ਔਕਲੈਂਡ – ਨਿਊ ਜ਼ੀਲੈਂਡ ਦੀ ਜ਼ਮੀਨ ‘ਤੇ 5-0 ਨਾਲ T-20 ਸੀਰੀਜ਼ ਜਿੱਤ ਕੇ ਟੀਮ ਇੰਡੀਆ ਨੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਨਿਊ ਜ਼ੀਲੈਂਡ ਨੂੰ ਉਸ ਦੀ ਹੀ ਜ਼ਮੀਨ ‘ਤੇ ਹਰਾਉਣਾ ਬੇਹੱਦ ਮੁਸ਼ਕਿਲ ਹੁੰਦਾ ਹੈ, ਪਰ ਟੀਮ ਇੰਡੀਆ ਨੇ ਇਹ ਕੰਮ ਬੜੇ ਆਰਾਮ ਨਾਲ ਕਰ ਦਿਖਾਇਆ। ਭਾਰਤ ਦੀ ਇਸ ਵੱਡੀ ਜਿੱਤ ਦਾ ਸਭ ਤੋਂ ਵੱਡਾ ਹੀਰੋ ਸਲਾਮੀ ਬਲੇਬਾਜ਼ ਕੇ. ਐੱਲ. ਰਾਹੁਲ ਰਿਹਾ ਹੈ। ਉਸ ਨੇ ਨਿਊ ਜ਼ੀਲੈਂਡ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਅਤੇ ਵਿਕਟਕੀਪਰ ਦੀ ਵੀ ਬਿਹਤਰੀਨ ਭੂਮਿਕਾ ਨਿਭਾਈ ਜਿਸ ਕਰਕੇ ਉਸ ਨੂੰ ਮੈਨ ਔਫ਼ ਦਾ ਸੀਰੀਜ਼ ਦੇ ਐਵਾਰਡ ਲਈ ਵੀ ਚੁਣਿਆ ਗਿਆ। ਇੰਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜਦੋਂ ਨਿਊ ਜ਼ੀਲੈਂਡ ਖ਼ਿਲਾਫ਼ ਭਾਰਤੀ ਟੈੱਸਟ ਟੀਮ ਦਾ ਐਲਾਨ ਹੋਇਆ ਤਾਂ ਰਾਹੁਲ ਨੂੰ ਟੈੱਸਟ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਜੋ ਬੇਹੱਦ ਨਿਰਾਸ਼ਾ ਵਾਲੀ ਗੱਲ ਹੈ।
T-20 ਸੀਰੀਜ਼ ‘ਚ ਰਾਹੁਲ ਨੇ 56 ਦੀ ਔਸਤ ਨਾਲ ਬਣਾਈਆਂ 224 ਦੌੜਾਂ
ਰਾਹੁਲ ਨੇ ਨਿਊ ਜ਼ੀਲੈਂਡ T-20 ਸੀਰੀਜ਼ ‘ਚ ਸਭ ਤੋਂ ਜ਼ਿਆਦਾ 224 ਦੌੜਾਂ ਬਣਾਈਆਂ। ਕੇ. ਐੱਲ ਰਾਹੁਲ ਦੀ ਪੰਜ ਮੈਚਾਂ ‘ਚ ਬੱਲੇਬਾਜ਼ੀ ਔਸਤ 56 ਦੀ ਰਹੀ ਅਤੇ ਉਸ ਦਾ ਸਟ੍ਰਾਈਕ ਰੇਟ ਵੀ 144.51 ਰਿਹਾ। ਦੂਜੇ ਪਾਸੇ ਰੋਹਿਤ ਜ਼ਖ਼ਮੀ ਹੋਣ ਕਾਰਨ ਨਿਊ ਜ਼ੀਲੈਂਡ ਦੌਰੇ ਤੋਂ ਬਾਹਰ ਹੋਏ ਤਾਂ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਰੋਹਿਤ ਦੀ ਜਗ੍ਹਾ ਰਾਹੁਲ ਨੂੰ ਦਿੱਤੀ ਜਾਵੇਗੀ। ਕੇ. ਐੱਲ. ਰਾਹੁਲ ਨੇ ਪਿਛਲੇ ਇੱਕ ਸਾਲ ਤੋਂ ਵਨ-ਡੇ ਅਤੇ T-20 ਫ਼ੌਰਮੈਟ ‘ਚ ਜਿਸ ਤਰ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਨਿਊ ਜ਼ੀਲੈਂਡ T-20 