ਚੀਨ ‘ਚ ਫਿਰ ਕੋਰੋਨਾ ਵਾਇਰਸ ਦਾ ਖਤਰਾ, 10 ਹੋਰ ਇਲਾਕੇ ਕੀਤੇ ਗਏ ਬੰਦ

ਬੀਜਿੰਗ- ਚੀਨ ਵਿਚ ਕੋਰੋਨਾ ਵਾਇਰਸ ਦੇ 67 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਰਾਜਧਾਨੀ ਬੀਜਿੰਗ ਵਿਚ ਇਸ ਨਾਲ ਨਜਿੱਠਣ ਲਈ ਫਿਰ ਤੋਂ ਸੁਰੱਖਿਆ ਕਦਮ ਚੁੱਕੇ ਗਏ ਹਨ। ਬੀਜਿੰਗ ਵਿਚ 10 ਹੋਰ ਇਲਾਕਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕੁੱਝ ਇਲਾਕਿਆਂ ਨੂੰ ਬੰਦ ਕੀਤਾ ਗਿਆ ਹੈ।
ਨਵੇਂ ਮਾਮਲੇ ਉਸ ਥੋਕ ਬਾਜ਼ਾਰ ਵਿਚੋਂ ਸਾਹਮਣੇ ਆਏ ਹਨ, ਜਿੱਥੋਂ ਸ਼ਹਿਰ ਵਿਚ ਮਾਸ ਅਤੇ ਸਬਜ਼ੀਆਂ ਦੀ ਸਪਲਾਈ ਕੀਤੀ ਜਾਂਦੀ ਹੈ। ਰਾਸ਼ਟਰੀ ਸਿਹਤ ਵਿਭਾਗ ਮੁਤਾਬਕ ਵਾਇਰਸ ਦੇ 10 ਮਾਮਲੇ ਵਿਦੇਸ਼ ਤੋਂ ਵਾਪਸ ਆਏ ਲੋਕਾਂ ਨਾਲ ਜੁੜੇ ਹਨ ਤੇ ਤਿੰਨ ਮਾਮਲੇ ਹੁਬੇਈ ਸੂਬੇ ਤੋਂ ਹਨ। ਐੱਨ. ਐੱਚ. ਸੀ. ਦੀ ਖਬਰ ਮੁਤਾਬਕ ਹੁਣ 177 ਕੋਵਿਡ-19 ਮਰੀਜ਼ਾਂ ਦਾ ਇਲਾਜ ਚੱਲ ਰਹੇ ਹਨ ਅਤੇ 115 ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਚੀਨ ਵਿਚ ਹੁਣ ਤੱਕ 4,634 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਜਾਨ ਗਈ ਹੈ ਤੇ 83,181 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਵਿਚਕਾਰ, ਬੀਜਿੰਗ ਵਿਚ ਸ਼ਿੰਫਦੀ ਬਾਜ਼ਾਰ ਨੂੰ ਬੰਦ ਕਰ ਦਿੱਤਾ ਗਿਆ ਤੇ ਉੱਥੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਜਾਂਚ ਕਰਵਾਉਣ ਅਤੇ ਉੱਥੇ ਗਏ ਹਰ ਵਿਅਕਤੀ ਨੂੰ ਦੋ ਹਫਤੇ ਤੱਕ ਇਕਾਂਤਵਾਸ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ।
ਹਾਲਾਂਕਿ ਚੀਨ ਵਾਰ-ਵਾਰ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਕੋਰੋਨਾ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਹੈ ਪਰ ਅਜੇ ਵੀ ਹਾਲਤ ਖਰਾਬ ਹਨ।