ਨਿਰਦੇਸ਼ਨ ਦਾ ਮਾੜਾ ਦੌਰ

ਅਸੀਮ ਚਕਰਵਰਤੀ
ਫ਼ਿਲਮ ਦੀ ਕਾਮਯਾਬੀ ਵਿੱਚ ਜਿੰਨੀ ਭੂਮਿਕਾ ਉਸ ਦੇ ਅਦਾਕਾਰਾਂ ਦੀ ਹੁੰਦੀ ਹੈ ਉਸ ਤੋਂ ਕਿਧਰੇ ਜ਼ਿਆਦਾ ਯੋਗਦਾਨ ਉਸ ਦੀ ਮਜ਼ਬੂਤ ਪਟਕਥਾ ਦਾ ਹੁੰਦਾ ਹੈ। ਪੁਰਾਣੀਆਂ ਫ਼ਿਲਮਾਂ ਦੇ ਕਈ ਸੰਵਾਦ, ਕਹਾਣੀਆਂ ਅਤੇ ਪਟਕਥਾ ਹੀ ਦਰਸ਼ਕਾਂ ਵਿੱਚ ਦੀਵਾਨਗੀ ਭਰਦੇ ਸਨ। ਇਨ੍ਹਾਂ ਦੇ ਸੰਵਾਦ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹ ਜਾਂਦੇ ਸਨ, ਪਰ ਪਿਛਲੇ ਕੁੱਝ ਸਾਲਾਂ ਤੋਂ ਇਨ੍ਹਾਂ ਸਾਰੇ ਅਹਿਮ ਤੱਤਾਂ ਦੀ ਗੁਣਵੱਤਾ ਵਿੱਚ ਨਿਰੰਤਰ ਗਿਰਾਵਟ ਆਈ ਹੈ। ਇਸ ਲਈ ਨਿਰਦੇਸ਼ਕਾਂ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ। ਇਨ੍ਹਾਂ ਵਿੱਚੋਂ ਬਹੁਤੇ ਤਾਂ ਅਜਿਹੇ ਹਨ ਜਿਨ੍ਹਾਂ ਨੂੰ ਨਾ ਤਾਂ ਪਟਕਥਾ ਦੀ ਸਮਝ ਹੈ ਅਤੇ ਨਾ ਹੀ ਪੇਸ਼ਕਾਰੀ ਦੀ।
ਕ੍ਰਿਸ਼ਨਾ ਅਭਿਸ਼ੇਕ ਨੇ ਇੱਕ ਫ਼ਿਲਮ ਬਣਾਈ ਹੈ ਮੈਂ ਮਰਨਾ ਚਾਹਤਾ ਹੂੰ। ਇਸ ਫ਼ਿਲਮ ਦੀ ਕਰਤਾ-ਧਰਤਾ ਉਸ ਦੀ ਪਤਨੀ ਕਸ਼ਮੀਰਾ ਸ਼ਾਹ ਹੈ ਜਿਸ ਨੇ ਇਸ ਫ਼ਿਲਮ ਵਿੱਚ ਆਪਣੇ ਛੋਟੇ ਭਾਈ ਨੂੰ ਹੀਰੋ ਬਣਾਇਆ ਹੈ। ਜਿਸ ਫ਼ਿਲਮ ਦੀ ਲੇਖਕ-ਨਿਰਦੇਸ਼ਕ ਕਸ਼ਮੀਰਾ ਸ਼ਾਹ ਹੋਵੇ ਉਸ ਦਾ ਕੀ ਹਸ਼ਰ ਹੋਵੇਗਾ? ਇਸ ਬਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ। ਦਰਅਸਲ, ਅੱਜਕੱਲ੍ਹ ਇਸ ਤਰ੍ਹਾਂ ਦੇ ਮੰਜ਼ਰ ਸਾਹਮਣੇ ਆਉਣ ਲੱਗੇ ਹਨ ਕਿ ਕੋਈ ਵੀ ਫ਼ਿਲਮ ਦਾ ਨਿਰਦੇਸ਼ਨ ਕਰਨ ਲੱਗਦਾ ਹੈ। ਇਹ ਫ਼ਿਲਮ ਨਿਰਦੇਸ਼ਨ ਦਾ ਸਭ ਤੋਂ ਖ਼ਰਾਬ ਦੌਰ ਚੱਲ ਰਿਹਾ ਹੈ ਜਿਸ ਦੇ ਚੱਲਦੇ ਨਿਰਦੇਸ਼ਕ ਸਿਰਫ਼ ਕਠਪੁਤਲੀ ਬਣ ਕੇ ਰਹਿ ਗਿਆ ਹੈ। ਜਿਵੇਂ ਹਾਲ ਹੀ ਵਿੱਚ ਦਰਸ਼ਕਾਂ ਨੂੰ ਸਾਜਿਦ ਨਾਡਿਆਡਵਾਲਾ ਦੀ ਬੇਸਿਰ ਪੈਰ ਦੀ ਕੌਮੇਡੀ ਫ਼ਿਲਮ ਹਾਊਸਫ਼ੁਲ-4 ਨੂੰ ਲੈ ਕੇ ਮੱਥਾ ਪਿੱਟਦੇ ਹੋਏ ਦੇਖਿਆ ਗਿਆ ਹੈ। ਕੌਮੇਡੀ ਦੇ ਨਾਂ ‘ਤੇ ਅਜਿਹੀ ਪ੍ਰਸਤੁਤੀ ਦਰਸ਼ਕ ਪਹਿਲਾਂ ਵੀ ਕਾਫ਼ੀ ਬਰਦਾਸ਼ਤ ਕਰ ਚੁੱਕੇ ਹਨ। ਤਿੰਨ-ਚਾਰ ਲੋਕਾਂ ਦੀਆਂ ਸੰਯੁਕਤ ਕੋਸ਼ਿਸ਼ਾਂ ਨਾਲ ਇਸ ਫ਼ਿਲਮ ਦੀ ਸਾਰੀ ਪਟਕਥਾ ਟੌਇਲਟ ਸਬੰਧੀ ਮਜ਼ਾਕ ਦੇ ਆਸ-ਪਾਸ ਘੁੰਮਦੀ ਹੈ।
ਅਜਿਹੇ ਦੌਰ ਵਿੱਚ ਪੁਰਾਣੀਆਂ ਫ਼ਿਲਮਾਂ ਦੇ ਉਸ ਸੁਨਹਿਰੇ ਦੌਰ ਦੀ ਯਾਦ ਤਾਜ਼ਾ ਹੋ ਜਾਂਦੀ ਹੈ ਜਦੋਂ ਫ਼ਿਲਮ ਦੀ ਪਟਕਥਾ ਨੂੰ ਭਗਵਾਨ ਦੀ ਤਰ੍ਹਾਂ ਪੂਜਿਆ ਜਾਂਦਾ ਸੀ, ਪਰ ਹਾਲੀਆ ਸਾਲਾਂ ਵਿੱਚ ਫ਼ਿਲਮ ਦੀ ਪਟਕਥਾ ਦਾ ਪਤਨ ਹੋ ਰਿਹਾ ਹੈ। ਇਸ ਪਤਨ ਲਈ ਨਿਰਦੇਸ਼ਕ ਹੀ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰ ਹਨ। ਜ਼ਿਆਦਾ ਉਦਾਹਰਣਾਂ ਨਾ ਦਿੰਦੇ ਹੋਏ ਪਿਛਲੇ ਇੱਕ ਸਾਲ ਦੀਆਂ ਫ਼ਿਲਮਾਂ ਦਾ ਜ਼ਿਕਰ ਕਰਦੇ ਹਾਂ। ਇਨ੍ਹਾਂ ਸਾਰੀਆਂ ਫ਼ਿਲਮਾਂ ਦੀ ਅਸਲਫ਼ਤਾ ਵਿੱਚ ਬੇਤਰਤੀਬ ਪਟਕਥਾ ਦਾ ਵੱਡਾ ਹੱਥ ਸੀ। ਹੁਣ ਤਾਜ਼ਾ ਰਿਲੀਜ਼ ਫ਼ਿਲਮ ਹਾਊਸਫ਼ੁੱਲ-4, ਸਾਹੋ, ਜੱਜਮੈਂਟਲ ਹੈ ਕਿਆ ਵੀ ਅਜਿਹੀਆਂ ਫ਼ਿਲਮਾਂ ਹੀ ਸਾਬਿਤ ਹੋਈਆਂ ਹਨ।
