ਸਨੇਮਾ ਸਕਰੀਨ ‘ਤੇ ਸਮਾਜ ਦੇ ਰੰਗ

ਦੀਪਤੀ ਅੰਗਰੀਸ਼
ਸਿਨਮਾ ਦਾ ਸਮਾਜ ‘ਤੇ ਗਹਿਰਾ ਪ੍ਰਭਾਵ ਪੈਂਦਾ ਹੈ। ਪਿਛਲੇ ਕਈ ਸਾਲਾਂ ਤੋਂ ਸਿਨਮਾ ਬਹੁਤ ਬਦਲ ਗਿਆ ਹੈ। ਫ਼ਿਲਮਾਂ ਵਿੱਚ ਗੀਤ, ਕਹਾਣੀ, ਹੀਰੋ-ਹੀਰੋਇਨ, ਖ਼ਲਨਾਇੱਕ, ਲੋਕੇਸ਼ਨ, ਆਦਿ ਓਦੋਂ ਵੀ ਹੁੰਦੇ ਸਨ ਅਤੇ ਅੱਜ ਵੀ ਹਨ, ਪਰ ਅੱਜ ਦੀਆਂ ਫ਼ਿਲਮਾਂ ਲੀਕ ਤੋਂ ਹਟ ਕੇ ਹਨ। ਜ਼ਿਆਦਾ ਨਹੀਂ ਤਾਂ ਜੇਕਰ ਪਿਛਲੇ ਇੱਕ ਦਹਾਕੇ ਦੀਆਂ ਫ਼ਿਲਮਾਂ ਹੀ ਦੇਖੀਏ ਤਾਂ ਇੱਕ ਹੀ ਚੀਜ਼ ਦਿਖਾਈ ਦਿੰਦੀ ਹੈ, ਅਤੇ ਉਹ ਹੈ ਸਮਾਜ ਤੇ ਸਮਾਜ ਦੀਆਂ ਗੱਲਾਂ। ਸ਼ਾਇਦ ਇਹੀ ਕਾਰਨ ਹੈ ਕਿ ਅੱਜ ਬਹੁਤ ਸਾਰੀਆਂ ਫ਼ਿਲਮਾਂ ਹਿਟ ਅਤੇ ਸੁਪਰਹਿਟ ਹੁੰਦੀਆਂ ਹਨ। ਦਰਸ਼ਕ ਅਜਿਹੀਆਂ ਫ਼ਿਲਮਾਂ ਨੂੰ ਦੇਖਣਾ ਪਸੰਦ ਕਰਦੇ ਹਨ ਕਿਉਂਕਿ ਉਨ੍ਹਾਂ ਵਿੱਚ ਉਨ੍ਹਾਂ ਦੀਆਂ ਹੀ ਗੱਲਾਂ ਹੁੰਦੀਆਂ ਹਨ। ਅਜਿਹੀਆਂ ਫ਼ਿਲਮਾਂ ਦਾ ਟੀਚਾ ਫ਼ਿਲਮ ਤੋਂ ਮਨੋਰੰਜਨ ਨਹੀਂ ਬਲਕਿ ਮਜ਼ਬੂਤ ਸਮਾਜਕ ਸੰਦੇਸ਼ ਦੇਣਾ ਵੀ ਹੁੰਦਾ ਹੈ। ਇੱਥੇ ਅਜਿਹੀਆਂ ਬਿਹਤਰੀਨ ਫ਼ਿਲਮਾਂ ਦੀ ਗੱਲ ਕਰਾਂਗੇ ਜੋ ਸਮਾਜਕ ਸੰਦੇਸ਼ ਦਿੰਦੀਆਂ ਹਨ।
ਸਾਡੇ ਸਮਾਜ ਵਿੱਚ ਧਰਮ ਪ੍ਰਤੀ ਵਿਭਿੰਨ ਪ੍ਰਕਾਰ ਦੇ ਆਡੰਬਰ ਅਤੇ ਅੰਧਵਿਸ਼ਵਾਸ ਭਰੇ ਹੋਏ ਹਨ। ਆਲਮ ਇਹ ਹੈ ਕਿ ਲੋਕ ਧਰਮ ਗੁਰੂਆਂ ਅਤੇ ਕਥਾ ਵਾਚਕਾਂ ਨੂੰ ਹੀ ਭਗਵਾਨ ਸਮਝਣ ਲੱਗ ਜਾਂਦੇ ਹਨ। ਅਜਿਹੇ ਜੀਵਤ ਭਗਵਾਨ ਪ੍ਰਤੀ ਅੰਧਵਿਸ਼ਵਾਸ ਇੰਨਾ ਹੈ ਕਿ ਉਹ ਪੈਸਾ ਅਤੇ ਇੱਜ਼ਤ ਸਭ ਦਾਅ ‘ਤੇ ਲਗਾ ਦਿੰਦੇ ਹਨ। ਇਸ ਬਿਰਤੀ ‘ਤੇ ਕਰਾਰਾ ਵਾਰ ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਕੌਮੇਡੀ ਵਾਲੇ ਅੰਦਾਜ਼ ਵਿੱਚ ਫ਼ਿਲਮ OMG ਨਾਲ ਕੀਤਾ ਸੀ। ਇਸ ਵਿੱਚ ਵਿਸ਼ਵਾਸ ਅਤੇ ਅੰਧਵਿਸ਼ਵਾਸ ਵਿਚਕਾਰ ਸੂਖਮ ਅੰਤਰ ਨੂੰ ਬਾਰੀਕੀ ਨਾਲ ਦਿਖਾਇਆ ਗਿਆ ਸੀ।
ਨਾਰਾਇਣ ਸਿੰਘ ਵਲੋਂ ਨਿਰਦੇਸ਼ਿਤ 2017 ਵਿੱਚ ਆਈ ਫ਼ਿਲਮ ਟੌਇਲਟ ਏਕ ਪ੍ਰੇਮ ਕਥਾ ਹਿੰਦੀ ਭਾਸ਼ਾ ਦੀ ਕੌਮੇਡੀ-ਡਰਾਮਾ ਫ਼ਿਲਮ ਸੀ। ਇਹ ਭਾਰਤ ਵਿੱਚ ਸਵੱਛਤਾ ਦੀ ਸਥਿਤੀ ਵਿੱਚ ਸੁਧਾਰ ਕਰਨ ਲਈ ਸਰਕਾਰੀ ਅਭਿਆਨਾਂ ਦੇ ਸਮਰਥਨ ਵਿੱਚ ਇੱਕ ਵਿਅੰਗਮਈ ਕੌਮੇਡੀ ਹੈ ਜਿਸ ਵਿੱਚ ਖੁੱਲ੍ਹੇ ਵਿੱਚ ਪਖ਼ਾਨਾ ਜਾਣ ਦੇ ਖ਼ਾਤਮੇ ‘ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਵੀ ਭਾਰਤ ਵਿੱਚ ਬਹੁਤ ਸਾਰੇ ਪੇਂਡੂ ਖੇਤਰਾਂ ਵਿੱਚ ਪਖ਼ਾਨੇ ਨਹੀਂ ਹਨ। ਜੇਕਰ ਹਨ ਵੀ ਤਾਂ ਸਾਂਝੇ ਹਨ ਜਿੱਥੇ ਗਲੀ ਮੁਹੱਲੇ ਦੇ ਸਾਰੇ ਲੋਕ ਜਾਂਦੇ ਹਨ। ਸ਼ਰਮ ਕਾਰਨ ਕਈ ਔਰਤਾਂ ਇਨ੍ਹਾਂ ਦਾ ਉਪਯੋਗ ਨਹੀਂ ਕਰਦੀਆਂ। ਉਹ ਦੂਰ ਦੇ ਖੇਤਾਂ, ਜੰਗਲ ਜਾਂ ਸੁੰਨਸਾਨ ਇਲਾਕਿਆਂ ਵਿੱਚ ਜਾਂਦੀਆਂ ਹਨ ਜਿੱਥੇ ਉਨ੍ਹਾਂ ਨਾਲ ਕਈ ਵਾਰ ਦੁਰਵਿਵਹਾਰ ਵੀ ਹੋ ਜਾਂਦਾ ਹੈ। ਪਖ਼ਾਨਾ ਇੱਕ ਬੁਨਿਆਦੀ ਜ਼ਰੂਰਤ ਹੈ ਜਿਸ ਦਾ ਇਸ ਫ਼ਿਲਮ ਵਿੱਚ ਸੰਦੇਸ਼ ਦਿੱਤਾ ਗਿਆ ਸੀ।
ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਫ਼ਿਲਮ 3 ਇਡੀਅਟਸ 2009 ਵਿੱਚ ਰਿਲੀਜ਼ ਹੋਈ ਇੱਕ ਕੌਮੇਡੀ ਡਰਾਮਾ ਫ਼ਿਲਮ ਸੀ। ਇਹ ਫ਼ਿਲਮ ਇੱਕ ਭਾਰਤੀ ਇੰਜਨੀਅਰਿੰਗ ਕਾਲਜ ਵਿੱਚ ਤਿੰਨ ਭਾਰਤੀ ਵਿਦਿਆਰਥੀਆਂ ਦੀ ਦੋਸਤੀ ਨੂੰ ਦਿਖਾਉਂਦੀ ਹੈ ਅਤੇ ਨਾਲ ਹੀ ਭਾਰਤੀ ਸਿੱਖਿਆ ਪ੍ਰਣਾਲੀ ਤਹਿਤ ਸਮਾਜਕ ਦਬਾਅ ‘ਤੇ ਤਿੱਖਾ ਵਿਅੰਗ ਕਰਦੀ ਹੈ।
ਸਾਲ 2007 ਵਿੱਚ ਆਈ ਫ਼ਿਲਮ ਤਾਰੇ ਜ਼ਮੀਂ ਪਰ ਅੱਠ ਸਾਲ ਦੇ ਡਿਸਲੈਕਸੀਆ ਪੀੜਤ ਬੱਚੇ ਇਸ਼ਾਨ ਦੇ ਜੀਵਨ ਅਤੇ ਕਲਪਨਾ ਦੀ ਖੋਜ ਕਰਦੀ ਹੈ। ਉਹ ਕਲਾ ਵਿੱਚ ਚੰਗਾ ਹੈ, ਉਸ ਦੇ ਖ਼ਰਾਬ ਸਿੱਖਿਆ ਪ੍ਰਦਰਸ਼ਨ ਕਾਰਨ ਉਸਦੇ ਮਾਤਾ-ਪਿਤਾ ਉਸ ਨੂੰ ਇੱਕ ਬੋਰਡਿੰਗ ਸਕੂਲ ਵਿੱਚ ਭੇਜ ਦਿੰਦੇ ਹਨ। ਇਸ਼ਾਨ ਦੇ ਆਰਟ ਅਧਿਆਪਕ ਨੂੰ ਪੂਰਾ ਵਿਸ਼ਵਾਸ ਹੁੰਦਾ ਹੈ ਕਿ ਇਸ਼ਾਨ ਡਿਸਲੈਕਸਿਕ ਹੈ ਅਤੇ ਉਹ ਉਸ ਨੂੰ ਦੂਰ ਕਰਨ ਵਿੱਚ ਉਸ ਦੀ ਮਦਦ ਕਰ ਸਕਦਾ ਹੈ। ਇਹ ਫ਼ਿਲਮ ਵਿਸ਼ੇਸ਼ ਬੱਚਿਆਂ ਦੀਆਂ ਜ਼ਰੂਰਤਾਂ ਦੀ ਪੜਤਾਲ ਕਰਦੀ ਹੈ ਅਤੇ ਦੱਸਦੀ ਹੈ ਕਿ ਸਮਾਜ ਉਨ੍ਹਾਂ ਲਈ ਕੀ ਕਰ ਸਕਦਾ ਹੈ।
ਫ਼ਿਲਮ ਮਰਦਾਨੀ ਦੀ ਕਹਾਣੀ ਸ਼ਿਵਾਨੀ ਸ਼ਿਵਾਜੀ ਰਾਏ ਦੇ ਆਸ ਪਾਸ ਘੁੰਮਦੀ ਹੈ ਜੋ ਇੱਕ ਪੁਲੀਸ ਮੁਲਾਜ਼ਮ ਹੈ। ਰਾਣੀ ਮੁਖਰਜੀ ਵਲੋਂ ਸ਼ਿਵਾਨੀ ਦਾ ਕਿਰਦਾਰ ਨਿਭਾਇਆ ਗਿਆ ਹੈ ਜੋ ਇੱਕ ਕਿਸ਼ੋਰ ਲੜਕੀ ਨੂੰ ਅਗਵਾ ਕਰਨ ਦੇ ਕੇਸ ਦੀਆਂ ਪਰਤਾਂ ਖੋਲ੍ਹਦੀ ਹੈ ਜਿੱਥੇ ਉਸ ਨੂੰ ਭਾਰਤੀ ਮਾਫ਼ੀਆ ਵਲੋਂ ਮਨੁੱਖੀ ਤਸਕਰੀ ਦੇ ਰਹੱਸਾਂ ਬਾਰੇ ਪਤਾ ਲੱਗਦਾ ਹੈ। ਇਹ ਫ਼ਿਲਮ ਔਰਤ ਦੀ ਬਹਾਦਰੀ ਦਰਸਾਉਂਦੀ ਹੈ ਅਤੇ ਮਨੁੱਖੀ ਤਸਕਰੀ ‘ਤੇ ਤਿੱਖਾ ਵਿਅੰਗ ਕਰਦੀ ਹੈ।
