ‘ਨਾਮ, ਹੁਣ ਫ਼ੇਰ ਕੀਹਨੂੰ ਦਿੱਤਾ?”
ਸੀਤੇ ਮਰਾਸੀ ਨੇ ਪੁੱਛਿਆਾ, ”ਜੀਹਨੂੰ ਹੁਣ ਦਿੱਤਾ ਪਵਨੇ ਨੂੰ, ਉਹਦੇ ਬਾਰੇ ਕੁਸ ਕਿਹਾ ਈ ਨ੍ਹੀ ਸਰਪੈਂਚ ਨੇ ਨਾ ਕਿਸੇ ਹੋਰ ਨੇ, ਖਣੀ ਉਹ ਆਵਦਾ ਬੰਦਾ।”
ਅਮਲੀ ਕਹਿੰਦਾ, ”ਉਹੀ ਗੱਲ ਐ ਨਾ ਫ਼ਿਰ। ਉਹ ਤਾਂ ਆਵਦਾ ਤੇ ਜਿਹੜੇ ਪਹਿਲਾਂ ਲੈ ਗੇ ਉਹ ਦੁੱਕੀਆਂ ਤਿੱਕੀਆਂ ਹੋ ਗੀਆਂ। ਜਦੋਂ ਹੁਣ ਗਾਹਾਂ ਆਲੇ ਸਾਲ ਜੀਹਨੂੰ ‘ਨਾਮ ਸ਼ਨਾਮ ਦੇਣਗੇ ਉਦੋਂ ਹੁਣ ਆਲੇ ਨੂੰ ਚੌਕੀ ਪੰਜੀ ਕਹਿ ਦੇਣਗੇ। ਵੱਸ! ਹਰੇਕ ਸਾਲ ਗਿਣਤੀ ਰਬੜ ਆਂਗੂੰ ਵਧੂ। ਫ਼ੇਰ ਛਿੱਕੀ ਸੱਤੀ, ਓਦੂੰ ਮਗਰੋਂ ਅੱਠੀ ਉੱਠੀ ਬਣਾ ਦੇਣਗੇ ਕਿਸੇ ਨੂੰ।”
ਸੀਤਾ ਮਰਾਸੀ ਕਹਿੰਦਾ, ”ਐਡੀ ਦੂਰ ਨ੍ਹੀ ਅਮਲੀਆ ਕਿਸੇ ਨੇ ਜਾਣਾ। ਬੇਜਤੀ ਕਰਾਉਣ ਨਾਲੋਂ ਕਿਸੇ ਨੇ ‘ਨਾਮ ਈ ਨ੍ਹੀ ਲੈਣਾ। ਕਹਿਣਗੇ ‘ਐਹੋ ਜੇ ‘ਨਾਮ ਨਾਲੋਂ ਉਈਂ ਚੰਗੇ ਆਂ’।”
ਬਾਬਾ ਵਰਿਆਮ ਸਿਉਂ ਕਹਿੰਦਾ, ”ਤੁਸੀਂ ਤਾਂ ਯਾਰ ਪਤੰਦਰੋ ਬਾਹਲਾ ਗਾਹਾਂ ਵਧ ਗੇ। ਸਭ ਨੂੰ ਈਂ ਇੱਕੋ ਰੱਸੇ ਬੰਨ੍ਹੀ ਤੁਰੇ ਆਉਣੇ ਐ।”
ਨਾਥਾ ਅਮਲੀ ਕਹਿੰਦਾ, ”ਇਹਦੇ ‘ਚ ਗਾਹਾਂ ਵਧਣ ਆਲੀ ਕਿਹੜੀ ਗੱਲ ਐ ਬਾਬਾ। ਦੇ ਕੇ ਲੱਕੜ ਦੀ ਫ਼ੱਟੀ ਜੀ, ਭਿਉਂ ਭਿਉਂ ਕੇ ਜੁੱਤੀਆਂ ਮਾਰਦੇ ਐ। ਜੇ ਤੂੰ ਵੀ ‘ਨਾਮ ਸ਼ਨਾਮ ਲੈਣਾ ਤਾਂ ਤੂੰ ਦੱਸਦੇ। ਅਗਲੇ ਸਾਲ ਤੇਰਾ ਮੱਕੂ ਬਨ੍ਹਾ ਦਿੰਨੇ ਐ।”
ਬਾਬਾ ਕਹਿੰਦਾ, ”ਇੱਕ ਘੱਟ ਨੱਬ੍ਹੇ ਦਾ ਹੋ ਗਿਆਂ ਮੈਂ, ਹੁਣ ਤਾਂ ਲਈ ਖੜ੍ਹਾਂ ਗੁਰਜ। ਨਦੀ ਕਨਾਰੇ ਰੁੱਖ ਆਲੀ ਗੱਲ ਐ ਨਾਥਾ ਸਿਆਂ ਮੇਰੀ ਤਾਂ ਹੁਣ। ਪਤਾ ਨ੍ਹੀ ਕਦੋਂ ‘ਵਾਜ ਪੈ ਜੇ। ਜਿਹੜੇ ਬਾਹਲੇ ਸ਼ਕੀਨ ਐਂ ‘ਨਾਮਾਂ ਸ਼ਨਾਮਾਂ ਦੇ ਉਨ੍ਹਾਂ ਨੂੰ ਦੁਆਉ। ਆਹ ਜੰਗੇ ਕੇ ਖੱਡੂ ਨੂੰ ਦੁਆ ਦਿਉਂ। ਉਹ ਵੀ ਇਹੋ ਜੇ ਥਾਂ ਬਹੁਤੀ ਪੂਛ ਜੀ ਮਾਰਦਾ ਫ਼ਿਰੂ ਜਿਮੇਂ ਵਿਆਹ ‘ਚ ਸ਼ੂਟ ਲੈਣ ਦੀ ਮਾਰੀ ਲਾਗਣ ਬਿਨਾਂ ਬਰੇਕੋਂ ਈਂ ਭੱਜੀ ਫ਼ਿਰਦੀ ਹੁੰਦੀ ਐ।”
ਨਾਥਾ ਅਮਲੀ ਕਹਿੰਦਾ, ”ਕੋਈ ਨ੍ਹੀ ਖੱਡੂ ਵੀ ਹਟ ਜੂ ਭੱਜਣੋਂ ਜਦੋਂ ਕਿਸੇ ਨੇ ਫ਼ੇਰ ਕਿਤੇ ਅਰਲਾ ਕੋਟ ਗੱਡ ‘ਤਾ।”
ਬਾਬੇ ਨੇ ਪੁੱਛਿਆ, ”ਕਿਉਂ ਪਹਿਲਾਂ ਵੀ ਕਿਸੇ ਨਾਲ ਲੜ ਪਿਆ ਸੀ?”
ਅਮਲੀ ਬਾਬੇ ਨੂੰ ਕਹਿੰਦਾ, ”ਤੈਨੂੰ ਨ੍ਹੀ ਪਤਾ! ਜਿੱਦੇ ਮੈਰੇ ਆਲੇ ਰਾਹ ‘ਚ ਮਿੱਟੀ ਪਾਉਂਦੇ ਸੀ, ਓਦਣ ਮਿੱਠੂ ਠੋਲੇਦਾਰ ਨਾਲ ਲੜ ਪਿਆ ਕਿਤੇ। ਉਹਨੇ ਮਾਰ ਮਾਰ ਘਸੁੰਨ ਮੂੰਹ ਪੱਠੇ ਦੀ ਪਥੇਰ ਅਰਗਾ ਕਰ ‘ਤਾ। ਮੁੜ ਕੇ ਮਹੀਨਾ ਸੱਥ ‘ਚ ਈ ਨ੍ਹੀ ਆਇਆ। ਓਮੇਂ ਈ ਹੁਣ ਫ਼ੇਰ ਹੋਣੀ ਐ ਇਹਦੇ ਨਾਲ ਵੇਖ ਲਿਉ ਭਾਮੇਂ।”
ਏਨੇ ਚਿਰ ਨੂੰ ਸੱਥ ਕੋਲ ਦੀ ਲੰਘਿਆ ਜਾਂਦਾ ਮੇਜਰ ਮਾਸਟਰ ਮਾਹਲੇ ਨੰਬਰਦਾਰ ਨੂੰ ਸੁਨੇਹਾ ਦਿੰਦਾ ਕਹਿੰਦਾ, ”ਨੰਬਰਦਾਰਾ! ਤੇਰੇ ਭਾਈਰੂਪੇ ਆਲੇ ਕੁੜਮ ਕੁੜਮਣੀ ਆਏ ਐ ਤੈਨੂੰ ਘਰੇ ਸੱਦਿਆ।” ਮਾਸਟਰ ਤੋਂ ਸੁਨੇਹਾ ਸੁਣ ਕੇ ਜਿਉਂ ਹੀ ਨੰਬਰਦਾਰ ਸੱਥ ‘ਚੋਂ ਉੱਠ ਕੇ ਘਰ ਨੂੰ ਤੁਰਿਆ ਤਾਂ ਬਾਕੀ ਦੀ ਸੱਥ ਵਾਲੇ ਵੀ ਘਰ ਨੂੰ ਇਉਂ ਚੱਲ ਪਏ ਜਿਵੇਂ ਉਨ੍ਹਾਂ ਦੇ ਵੀ ਕੁੜਮ ਕੁੜਮਣੀਆਂ ਆਏ ਹੋਣ।















