JNU ਹਿੰਸਾ ਨੂੰ ਲੈ ਕੇ ਦੇਸ਼ ‘ਚ ਪ੍ਰਦਰਸ਼ਨ, ਇਕਜੁਟ ਹੋਈਆਂ ਯੂਨੀਵਰਸਿਟੀਆਂ

ਨਵੀਂ ਦਿੱਲੀ— ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ‘ਚ ਐਤਵਾਰ ਸ਼ਾਮ ਨੂੰ ਹੋਈ ਹਿੰਸਾ ਵਿਰੁੱਧ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਕਜੁਟ ਹੋ ਗਏ ਹਨ। ਮੁੰਬਈ ਦੇ ਗੇਟਵੇਅ ਆਫ ਇੰਡੀਆ ਦੇ ਬਾਹਰ ਹਿੰਸਾ ਵਿਰੁੱਧ ਪ੍ਰਦਰਸ਼ਨ ਹੋ ਰਹੇ ਹਨ। ਇੱਥੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਰਹੇ ਹਨ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਤੇ ਪੁਣੇ ਵਿਚ ਫਿਲਮ ਐਂਡ ਟੈਲੀਵਿਜ਼ਨ ਆਫ ਇੰਡੀਆ, ਹੈਦਰਾਬਾਦ ਯੂਨੀਵਰਸਿਟੀ ਦੇ ਵਿਦਿਆਰਥੀ ਰਾਤ ਨੂੰ ਹੀ ਸੜਕਾਂ ‘ਤੇ ਉਤਰ ਆਏ ਅਤੇ ਹਿੰਸਾ ਵਿਰੁੱਧ ਪ੍ਰਦਰਸ਼ਨ ਕਰਨ ਲੱਗੇ।
ਇੱਥੇ ਦੱਸ ਦੇਈਏ ਕਿ ਜੇ. ਐੱਨ. ਯੂ. ‘ਚ ਐਤਵਾਰ ਭਾਵ ਕੱਲ ਸ਼ਾਮ ਕਈ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿਚ ਚਿਹਰਾ ਢਕੇ ਅਤੇ ਹੱਥਾਂ ਵਿਚ ਡੰਡੇ ਲੈ ਕੇ ਨਕਾਬਪੋਸ਼ ਬਦਮਾਸ਼ਾਂ ਨੇ ਕੈਂਪਸ ‘ਚ ਹਮਲਾ ਕੀਤਾ। ਕਈ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ, ਭੰਨ-ਤੋੜ ਕੀਤੀ ਗਈ। ਹਮਲਾਵਰਾਂ ਨੇ ਅਧਿਆਪਕਾਂ ਨੂੰ ਵੀ ਨਹੀਂ ਛੱਡਿਆ। ਇਸ ਦੌਰਾਨ ਜੇ. ਐੱਨ. ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਹਮਲੇ ਵਿਚ ਜ਼ਖਮੀ ਹੋ ਗਈ। ਇਸ ਹਿੰਸਾ ‘ਚ 30 ਹੋਰ ਲੋਕ ਜ਼ਖਮੀ ਹੋਏ ਹਨ।
ਓਧਰ ਜੇ. ਐੱਨ. ਯੂ. ਵਿਦਿਆਰਥੀ ਸੰਘ ਨੇ ਦਾਅਵਾ ਕੀਤਾ ਹੈ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) ਨੇ ਹਿੰਸਾ ਨੂੰ ਅੰਜ਼ਾਮ ਦਿੱਤਾ ਹੈ। ਸ਼ਾਮ ਨੂੰ ਹੋਈ ਇਸ ਹਿੰਸਾ ਤੋਂ ਬਾਅਦ ਜੇ. ਐੱਨ. ਯੂ, ਏਮਜ਼, ਦਿੱਲੀ ਪੁਲਸ ਹੈੱਡਕੁਆਰਟਰ ਦੇ ਬਾਹਰ ਰਾਤ ਭਰ ਪ੍ਰਦਰਸ਼ਨ ਹੋਇਆ। ਇੰਨਾ ਹੀ ਨਹੀਂ ਮੁੰਬਈ ਸਮੇਤ ਦੇਸ਼ ਦੇ ਕਈ ਹਿੱਸਿਆਂ ‘ਚ ਵੱਡੀ ਗਿਣਤੀ ਵਿਚ ਲੋਕ ਜੇ. ਐੱਨ. ਯੂ. ‘ਚ ਹੋਈ ਹਿੰਸਾ ਵਿਰੁੱਧ ਸੜਕਾਂ ‘ਤੇ ਉਤਰ ਆਏ।