ਜਲੰਧਰ — ਜਲੰਧਰ ‘ਚ ਕੋਰੋਨਾ ਵਾਇਰਸ ਦੇ ਕਾਰਨ ਇਕ ਹੋਰ ਮਰੀਜ਼ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਮੁਤਾਬਕ ਰੋਜ਼ ਗਾਰਡਨ ਦਿਲਬਾਗ ਨਗਰ ਐਕਸਟੈਨਸ਼ਨ ਦੀ ਰਹਿਣ ਵਾਲੀ 65 ਸਾਲਾ ਔਰਤ ਨੇ ਇਲਾਜ ਦੌਰਾਨ ਅੱਜ ਦਮ ਤੋੜ ਦਿੱਤਾ। ਉਕਤ ਮਹਿਲਾ ਆਈ. ਐੱਮ. ਏ. ਵੱਲੋਂ ਸ਼ਾਹਕੋਟ ‘ਚ ਚਲਾਏ ਜਾ ਰਹੇ ਹਸਪਤਾਲ ‘ਚ ਇਲਾਜ ਅਧੀਨ ਸੀ। ਇਥੇ ਦੱਸ ਦੇਈਏ ਕਿ ਇਸ ਦੇ ਪਤੀ ਅਤੇ ਬੇਟੇ ਦੀ ਰਿਪੋਰਟ ਦੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ।
ਮ੍ਰਿਤਕ ਮਹਿਲਾ ਦਾ ਬੇਟਾ ਵਕੀਲ ਦੱਸਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਜਦੋਂ ਤਹਿਸੀਲ ‘ਚ ਰਜਿਸਟਰੀ ਕਰਵਾਉਣ ਗਿਆ ਸੀ ਤਾਂ ਉਸ ਸਮੇਂ ਵੀ ਇਸ ਦੇ ਪਾਜ਼ੇਟਿਵ ਆਉਣ ‘ਤੇ ਲੋਕਾਂ ਵਿਚਾਲੇ ਬੇਹੱਦ ਚਰਚਾ ਛਿੜੀ ਸੀ ਕਿ ਉਕਤ ਪਾਜ਼ੇਟਿਵ ਮਰੀਜ਼ ਤਹਿਸੀਲ ‘ਚ ਘੁੰਮਦਾ ਰਿਹਾ ਸੀ। ਜਿਹੜੇ ਲੋਕਾਂ ਨੂੰ ਉਕਤ ਵਿਅਕਤੀ ਮਿਲਿਆ ਸੀ, ਉਨ੍ਹਾਂ ‘ਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ। ਇਥੇ ਦੱਸ ਦੇਈਏ ਕਿ ਜਲੰਧਰ ‘ਚ ਕੋਰੋਨਾ ਕਾਰਨ ਹੋਈ ਜਨਾਨੀ ਦੀ ਮੌਤ ਨੂੰ ਲੈ ਕੇ ਕੁੱਲ ਮੌਤਾਂ ਦੀ ਗਿਣਤੀ 13 ਤੱਕ ਪਹੁੰਚ ਗਈ ਹੈ ਅਤੇ ਪਾਜ਼ੇਟਿਵ ਕੇਸਾਂ ਦਾ ਅੰਕੜਾ 355 ਤੱਕ ਪਹੁੰਚ ਚੁੱਕਾ ਹੈ।