ਸੀਰੀਜ਼ ‘ਚ ਵੀ ਰੱਜ ਕੇ ਦੌੜਾਂ ਬਣਾਈਆਂ ਤਾਂ ਇੰਝ ਲੱਗ ਰਿਹਾ ਸੀ ਕਿ ਉਸ ਦੀ ਟੈੱਸਟ ਟੀਮ ‘ਚ ਵਾਪਸੀ ਹੋ ਸਕਦੀ ਹੈ, ਪਰ ਅਜਿਹਾ ਨਹੀਂ ਹੋਇਆ। ਰਾਹੁਲ ਦੀ ਜਗ੍ਹਾ ਟੀਮ ਇੰਡੀਆ ਦੀ ਟੈੱਸਟ ਟੀਮ ‘ਚ ਸ਼ੁਭਮਨ ਗਿੱਲ ਨੂੰ ਸ਼ਾਮਿਲ ਕਰ ਲਿਆ ਗਿਆ। ਸ਼ੁਭਮਨ ਗਿਲ ਵੀ ਫ਼ਾਰਮ ‘ਚ ਹੈ ਅਤੇ ਉਸ ਨੇ ਹਾਲ ਹੀ ‘ਚ ਨਿਊ ਜ਼ੀਲੈਂਡ ਏ ਖਿਲਾਫ ਸ਼ਾਨਦਾਰ ਦੋਹਰਾ ਸੈਂਕੜਾ ਲਾਇਆ ਹੈ, ਪਰ ਜਿਸ ਤਰ੍ਹਾਂ ਦੀ ਖੇਡ ਪਿਛਲੇ ਇੱਕ ਸਾਲ ‘ਚ ਰਾਹੁਲ ਨੇ ਦਿਖਾਈ ਹੈ ਉਸ ਦੀ ਟੈੱਸਟ ‘ਚ ਵਾਪਸੀ ਦੀ ਪੂਰੀ ਉਮੀਦ ਸੀ ਅਤੇ ਉਹ ਇਸ ਦਾ ਪੂਰਾ ਹੱਕਦਾਰ ਵੀ ਸੀ।
ਵੈੱਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ ਆਖ਼ਰੀ ਟੈੱਸਟ
ਕੇ. ਐੱਲ. ਰਾਹੁਲ ਨੇ ਆਪਣਾ ਆਖ਼ਰੀ ਟੈਸਟ ਪਿਛਲੇ ਸਾਲ ਅਗਸਤ ‘ਚ ਵੈੱਸਟ ਇੰਡੀਜ਼ ਦੌਰੇ ‘ਤੇ ਖੇਡਿਆ ਸੀ, ਉਸ ਤੋਂ ਬਾਅਦ ਉਸ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ। ਦੂਜੇ ਪਾਸੇ ਉਸ ਨੇ ਵਨ-ਡੇ ਅਤੇ T-20 ਫ਼ੌਰਮੈਟ ‘ਚ ਆਪਣੀ ਜਗ੍ਹਾ ਬਚਾਏ ਰੱਖੀ ਅਤੇ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ। ਪਿਛਲੇ ਇੱਕ ਸਾਲ ‘ਚ ਰਾਹੁਲ ਨੇ 16 ਵਨ-ਡੇ ਮੈਚਾਂ ‘ਚ 47.86 ਦੀ ਔਸਤ ਨਾਲ 718 ਦੌੜਾਂ ਬਣਾਈਆਂ ਜਿਨ੍ਹਾਂ ‘ਚ ਦੋ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ। 2019 ਕ੍ਰਿਕਟ ਵਰਲਡ ਕੱਪ ‘ਚ 45.12 ਦੀ ਔਸਤ ਨਾਲ 316 ਦੌੜਾਂ ਵੀ ਬਣਾਈਆਂ। ਵੈੱਸਟ ਇੰਡੀਜ਼ ਵਨ-ਡੇ ਸੀਰੀਜ਼ ‘ਚ ਉਸ ਨੇ 61.66 ਦੀ ਔਸਤ ਨਾਲ 185 ਦੌੜਾਂ ਬਣਾਈਆਂ। ਉਸ ਤੋਂ ਬਾਅਦ ਆਸਟਰੇਲੀਆ ਵਨ-ਡੇ ਸੀਰੀਜ਼ ‘ਚ ਤਕਰੀਬਨ 50 ਦੀ ਔਸਤ ਨਾਲ 146 ਦੌੜਾਂ ਬਣਾਈਆਂ।
ਬੱਲੇ ਨਾਲ ਰਾਹੁਲ ਨੇ ਕੀਤਾ ਕਮਾਲ
