ਵੰਦੇ ਭਾਰਤ ਮਿਸ਼ਨ : 31 ਫਲਾਈਟਾਂ ਰਾਹੀਂ 6 ਹਜ਼ਾਰ ਤੋਂ ਵਧੇਰੇ ਭਾਰਤੀਆਂ ਦੀ ਹੋਈ ‘ਵਤਨ ਵਾਪਸੀ’

ਨਵੀਂ ਦਿੱਲੀ — ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਵੰਦੇ ਭਾਰਤ ਮਿਸ਼ਨ’ ਤਹਿਤ ਪਹਿਲੇ 5 ਦਿਨਾਂ ‘ਚ 6 ਹਜ਼ਾਰ ਤੋਂ ਵੱਧ ਭਾਰਤੀ ਨਾਗਰਿਕ ਦੇਸ਼ ਪਰਤ ਚੁੱਕੇ ਹਨ। ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਅੱਜ ਭਾਵ ਮੰਗਲਵਾਰ ਨੂੰ ਦੱਸਿਆ ਕਿ ਇਸ ਮਿਸ਼ਨ ਦੇ ਤਹਿਤ 11 ਮਈ ਤੱਕ 6,037 ਭਾਰਤੀਆਂ ਨੂੰ ਦੇਸ਼ ਵਾਪਸ ਲਿਆਂਦਾ ਗਿਆ ਹੈ। ਮਿਸ਼ਨ ਦੀ ਸ਼ੁਰੂਆਤ 7 ਮਈ ਨੂੰ ਕੀਤੀ ਗਈ ਸੀ।
ਵਿਦੇਸ਼ ਮੰਤਰਾਲਾ ਅਤੇ ਸੂਬਾ ਸਰਕਾਰਾਂ ਨਾਲ ਤਾਲਮੇਲ ‘ਚ ਨਾਗਰਿਕ ਹਵਾਬਾਜ਼ੀ ਮੰਤਰਾਲਾ ਇਸ ਮਿਸ਼ਨ ਨੂੰ ਅੰਜ਼ਾਮ ਦੇ ਰਿਹਾ ਹੈ। ਮਿਸ਼ਨ ਦੇ ਪਹਿਲੇ ਪੜਾਅ ਵਿਚ 12 ਦੇਸ਼ਾਂ ਤੋਂ 14,800 ਭਾਰਤੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਹੈ। ਇਸ ਲਈ 64 ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਹਨ। ਇਨ੍ਹਾਂ ‘ਚੋਂ 41 ਉਡਾਣਾਂ ਏਅਰ ਇੰਡੀਆ ਅਤੇ 23 ਏਅਰ ਇੰਡੀਆ ਐਕਸਪ੍ਰੈੱਸ ਦੀਆਂ ਹੋਣਗੀਆਂ। ਇਸ ਤੋਂ ਇਲਾਵਾ ਸਮੁੰਦਰੀ ਰਸਤਿਓਂ ਵੀ ਭਾਰਤੀਆਂ ਦੀ ਵਾਪਸੀ ਹੋ ਰਹੀ ਹੈ। ਇਸ ਵਿਚ ਇੰਡੀਅਨ ਨੇਵੀ ਦੇ ਆਈ. ਐੱਨ. ਐੱਸ. ਜਲਸ਼ਵਾ ਅਤੇ ਆਈ. ਐੱਸ. ਐੱਸ. ਮਾਰਗ ਸਹਿਯੋਗ ਕਰ ਰਹੇ ਹਨ। ਮਾਲਦੀਵ ਤੋਂ ਭਾਰਤੀ ਇਨ੍ਹਾਂ ਸਮੁੰਦਰੀ ਜਹਾਜ਼ਾਂ ‘ਚ ਵਾਪਸ ਆ ਰਹੇ ਹਨ। ਬੀਤੀ 10ਓਮਈ ਨੂੰ 700 ਦੇ ਕਰੀਬ ਭਾਰਤੀ ਨਾਗਰਿਕ ਭਾਰਤ ਪੁੱਜੇ ਹਨ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਦੇ ਤਮਾਮ ਦੇਸ਼ਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਵੀ ਇਸ ਦੀ ਲਪੇਟ ਵਿਚ ਹੈ। ਕੋਰੋਨਾ ਕਰ ਕੇ ਕਈ ਦੇਸ਼ਾਂ ਵਿਚ ਲਾਕਡਾਊਨ ਲਾਗੂ ਹੈ, ਭਾਰਤ ਵੀ ਉਨ੍ਹਾਂ ‘ਚੋਂ ਇਕ ਹੈ। ਲਾਕਡਾਊਨ ਨੂੰ ਦੇਖਦਿਆਂ ਭਾਰਤ ਨੇ ਵਿਦੇਸ਼ਾਂ ਵਿਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਵਤਨ ਲਿਆ ਰਿਹਾ ਹੈ। ਹਾਲਾਂਕਿ ਇਸ ਦਾ ਖਰਚ ਵਾਪਸ ਆਉਣ ਵਾਲੇ ਭਾਰਤੀਆਂ ਨੂੰ ਖੁਦ ਹੀ ਚੁੱਕਣਾ ਪੈ ਰਿਹਾ ਹੈ।