ਕਿਸਾਨ ਆਏ ਦਿਨ ਆਤਮਹਤਿਆਵਾਂ ਕਰ ਰਹੇ ਹਨ। ਕਾਰਨ ਕਰਜ਼ਾ ਜਾਂ ਸੋਕਾ ਜਾਂ ਗ਼ਰੀਬੀ ਹੈ। ਇਹ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਨਾ ਹੀ ਕਿਸਾਨਾਂ ਦੀ ਬਦਹਾਲੀ ‘ਤੇ ਕੋਈ ਧਿਆਨ ਹੀ ਦੇ ਰਿਹੈ। 2010 ਵਿੱਚ ਰਿਲੀਜ਼ ਫ਼ਿਲਮ ਪੀਪਲੀ ਲਾਈਵ ਨੇ ਭਾਰਤ ਦੇ ਇਸ ਸਭ ਤੋਂ ਵੱਡੇ ਸਮਾਜਕ ਮੁੱਦੇ ਦੀ ਗੱਲ ਕੀਤੀ ਸੀ।
ਕੰਨਿਆ ਭਰੂਣ ਹੱਤਿਆ ‘ਤੇ ਆਧਾਰਿਤ ਫ਼ਿਲਮ ਮਾਤਰਭੂਮੀ: ਆ ਨੇਸ਼ਨ ਵਿਦਆਊਟ ਵਿਮੈੱਨ ਦੇਸ਼ ਦੇ ਭਵਿੱਖ ਨੂੰ ਦਿਖਾਉਂਦੀ ਹੈ। ਜੇਕਰ ਲੜਕੀਆਂ ਨੂੰ ਮਾਰਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਹੀ ਨਹੀਂ ਰਹੇਗਾ। ਇਹ ਫ਼ਿਲਮ ਇੱਕ ਲੜਕੀ ਦੀ ਕਹਾਣੀ ਦੇ ਆਸ ਪਾਸ ਘੁੰਮਦੀ ਹੈ ਜਿਸ ਦਾ ਵਿਆਹ ਪੰਜ ਭਰਾਵਾਂ ਨਾਲ ਹੁੰਦਾ ਹੈ। ਫ਼ਿਲਮ ਬਦਹਾਲ ਸਮਾਜ ਦੀ ਝਲਕ ਦਿਖਾਉਂਦੀ ਹੈ ਅਤੇ ਬੱਚੀਆਂ ਨੂੰ ਬਚਾਉਣ ਦਾ ਸੰਦੇਸ਼ ਦਿੰਦੀ ਹੈ।
ਜੌਲੀ LLB 2013 ਵਿੱਚ ਰਿਲੀਜ਼ ਹੋਈ ਇੱਕ ਕੌਮੇਡੀ ਫ਼ਿਲਮ ਹੈ। ਉਸ ਨੂੰ ਸੁਭਾਸ਼ ਕਪੂਰ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਸੀ। ਇਹ ਫ਼ਿਲਮ ਵਕੀਲ ਜਗਦੀਸ਼ ਤਿਆਗੀ ਦੇ ਜੀਵਨ ਦੇ ਆਸ ਪਾਸ ਘੁੰਮਦੀ ਹੈ। ਇਸ ਦੀ ਕਹਾਣੀ 1999 ਦੇ ਸੰਜੀਵ ਨੰਦਾ ਦੇ ਹਿਟ ਐਂਡ ਰਨ ਮਾਮਲੇ ਅਤੇ ਪ੍ਰਿਆਦਰਸ਼ਨ ਮੱਟੂ ਮਾਮਲੇ ਦੇ ਇੱਕ ਸੰਦਰਭ ਤੋਂ ਪ੍ਰੇਰਿਤ ਹੈ।
