ਭਾਰਤ ‘ਚ ਕੋਵਿਡ-19 ਦੇ ਮਾਮਲੇ ਵਧ ਕੇ 415 ਹੋਏ : ਸਿਹਤ ਮੰਤਰਾਲੇ

ਨਵੀਂ ਦਿੱਲੀ— ਦੇਸ਼ ‘ਚ ਕੋਵਿਡ-19 ਇਨਫੈਕਸ਼ਨ ਦੇ ਮਾਮਲੇ ਵਧ ਕੇ 415 ਹੋ ਗਏ ਹਨ। ਐਤਵਾਰ ਰਾਤ ਤੱਕ ਇਨਫੈਕਟਡ ਲੋਕਾਂ ਦੀ ਗਿਣਤੀ 360 ਸੀ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਅੰਕੜਿਆਂ ‘ਚ 41 ਵਿਦੇਸ਼ੀ ਨਾਗਰਿਕ ਅਤੇ ਹੁਣ ਤੱਕ ਹੋਈਆਂ 8 ਮੌਤਾਂ ਸ਼ਾਮਲ ਹਨ। ਕੇਂਦਰੀ ਮੰਤਰਾਲੇ ਨੇ ਦੱਸਿਆ ਕਿ ਗੁਜਰਾਤ, ਬਿਹਾਰ ਅਤੇ ਮਹਾਰਾਸ਼ਟਰ ‘ਚ ਐਤਵਾਰ ਨੂੰ ਇਕ-ਇਕ ਮੌਤ ਹੋ ਗਈ, ਜਦੋਂ ਕਿ ਪਹਿਲਾਂ ਚਾਰ ਮੌਤਾਂ ਕਰਨਾਟਕ, ਦਿੱਲੀ, ਮਹਾਰਾਸ਼ਟਰ ਅਤੇ ਪੰਜਾਬ ‘ਚ ਹੋਈਆਂ ਸਨ। ਇਨ੍ਹਾਂ 415 ਪੀੜਤ ਲੋਕਾਂ ‘ਚੋਂ ਉਹ 24 ਲੋਕ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਕੀਤਾ ਜਾ ਚੁਕਿਆ ਹੈ ਜਾਂ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁਕੀ ਹੈ ਜਾਂ ਉਹ ਇੱਥੋਂ ਚੱਲੇ ਗਏ ਹਨ।
ਭਾਰਤੀ ਆਯੂਵਿਗਿਆਨ ਖੋਜ ਪ੍ਰੀਸ਼ਦ (ਆਈ.ਸੀ.ਐੱਮ.ਆਰ.) ਨੇ ਕਿਹਾ ਕਿ ਸੋਮਵਾਰ ਸਵੇਰੇ 10 ਵਜੇ ਤੱਕ 18,383 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ। ਇਹ ਤੁਰੰਤ ਨਹੀਂ ਸਾਫ਼ ਹੋ ਸਕਿਆ ਹੈ ਕਿ ਨਵੇਂ ਮਾਮਲੇ ਕਿੱਥੋਂ ਆਏ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ 67 ਮਾਮਲੇ ਹਨ, ਜਿਨ੍ਹਾਂ ‘ਚੋਂ ਤਿੰਨ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਕੇਰਲ ਤੋਂ ਵੀ 67 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ 7 ਵਿਦੇਸ਼ੀ ਸ਼ਾਮਲ ਹਨ। ਦਿੱਲੀ ‘ਚ ਇਨਫੈਕਟਡ ਲੋਕਾਂ ਦੀ ਗਿਣਤੀ ਇਕ ਵਿਦੇਸ਼ੀ ਸਮੇਤ 29 ਹੈ, ਜਦੋਂ ਕਿ ਉੱਤਰ ਪ੍ਰਦੇਸ਼ ‘ਚ ਇਕ ਵਿਦੇਸ਼ੀ ਸਮੇਤ 28 ਲੋਕ ਇਨਫੈਕਟਡ ਹਨ। ਰਾਜਸਥਾਨ ‘ਚ 2 ਵਿਦੇਸ਼ੀ ਨਾਗਰਿਕਾਂ ਸਮੇਤ 27 ਮਾਮਲੇ ਹਨ। ਤੇਲੰਗਾਨਾ ‘ਚ 11 ਵਿਦੇਸ਼ੀਆਂ ਸਮੇਤ 26 ਮਾਮਲੇ ਹਨ। ਕਰਨਾਟਕ ‘ਚ ਕੋਰੋਨਾ ਵਾਇਰਸ ਦੇ 26 ਮਰੀਜ਼ ਹਨ। ਹਰਿਆਣਾ, ਪੰਜਾਬ, ਗੁਜਰਾਤ, ਤਾਮਿਲਨਾਡੂ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਦੇਸ਼ ਭਰ ਤੋਂ ਮਾਮਲੇ ਸਾਹਮਣੇ ਆਏ ਹਨ।