ਰਾਜਪੁਰਾ : ਰਾਜਪੁਰਾ ‘ਚ ਕੋਰੋਨਾ ਵਾਇਰਸ ਦੇ 18 ਹੋਰ ਮਾਮਲੇ ਸਾਹਮਣੇ ਆਉਣ ‘ਤੇ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੁੱਝ ਲੋਕ ਕਰਫ਼ਿਊ ਦੀ ਉਲੰਘਣਾ ਕਰ ਕੇ ਜੂਆ ਅਤੇ ਹੁੱਕਾ ਬਾਰ ਚਲਾ ਰਹੇ ਹਨ, ਜਿਸ ਕਾਰਨ ਇੰਨੇ ਕੇਸ ਸਾਹਮਣੇ ਆ ਰਹੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਲੋਕਾਂ ਨੇ ਸਰਕਾਰ ਦੇ ਹੁਕਮਾਂ ਨੂੰ ਨਜ਼ਰ-ਅੰਦਾਜ਼ ਕੀਤਾ ਹੈ ਅਤੇ ਇਨ੍ਹਾਂ ਲੋਕਾਂ ਦੇ ਸੰਪਰਕ ‘ਚ ਆਉਣ ਵਾਲਿਆਂ ਨਾਲ ਹੁਣ ਉਹ ਸੰਪਰਕ ਬਣਾ ਰਹੇ ਹਨ।
ਪਿਛਲੇ ਦਿਨ ਇਕੱਠੇ 18 ਪਾਜ਼ੇਟਿਵ ਕੇਸ ਆਏ ਸਾਹਮਣੇ
ਰਾਜਪੁਰਾ ‘ਚ ਬੀਤੇ ਦਿਨ ਲਏ ਗਏ 70 ‘ਚੋਂ 18 ਸੈਂਪਲਾਂ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਨਾਲ ਪਟਿਆਲਾ ਜ਼ਿਲ੍ਹੇ ‘ਚ ਹੁਣ ਤੱਕ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 49 ਹੋ ਗਈ ਹੈ। ਜ਼ਿਲ੍ਹੇ ‘ਚ ਹੁਣ ਤੱਕ ਸਿਰਫ ਇਕ ਮਰੀਜ਼ ਹੀ ਤੰਦਰੁਸਤ ਹੋ ਕੇ ਆਪਣੇ ਘਰ ਨੂੰ ਪਰਤਿਆ ਹੈ।















