ਰਾਹੁਲ ਦੀ ਟਿੱਪਣੀ ‘ਤੇ ਹਰਸ਼ਵਰਧਨ ਦੇ ਬਿਆਨ ਤੋਂ ਲੋਕ ਸਭਾ ‘ਚ ਹੰਗਾਮਾ, ਬੈਠਕ 2 ਵਾਰ ਮੁਲਤਵੀ

ਨਵੀਂ ਦਿੱਲੀ—ਲੋਕ ਸਭਾ ‘ਚ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰਸ਼ਨਕਾਲ ਦੌਰਾਨ ਉਸ ਸਮੇਂ ਹੰਗਾਮੇਦਾਰ ਸਥਿਤੀ ਬਣ ਗਈ, ਜਦੋਂ ਸਿਹਤ ਮੰਤਰੀ ਹਰਸ਼ਵਰਧਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਇਕ ਬਿਆਨ ਦੀ ਨਿੰਦਿਆ ਕੀਤੀ। ਇਸ ਮੁੱਦੇ ‘ਤੇ ਸਦਨ ਦੀ ਬੈਠਕ ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਦੁਪਹਿਰ 1 ਵਜੇ ਤੱਕ ਸ਼ੁਰੂ ਹੋਣ ਦੇ ਕੁਝ ਹੀ ਮਿੰਟਾਂ ਬਾਅਦ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਦਰਅਸਲ ਪ੍ਰਸ਼ਨਕਾਲ ਦੌਰਾਨ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਰਾਹੁਲ ਗਾਂਧੀ ਨੂੰ ਮੈਡੀਕਲ ਕਾਲਜ ਦੀ ਸਥਾਪਨਾ ਦੇ ਪੂਰਕ ਪ੍ਰਸ਼ਨ ਪੁੱਛਣ ਨੂੰ ਕਿਹਾ। ਹਰਸ਼ਵਰਧਨ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਪ੍ਰਸ਼ਨ ਦਾ ਉਤਰ ਦੇਣ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਖਿਲਾਫ ਕਾਂਗਰਸ ਨੇਤਾ ਦੀ ਇਕ ਟਿੱਪਣੀ ‘ਤੇ ਬਿਆਨ ਦੇਣਾ ਚਾਹੁਣਗੇ, ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ 6 ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਨੂੰ ਨੌਜਵਾਨ ਡੰਡੇ ਮਾਰਨਗੇ।
ਸਿਹਤ ਮੰਤਰੀ ਨੇ ਕਿਹਾ ਹੈ ਕਿ ਉਹ ਗਾਂਧੀ ਦੇ ਇਸ ਬਿਆਨ ਦੀ ਸਪੱਸ਼ਟ ਸ਼ਬਦਾਂ ‘ਚ ਨਿੰਦਿਆ ਕਰਦੇ ਹਨ। ਇਸ ਦੌਰਾਨ ਕਾਂਗਰਸ ਦੇ ਮੈਂਬਰ ਜ਼ੋਰਦਾਰ ਤਰੀਕੇ ਨਾਲ ਵਿਰੋਧ ਕਰਨ ਲੱਗੇ ਅਤੇ ਪਾਰਟੀ ਮੈਂਬਰ ਮਣੀਕਮ ਟੈਗੋਰ ਸੱਤਾ ਪੱਖ ਦੀ ਪਹਿਲੀ ਲਾਈਨ ਦੇ ਨੇੜੇ ਪਹੁੰਚ ਗਏ। ਉਹ ਦੂਜੀ ਲਾਈਨ ‘ਚ ਜਵਾਬ ਦੇ ਰਹੇ ਹਰਸ਼ਵਰਧਨ ਦੇ ਠੀਕ ਸਾਹਮਣੇ ਪਹੁੰਚ ਕੇ ਹਮਲਾਵਰ ਅੰਦਾਜ਼ ‘ਚ ਉਨ੍ਹਾਂ ਨੂੰ ਹੱਥ ਦਿਖਾਉਣ ਲੱਗੇ। ਇਸ ਦੌਰਾਨ ਲੋਕ ਸਭਾ ਸਪੀਕਰ ਨੇ ਸਿਹਤ ਮੰਤਰੀ ਨੂੰ ਕਹਿੰਦੇ ਹੋਏ ਸੁਣਿਆ ਗਿਆ ਕਿ ਉਹ ਸਵਾਲ ‘ਤੇ ਰਹਿਣ ਹਾਲਾਂਕਿ ਸਿਹਤ ਮੰਤਰੀ ਇਕ ਪਰਚਾ ਪੜ੍ਹ ਕੇ ਬਿਆਨ ਦਿੰਦੇ ਰਹੇ ਜੋ ਸ਼ੋਰ-ਸ਼ਰਾਬੇ ‘ਚ ਸਪੱਸ਼ਟ ਤਰੀਕੇ ਨਾਲ ਜ਼ਿਆਦਾ ਸੁਣਿਆ ਨਹੀਂ ਜਾ ਸਕਿਆ। ਇਸ ਦੌਰਾਨ ਉੱਤਰ ਪ੍ਰਦੇਸ਼ ਤੋਂ ਭਾਜਪਾ ਮੈਂਬਰ ਬ੍ਰਜਭੂਸ਼ਣ ਸ਼ਰਣ ਸਿੰਘ ਅੱਗੇ ਪਹੁੰਚ ਗਏ ਅਤੇ ਟੈਗੋਰ ਨੂੰ ਫੜ੍ਹ ਕੇ ਪਿੱਛੇ ਲੈ ਗਏ। ਉਹ ਟੈਗੋਰ ਤੋਂ ਨਿਰਾਜ਼ਗੀ ‘ਚ ਕੁਝ ਕਹਿੰਦੇ ਹੋਏ ਦੇਖੇ ਗਏ। ਇਸ ਦੌਰਾਨ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਸਮੇਤ ਕਈ ਮੰਤਰੀ ਅਤੇ ਭਾਜਪਾ ਮੈਂਬਰ ਅੱਗੇ ਪਹੁੰਚ ਗਏ।
ਸਦਨ ‘ਚ ਹੰਗਾਮੇ ਦੀ ਸਥਿਤੀ ਬਣ ਗਈ ਅਤੇ ਸਪੀਕਰ ਬਿਰਲਾ ਨੇ ਲਗਭਗ 11.50 ਵਜੇ ਸਦਨ ਦੀ ਬੈਠਕ ਦੁਪਹਿਰ ਇਕ ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਦੀ ਬੈਠਕ 1 ਵਜੇ ਫਿਰ ਸ਼ੁਰੂ ਹੋਣ ‘ਤੇ ਸਥਿਤੀ ਜਿਉਂ ਦੀ ਤਿਉਂ ਬਣੀ ਰਹੀ। ਰਾਹੁਲ ਗਾਂਧੀ ਕੁਝ ਕਹਿਣ ਲਈ ਆਪਣੇ ਸਥਾਨ ‘ਤੇ ਖੜ੍ਹੇ ਹੋਏ ਪਰ ਭਾਜਪਾ ਮੈਂਬਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ‘ਤੇ ਦੋਵਾਂ ਪੱਖਾਂ ‘ਚ ਨੋਕ-ਝੋਕ ਸ਼ੁਰੂ ਹੋ ਗਈ ਅਤੇ ਹੰਗਾਮੇ ਦੌਰਾਨ ਦੁਪਹਿਰ 2 ਵਜੇ ਤੱਕ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਬੈਠਕ ਮੁਲਤਵੀ ਹੋਣ ਤੋਂ ਬਾਅਦ ਭਾਜਪਾ ਦੇ ਕੁਝ ਮੈਂਬਰਾਂ ਨੂੰ ਗਾਂਧੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸੁਣਿਆ ਗਿਆ।