ਲਹੌਰ :ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਵਾਪਸ ਗਈ ਪਾਕਿਸਤਾਨੀ ਜੇਆਈਟੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਜਿਹੇ ਠੋਸ ਸਬੂਤ ਨਹੀਂ ਦੇ ਸਕਿਆ ਹੈ, ਜਿਸ ਤੋਂ ਸਾਬਤ ਹੋ ਸਕੇ ਕਿ ਪਠਾਨਕੋਟ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਸੀ। ਪਾਕਿਸਤਾਨ ਇੱਕ ਵਾਰ ਫਿਰ ਆਪਣੀ ਜ਼ੁਬਾਨ ਤੋਂ ਪਲਟਦਾ ਨਜ਼ਰ ਆ ਰਿਹਾ ਹੈ। ਇੱਕ ਪਾਕਿਸਤਾਨੀ ਟੀਵੀ ਚੈਨਲ ਨੇ ਖਬਰ ‘ਚ ਕਿਹਾ ਕਿ ਪਾਕਿਸਤਾਨੀ ਜਾਂਚ ਟੀਮ ਨੂੰ ਮੁੱਖ ਰਾਸਤੇ ਦੀ ਥਾਂ ਪਿੱਛੇ ਦੇ ਇੱਕ ਛੋਟੇ ਜਿਹੇ ਰਾਸਤੇ ਤੋਂ ਏਅਰਬੇਸ ਦੇ ਅੰਦਰ ਲਿਜਾਇਆ ਗਿਆ। ਇੱਥੇ ਉਨ੍ਹਾਂ ਦਾ ਦੌਰਾ ਸਿਰਫ 55 ਮਿੰਟ ਦਾ ਸੀ। ਇੰਨੇ ਘੱਟ ਸਮੇਂ ‘ਚ ਬਹੁਤ ਥੋੜੇ ਏਰੀਆ ‘ਚ ਹੀ ਘੁੰਮਿਆ ਜਾ ਸਕਿਆ ਤੇ ਇੰਨੇ ਘੱਟ ਸਮੇਂ ‘ਚ ਜੇਆਈਟੀ ਪੁਖਤਾ ਸਬੂਤ ਇਕੱਠੇ ਨਹੀਂ ਕਰ ਸਕੀ। ਜੇਆਈਟੀ 29 ਮਾਰਚ ਨੂੰ ਪਠਾਨਕੋਟ ਏਅਰਬੇਸ ‘ਤੇ ਜਾਂਚ ਕਰਨ ਪਹੁੰਚੀ ਸੀ, ਇੱਥੇ ਐਨਆਈਏ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਰੂਰੀ ਜਾਣਕਾਰੀ ਦਿੱਤੀ ਤੇ ਅੱਤਵਾਦੀਆਂ ਦੇ ਅੰਦਰ ਦਾਖਲ ਹੋਣ ਦਾ ਰਾਸਤਾ ਵੀ ਦਿਖਾਇਆ ਸੀ। ਜੇਆਈਟੀ ਅਧਿਕਾਰੀਆਂ ਨੇ ਕਿਹਾ ਕਿ ਭਾਰਤ ਉਨ੍ਹਾਂ ਨੂੰ ਹਮਲੇ ਬਾਰੇ ਪੁਖਤਾ ਸਬੂਤ ਦੇਣ ‘ਚ ਅਸਫਲ ਰਿਹਾ ਹੈ।