ਫ਼ਿਲਮ ਪਿੰਕ ਦੇ ਸਿਰਲੇਖ ਦਾ ਲੜਕੀਆਂ ਦੇ ਪਸੰਦੀਦਾ ਰੰਗ ਗ਼ੁਲਾਬੀ ਨਾਲ ਕੋਈ ਸਬੰਧ ਨਹੀਂ। ਇਹ ਫ਼ਿਲਮ ਸੰਦੇਸ਼ ਦਿੰਦੀ ਹੈ ਕਿ ਔਰਤਾਂ ਨੂੰ ਖੁੱਲ੍ਹ ਕੇ ਬੋਲਣ ਅਤੇ ਰਾਤ ਮੌਕੇ ਆਜ਼ਾਦੀ ਨਾਲ ਘੁੰਮਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਨਾਲ ਹੀ ਇਹ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਪ੍ਰਤੀ ਸੋਚਣ ਲਈ ਵੀ ਮਜਬੂਰ ਕਰਦੀ ਹੈ।
ਫ਼ਿਲਮ ਆ ਵੈੱਡਨੇਸਡੇਅ ਨੇ ਆਮ ਆਦਮੀ ਦੀ ਤਾਕਤ ਬਾਰੇ ਦੱਸਿਆ ਸੀ। ਇਸ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਇੱਕ ਆਮ ਆਦਮੀ ਦਾ ਦਿਮਾਗ਼ ਹਿਲ ਜਾਂਦਾ ਹੈ ਤਾਂ ਉਹ ਕਿਸ ਹੱਦ ਤਕ ਜਾ ਸਕਦਾ ਹੈ। ਅਜਿਹੇ ਵਿਸ਼ੇ ‘ਤੇ ਪਹਿਲਾਂ ਕੋਈ ਫ਼ਿਲਮ ਦੇਖਣ ਨੂੰ ਨਹੀਂ ਮਿਲੀ।
ਸਾਲ 2015 ਵਿੱਚ ਰਿਲੀਜ਼ ਫ਼ਿਲਮ ਬਜਰੰਗੀ ਭਾਈਜਾਨ ਵਿੱਚ ਸਲਮਾਨ ਖ਼ਾਨ ਨੇ ਭਗਵਾਨ ਹਨੁਮਾਨ ਦੇ ਇੱਕ ਭਗਤ ਬਜਰੰਗੀ ਦੀ ਭੂਮਿਕਾ ਨਿਭਾਈ ਹੈ ਜੋ ਛੇ ਸਾਲ ਦੀ ਪਾਕਿਸਤਾਨੀ ਮੁਸਲਿਮ ਬੱਚੀ ਨੂੰ ਉਸ ਦੇ ਮਾਤਾ-ਪਿਤਾ ਨਾਲ ਮਿਲਾਉਂਦਾ ਹੈ।
ਅਕਸ਼ੇ ਕੁਮਾਰ ਦੀ ਅਦਾਕਾਰੀ ਨਾਲ ਸਜੀ ਫ਼ਿਲਮ ਪੈਡਮੈਨ ਤਾਮਿਲ ਨਾਡੂ ਦੇ ਉੱਦਮੀ ਅਰੁਣਾਚਲਮ ਮੁਰਗਨਾਂਥਮ ਦੀ ਕਹਾਣੀ ਤੋਂ ਪ੍ਰੇਰਿਤ ਹੈ ਜਿਸ ਨੇ ਆਪਣੇ ਪਿੰਡ ਦੀਆਂ ਔਰਤਾਂ ਲਈ ਸਸਤੇ ਸੈਨੇਟਰੀ ਨੈਪਕਿਨ ਬਣਾਏ। ਪਦਮ ਸ਼੍ਰੀ (2016) ਪ੍ਰਾਪਤਕਰਤਾ ਇਸ ਉੱਦਮੀ ਨੇ ਵੱਡੀ ਮਾਤਰਾ ਵਿੱਚ ਸੈਨੇਟਰੀ ਪੈਡ ਬਣਾਉਣ ਲਈ ਘੱਟ ਲਾਗਤ ਵਾਲੀ ਸੈਨੇਟਰੀ ਪੈਡ ਮਸ਼ੀਨ ਤਿਆਰ ਕੀਤੀ।
