ਵਿਸ਼ਾਖਾਪਟਨਮ- ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ‘ਚ ਵੀਰਵਾਰ ਤੜਕੇ ਇਕ ਰਸਾਇਣ ਪਲਾਂਟ ‘ਚੋਂ ਜ਼ਹਿਰੀਲੀ ਗੈਸ ਲੀਕ ਹੋਣ ਦੀ ਘਟਨਾ ‘ਚ 8 ਸਾਲ ਦੇ ਬੱਚੇ ਸਮੇਤ 7 ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਅਤੇ 200 ਤੋਂ ਵਧ ਲੋਕਾਂ ਨੂੰ ਇੱਥੋਂ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਗੋਪਾਲਪਟਨਮ ਇਲਾਕੇ ਕੋਲ ਐੱਲ.ਜੀ. ਪਾਲੀਮਰਸ ਰਸਾਇਣ ਪਲਾਂਟ ‘ਚ ਇਕ ਗੈਸ ਦੇ ਲੀਕ ਹੋਣ ਨਾਲ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।
ਸੂਤਰਾਂ ਨੇ ਦੱਸਿਆ ਕਿ ਸ਼ਹਿਰ ਦੇ ਕਿੰਗ ਜਾਰਜ ਹਸਪਤਾਲ (ਕੇ.ਜੀ.ਐੱਚ.) ‘ਚ ਇਲਾਜ ਦੌਰਾਨ ਸਾਰੇ 7 ਲੋਕਾਂ ਦੀ ਮੌਤ ਹੋ ਗਈ। ਗੈਸ ਲੀਕ ਦੀ ਸੂਚਨਾ ਮਿਲਣ ਤੋਂ ਬਾਅਦ ਐਂਬੂਲੈਂਸ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਸ ਕਰਮਚਾਰੀ ਰਸਾਇਣ ਪਲਾਂਟ ‘ਚ ਪਹੁੰਚ ਗਏ ਹਨ। ਸ਼ੁਰੂਆਤੀ ਰਿਪੋਰਟ ਅਨੁਸਾਰ ਪਲਾਂਟ ਤੋਂ ਜ਼ਹਿਰੀਲੀ ਗੈਸ ਲਗਭਗ 3 ਕਿਲੋਮੀਟਰ ਦੇ ਦਾਇਰੇ ‘ਚ ਫੈਲ ਗਈ ਹੈ। ਗੈਸ ਦੇ ਲੀਕ ਹੋਣ ਨਾਲ ਘੱਟ-ਘੱਟ 5 ਪਿੰਡ ਪ੍ਰਭਾਵਿਤ ਹੋਏ ਹਨ। ਇਸ ਜ਼ਹਿਰੀਲੀ ਗੈਸ ਦੀ ਲਪੇਟ ‘ਚ ਆਉਣ ਨਾਲ 200 ਤੋਂ ਵਧ ਲੋਕ ਬੇਹੋਸ਼ ਹੋ ਗਏ, ਜਿਨਾਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।