ਪਿਛਲੇ ਇੱਕ ਸਾਲ ‘ਚ ਰਾਹੁਲ ਨੇ 16 T-20 ਪਾਰੀਆਂ ‘ਚ 48.50 ਦੀ ਔਸਤ ਨਾਲ 679 ਦੌੜਾਂ ਬਣਾਈਆਂ, ਜਿਨਾਂ ‘ਚ ਸੱਤ ਅਰਧ ਸੈਂਕੜੇ ਸ਼ਾਮਿਲ ਰਹੇ। ਆਸਟਰੇਲੀਆ ਖ਼ਿਲਾਫ਼ T-20 ਸੀਰੀਜ਼ ‘ਚ ਉਸ ਨੇ 48.50 ਦੀ ਔਸਤ ਨਾਲ 97 ਦੌੜਾਂ, ਬੰਗਲਾਦੇਸ਼ ਖ਼ਿਲਾਫ਼ 37.50 ਦੀ ਔਸਤ ਨਾਲ 75 ਦੌੜਾਂ, ਵੈੱਸਟ ਇੰਡੀਜ਼ T-20 ਸੀਰੀਜ਼ ‘ਚ ਉਸ ਨੇ 54.66 ਦੀ ਔਸਤ ਨਾਲ 164 ਦੌੜਾਂ, ਸ਼੍ਰੀ ਲੰਕਾ T-20 ਸੀਰੀਜ਼ ‘ਚ ਉਸ ਨੇ ਦੋ ਮੈਚਾਂ ‘ਚ 49.50 ਦੇ ਔਸਤ ਨਾਲ 99 ਦੌੜਾਂ ਬਣਾਈਆਂ। ਹੁਣ ਹਾਲ ਹੀ ‘ਚ ਖੇਡੀ ਗਈ ਨਿਊ ਜ਼ੀਲੈਂਡ T-20 ਸੀਰੀਜ਼ ‘ਚ ਵੀ ਉਸ ਨੇ 56 ਦੀ ਔਸਤ ਨਾਲ 224 ਦੌੜਾਂ ਬਣਾਈਆਂ।
ਬੱਲੇਬਾਜ਼ੀ ਦੇ ਨਾਲ ਨਾਲ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਵੀ ਸੰਭਾਲੀ
ਆਸਟਰੇਲੀਆ ਖ਼ਿਲਾਫ਼ ਵਨ-ਡੇ ਸੀਰੀਜ਼ ਦੇ ਦੌਰਾਨ ਜਦੋਂ ਮੁੰਬਈ ਵਨ-ਡੇ ‘ਚ ਵਿਕਟਕੀਪਰ ਰਿਸ਼ਭ ਪੰਤ ਨੂੰ ਸੱਟ ਲੱਗੀ ਤਾਂ ਅਜਿਹੇ ਸਮੇਂ ‘ਚ ਕੇ. ਐੱਲ ਰਾਹੁਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਜਿਸ ਨੂੰ ਉਸ ਨੇ ਬਿਹਤਰੀਨ ਤਰੀਕੇ ਨਾਲ ਨਿਭਾਇਆ। ਕੇ. ਐੱਲ. ਰਾਹੁਲ ਨੇ ਰਾਜਕੋਟ ਵਨ-ਡੇ ‘ਚ ਦੋ ਕੈਚ ਅਤੇ ਇੱਕ ਸ਼ਾਨਦਾਰ ਸਟੰਪ ਆਊਟ ਵੀ ਕੀਤਾ ਸੀ। ਉਸ ਤੋਂ ਬਾਅਦ ਬੈਂਗਲੁਰੂ ‘ਚ ਵੀ ਰਾਹੁਲ ਨੇ ਦੋ ਕੈਚ ਫ਼ੜੇ। ਨਿਊ ਜ਼ੀਲੈਂਡ ਦੌਰੇ ‘ਤੇ ਖੇਡੀ ਗਈ ਪੂਰੀ T-20 ਸੀਰੀਜ਼ ਲਈ ਵੀ ਰਾਹੁਲ ਨੂੰ ਵਿਕੇਟਕੀਪਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਜਿਸਨੂੰ ਉਸ ਨੇ ਬੜੇ ਚੰਗੇ ਤਰੀਕੇ ਨਾਲ ਨਿਭਇਆ। ਮੈਚ ਦੇ ਆਖ਼ਰੀ ਓਵਰਾਂ ‘ਚ ਉਸ ਦੀ ਸੂਝ ਭਰੀ ਵਿਕਟਕੀਪਿੰਗ ਨੇ ਟੀਮ ਇੰਡੀਆ ਨੂੰ ਮੈਚ ਵੀ ਜਿਤਾਏ। ਇਨਾਂ ਸਾਰੀਆਂ ਗੱਲਾਂ ਤੋਂ ਇਹ ਸਪੱਸ਼ਟ ਹੈ ਕਿ ਰਾਹੁਲ ਹਰ ਮੋਰਚੇ ‘ਤੇ ਖਰੇ ਉਤਰਿਆ ਹੈ ਅਤੇ ਇਸ ਦੇ ਬਾਵਜੂਦ ਉਸ ਨੂੰ ਟੈੱਸਟ ਟੀਮ ‘ਚ ਸ਼ਾਮਿਲ ਨਾ ਕਰਨਾ ਕਿਤੇ ਨਾ ਕਿਤੇ ਰਾਹੁਲ ਨਾਲ ਬੇਨਾਇਨਸਾਫ਼ੀ ਹੈ।











