ਦਿੱਲੀ ‘ਚ ਕੋਰੋਨਾ ਨਾਲ ਇਕ ਦਿਨ ‘ਚ 20 ਮੌਤਾਂ, ਮਰਨ ਵਾਲਿਆਂ ਦੀ ਗਿਣਤੀ 106 ਹੋਈ

ਨਵੀਂ ਦਿੱਲੀ- ਰਾਜਧਾਨੀ ‘ਚ ਗਲੋਬਲ ਮਹਾਮਾਰੀ ਕੋਵਿਡ-19 ਭਿਆਨਕ ਰੂਪ ਲੈਂਦੀ ਜਾ ਰਹੀ ਹੈ। ਇਸ ਵਾਇਰਸ ਨਾਲ ਪਿਛਲੇ 24 ਘੰਟਿਆਂ ‘ਚ 20 ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 106 ਹੋ ਗਈ ਹੈ ਅਤੇ ਪੀੜਤਾਂ ਦਾ ਅੰਕੜਾ ਕਰੀਬ 8 ਹਜ਼ਾਰ ਹੋ ਗਿਆ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ‘ਚ 20 ਹੋਰ ਮਰੀਜ਼ਾਂ ਦੀ ਵਾਇਰਸ ਨੇ ਜਾਨ ਲੈ ਲਈ ਹੈ ਅਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 106 ‘ਤੇ ਪਹੁੰਚ ਗਈ।
ਇਸ ਵਾਇਰਸ ਨਾਲ ਪਿਛਲੇ 48 ਘੰਟਿਆਂ ‘ਚ 33 ਲੋਕਾਂ ਦੀ ਮੌਤ ਹੋ ਚੁਕੀ ਹੈ। ਸਤੇਂਦਰ ਜੈਨ ਨੇ ਦੱਸਿਆ ਕਿ ਇਸ ਦੌਰਾਨ 359 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਗਿਣਤੀ 7998 ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਰਾਹਤ ਦੀ ਗੱਲ ਇਹ ਰਹੀ ਕਿ 346 ਰੋਗੀ ਠੀਕ ਹੋਏ ਅਤੇ ਹੁਣ ਤੱਕ ਕੁੱਲ 2858 ਮਰੀਜ਼ ਵਾਇਰਸ ਨਾਲ ਸਿਹਤਮੰਦ ਹੋ ਚੁਕੇ ਹਨ। ਰਾਜਧਾਨੀ ‘ਚ ਫਿਲਹਾਲ 5034 ਸਰਗਰਮ ਮਾਮਲੇ ਹਨ।