ਇੱਕ ਅਪਰਾਧ ਦੀ ਜਾਂਚ ਰਾਹੀਂ ਫ਼ਿਲਮ ਆਰਟੀਕਲ 15 ਛੋਟੀ ਜਾਤ ਦੀ ਦੁਰਦਸ਼ਾ ਅਤੇ ਜ਼ਾਤ ਵਿਵਸਥਾ ਦੀਆਂ ਬੁਰਾਈਆਂ ਨੂੰ ਉਜਾਗਰ ਕਰਦੀ ਹੈ। ਇਹ ਸਮੱਸਿਆ ਕਾਲਪਨਿਕ ਨਹੀਂ ਬਲਕਿ ਸਾਡੇ ਸਮਾਜ ਵਿੱਚ ਮੌਜੂਦ ਹੈ।
ਸਾਲ 2017 ਵਿੱਚ ਆਈ ਫ਼ਿਲਮ ਹਿੰਦੀ ਮੀਡੀਅਮ ਨੇ ਦੇਸ਼ ਦੀ ਸਿੱਖਿਆ ਪ੍ਰਣਾਲੀ ਦੀਆਂ ਘਾਟਾਂ ‘ਤੇ ਰੌਸ਼ਨੀ ਪਾਈ ਸੀ। ਵਿੱਕੀ ਡੋਨਰ ਇੱਕ ਅਜਿਹੀ ਫ਼ਿਲਮ ਸੀ ਜਿਸ ਨੇ ਭਾਰਤੀ ਸਮਾਜ ਦੇ ਨਾਲ ਨਾਲ ਸਿਨਮਾ ਦੀਆਂ ਕਈ ਧਾਰਨਾਵਾਂ ਨੂੰ ਤੋੜਿਆ। ਇਸ ਵਿੱਚ ਸ਼ੁਕਰਾਣੂ ਦਾਨ ਅਤੇ ਬਣਾਵਟੀ ਗਰਭਧਾਰਨ ਬਾਰੇ ਗੱਲ ਕੀਤੀ ਗਈ ਹੈ। ਫ਼ਿਲਮ ਡੋਰ ਨਾਅਰੇਬਾਜ਼ੀ ਕੀਤੇ ਬਿਨਾਂ ਇੱਕ ਮਜ਼ਬੂਤ ਨਾਰੀਵਾਦੀ ਬਿਆਨ ਦਿੰਦੀ ਹੈ। ਇਹ ਦਰਸਾਉਂਦੀ ਹੈ ਕਿ ਆਧੁਨਿਕ ਭਾਰਤ ਵਿੱਚ ਅੱਜ ਵੀ ਵਿਧਵਾ ਔਰਤਾਂ ਨਾਲ ਕਿਵੇਂ ਦਾ ਸਲੂਕ ਕੀਤਾ ਜਾਂਦਾ ਹੈ।
ਫ਼ਿਲਮ ਛਪਾਕ (2020) ਮੇਘਨਾ ਗੁਲਜ਼ਾਰ ਵਲੋਂ ਨਿਰਦੇਸ਼ਿਤ ਹੈ। ਇਹ ਲਕਸ਼ਮੀ ਅਗਰਵਾਲ ਦੇ ਜੀਵਨ ‘ਤੇ ਆਧਾਰਿਤ ਹੈ ਜਿਸ ‘ਤੇ ਤੇਜ਼ਾਬੀ ਹਮਲਾ ਕਰ ਦਿੱਤਾ ਗਿਆ ਸੀ। ਇਸ ਫ਼ਿਲਮ ਵਿੱਚ ਦੀਪਿਕਾ ਪਾਦੁਕੋਣ ਵਲੋਂ ਇੱਕ ਤੇਜ਼ਾਬ ਪੀੜਤਾ ਦੇ ਦਰਦ ਅਤੇ ਉਸ ਪ੍ਰਤੀ ਸਮਾਜ ਦੇ ਨਜ਼ਰੀਏ ਨੂੰ ਦਿਖਾਇਆ ਗਿਆ ਹੈ।