ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ‘ਕੋਵਿਡ-19’ ਨੂੰ ਲੈ ਕੇ ਜਾਰੀ ਲਾਕਡਾਊਨ ਕਾਰਨ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਸੋਮਵਾਰ ਨੂੰ ਸਲਾਹ ਦਿੱਤੀ ਹੈ ਕਿ ‘ਜੋ ਜਿੱਥੇ ਹੈ, ਉਥੇ ਹੀ ਰਹੇ’। ਸੁਪਰੀਮ ਕੋਰਟ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ‘ਤੇ ਕੇਂਦਰ ਸਰਕਾਰ ਵਲੋਂ ਲਾਈਆਂ ਗਈਆਂ ਪਾਬੰਦੀਆਂ ‘ਚ ਦਖਲ ਅੰਦਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ। ਚੀਫ ਜਸਟਿਸ ਐੱਸ. ਏ. ਬੋਬੜੇ, ਜਸਟਿਸ ਐੱਲ. ਨਾਗੇਸ਼ਵਰ ਰਾਵ ਅਤੇ ਜਸਟਿਸ ਐੱਮ. ਐੱਮ. ਸ਼ਾਂਤਨਾਗੌਦਰ ਦੀ ਬੈਂਚ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿੱਥੇ ਹਨ, ਉੱਥੇ ਰਹਿਣ।
ਕੋਰਟ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਜੇ ਵਾਪਸ ਲਿਆਉਣਾ ਸੰਭਵ ਨਹੀਂ ਹੋਵੇਗਾ। ਕੋਰਟ ਨੇ 7 ਪਟੀਸ਼ਨਾਂ ਦੀ ਸਾਂਝੀ ਸੁਣਵਾਈ ਕੀਤੀ, ਜਿਸ ‘ਚ ਬ੍ਰਿਟੇਨ, ਅਮਰੀਕਾ, ਈਰਾਨ ਅਤੇ ਹੋਰ ਖਾੜੀ ਦੇਸ਼ਾਂ ‘ਚ ਵਿਦਿਆਰਥੀਆਂ, ਕੰਮਕਾਜੀ ਪੇਸ਼ੇਵਰਾਂ, ਮਜ਼ਦੂਰਾਂ ਅਤੇ ਮਛੇਰਿਆਂ ਤੇ ਭਾਰਤੀ ਨਾਗਰਿਕਾਂ ਨੂੰ ਉੱਥੋਂ ਕੱਢਣ ਦੀ ਬੇਨਤੀ ਕੀਤੀ ਗਈ ਹੈ।
ਇਸ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਵੀ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਲੋਕਾਂ ਨੂੰ ਭਾਰਤ ਵਾਪਸ ਲਿਆਉਣਾ ਮੁਮਕਿਨ ਨਹੀਂ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਪਹਿਲਾਂ ਤੋਂ ਦਾਇਰ ਹਲਫਨਾਮੇ ‘ਚ ਇਸ ਰੁਖ਼ ਨੂੰ ਦੋਹਰਾਇਆ ਹੈ। ਮਹਿਤਾ ਨੇ ਕਿਹਾ ਕਿ ਪੂਰੀ ਦੁਨੀਆ ‘ਚ ਲੋਕਾਂ ਨੂੰ ਵੀਜ਼ਾ ਐਕਸਟੈਂਸ਼ਨ ਮਿਲ ਰਹੇ ਹਨ। ਮੇਰੇ ਹਲਫਨਾਮੇ ‘ਚ ਮੈਂ ਸਪੱਸ਼ਟ ਰੂਪ ਨਾਲ ਜ਼ਿਕਰ ਕੀਤਾ ਹੈ ਕਿ ਅਜੇ ਇਹ ਸੰਭਵ ਨਹੀਂ ਹੈ।















