ਏਅਰਪੋਰਟ ‘ਤੇ ਦੂਜੀ ਵਾਰ ਗੁੰਮ ਹੋਇਆ ਸੋਨਮ ਦਾ ਸਮਾਨ

ਬੌਲੀਵੁਡ ਅਦਾਕਾਰਾ ਸੋਨਮ ਕਪੂਰ ਦਾ ਇੱਕ ਟਵੀਟ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਹੀ ਹੈ। ਸੋਨਮ ਕਪੂਰ ਨੇ ਬ੍ਰਿਟਿਸ਼ ਏਅਰਵੇਜ਼ ਨੂੰ ਸੰਬੋਧਿਤ ਹੁੰਦੇ ਹੋਏ ਉਨ੍ਹਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇੰਨਾ ਹੀ ਨਹੀਂ, ਸੋਨਮ ਨੇ ਬ੍ਰਿਟਿਸ਼ ਏਅਰਵੇਜ਼ ‘ਤੇ ਇਹ ਦੋਸ਼ ਵੀ ਲਗਾਏ ਹਨ ਕਿ ਇੱਕ ਹੀ ਮਹੀਨੇ ਵਿੱਚ ਦੋ-ਦੋ ਵਾਰ ਉਨ੍ਹਾਂ ਦਾ ਸਾਮਾਨ ਮਿਸਪਲੇਸ ਕਰ ਦਿੱਤਾ ਗਿਆ ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਨਮ ਨੇ ਫ਼ਿਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਹੁਣ ਦੁਬਾਰਾ ਕਦੇ ਵੀ ਇਸ ਏਅਰਲਾਈਨ ਰਾਹੀਂ ਯਾਤਰਾ ਨਹੀਂ ਕਰੇਗੀ। ਸੋਨਮ ਦੇ ਟਵੀਟ ‘ਤੇ ਸੋਸ਼ਲ ਮੀਡੀਆ ਯੂਜ਼ਰਜ਼ ਵੀ ਲਗਾਤਾਰ ਪ੍ਰਤੀਕਿਰਿਆ ਦੇ ਰਹੇ ਹਨ। ਸੋਨਮ ਦੇ ਟਵੀਟ ਤੋਂ ਬਾਅਦ ਬ੍ਰਿਟਿਸ਼ ਏਅਰਵੇਜ਼ ਨੇ ਆਪਣੀ ਸਫ਼ਾਈ ਦਿੱਤੀ ਹੈ।
ਸੋਨਮ ਨੇ ਟਵਿਟਰ ‘ਤੇ ਲਿਖਿਆ ਸੀ, ”ਅਜਿਹਾ ਤੀਜੀ ਵਾਰ ਹੈ … ਇਸ ਮਹੀਨੇ ਵਿੱਚ ਦੂਜੀ ਵਾਰ ਅਜਿਹਾ ਹੋਇਆ ਹੈ ਜਦੋਂ ਮੇਰਾ ਸਾਮਾਨ ਗੁੰਮ ਹੋ ਗਿਆ ਹੈ। ਮੈਂ ਸਬਕ ਸਿੱਖ ਲਿਆ ਹੈ। ਹੁਣ ਮੈਂ ਕਦੇ ਵੀ ਬ੍ਰਿਟਿਸ਼ ਏਅਰਵੇਜ਼ ਰਾਹੀਂ ਯਾਤਰਾ ਨਹੀਂ ਕਰਾਂਗੀ।” ਸੋਨਮ ਦੇ ਇਸ ਟਵੀਟ ਨੂੰ ਪੜ੍ਹਨ ਤੋਂ ਬਾਅਦ ਏਅਰਲਾਈਨ ਨੇ ਜਵਾਬ ਦਿੰਦੇ ਹੋਏ ਲਿਖਿਆ, ”ਤੁਹਾਡਾ ਸਾਮਾਨ ਮਿਲਣ ਵਿੱਚ ਸਾਨੂੰ ਦੇਰੀ ਹੋਈ ਇਹ ਜਾਣ ਕੇ ਸਾਨੂੰ ਦੁੱਖ ਹੈ ਸੋਨਮ। ਜਦੋਂ ਤੁਸੀਂ ਏਅਰਪੋਰਟ ‘ਤੇ ਇਸ ਬਾਰੇ ਦੱਸਿਆ ਤਾਂ ਕੀ ਤੁਹਾਨੂੰ ਟਰੈਕਿੰਗ ਰੈਫ਼ਰੈਂਸ ਨੰਬਰ ਦਿੱਤਾ ਗਿਆ ਸੀ?”

ਬ੍ਰਿਟਿਸ਼ ਏਅਰਵੇਜ਼ ਦੇ ਇਸ ਟਵੀਟ ਨੂੰ ਰਿਟਵੀਟ ਕਰਦੇ ਹੋਏ ਸੋਨਮ ਨੇ ਲਿਖਿਆ, ”ਹਾਂ, ਇਹ ਸਭ ਕੀਤਾ ਜਾ ਚੁੱਕਿਆ ਹੈ ਪਰ ਇਹ ਬੇਹੱਦ ਅਸੁਵਿਧਾਜਨਕ ਹੈ। ਤੁਹਾਡੇ ਲੋਕਾਂ ਨੂੰ ਇਸ ‘ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਤੁਹਾਡੀ ਭੈੜੀ ਸਰਵਿਸ ਅਤੇ ਤੁਹਾਡਾ ਮਾੜਾ ਪ੍ਰਬੰਧ ਦਰਸਾਉਂਦਾ ਹੈ।”