ਹੌਲੀਵੁਡ ਫ਼ਿਲਮਾਂ ਦੇ ਇੱਕ ਵੱਡੇ ਨਿਰਮਾਤਾ ਸਬੰਧੀ ਇੱਕ ਰੋਚਕ ਘਟਨਾ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਕੁੱਝ ਸਾਲ ਪਹਿਲਾਂ ਜਦੋਂ ਸਪੀਲਬਰਗ ਆਪਣੀ ਫ਼ਿਲਮ ਜੁਰੈਸਿਕ ਪਾਰਕ ਦੀ ਅਪਾਰ ਸਫ਼ਲਤਾ ਤੋਂ ਬਾਅਦ ਆਰਾਮ ਕਰ ਰਿਹਾ ਸੀ ਤਾਂ ਉਸ ਦੇ ਇੱਕ ਦੋਸਤ ਨੇ ਪੁੱਛਿਆ, ”ਤੁਸੀਂ ਆਪਣੀ ਨਵੀਂ ਫ਼ਿਲਮ ਕਦੋਂ ਸ਼ੁਰੂ ਕਰ ਰਹੇ ਹੋ?” ਸਪੀਲਬਰਗ ਦਾ ਜਵਾਬ ਸੀ, ”ਉਹ ਤਾਂ ਨੱਬੇ ਪ੍ਰਤੀਸ਼ਤ ਪੂਰੀ ਹੋ ਚੁੱਕੀ ਹੈ।” ਦੋਸਤ ਨੂੰ ਅਜਿਹੇ ਜਵਾਬ ਦੀ ਉਮੀਦ ਨਹੀਂ ਸੀ ਕਿਉਂਕਿ ਉਸ ਨੇ ਕਦੇ ਨਹੀਂ ਸੀ ਸੁਣਿਆ ਸੀ ਕਿ ਸਪੀਲ ਆਪਣੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੈ। ਇਸ ਲਈ ਉਸ ਨੇ ਫ਼ਿਰ ਜਗਿਆਸਾ ਪ੍ਰਗਟਾਈ ਅਤੇ ਕਿਹਾ, ”ਤੁਹਾਨੂੰ ਤਾਂ ਕਦੇ ਸ਼ੂਟਿੰਗ ਕਰਦੇ ਹੋਏ ਨਹੀਂ ਸੁਣਿਆ/ਦੇਖਿਆ।” ਇਸ ‘ਤੇ ਉਸ ਦਾ ਜਵਾਬ ਬਹੁਤ ਹੈਰਾਨ ਕਰਨ ਵਾਲਾ ਸੀ, ”ਬੱਝਵੀਂ ਪਟਕਥਾ ਨਾਲ ਸਭ ਕੁੱਝ ਫ਼ਾਈਨਲ ਹੋ ਚੁੱਕਿਆ ਹੈ। ਹੁਣ ਤਾਂ ਸਿਰਫ਼ 20 ਫ਼ੀਸਦੀ ਕੰਮ ਹੀ ਬਾਕੀ ਹੈ ਜੋ ਮੈਂ ਸ਼ੂਟਿੰਗ ਕਰ ਕੇ ਪੂਰਾ ਕਰਨਾ ਹੈ।”
ਬਰਫ਼ੀ ਤੋਂ ਬਾਅਦ ਖ਼ੁਦ ਦੀ ਤਾਰੀਫ਼ ਵਿੱਚ ਫ਼ਿਲਮ ਨਿਰਦੇਸ਼ਕ ਅਨੁਰਾਗ ਬਸੂ ਨੇ ਫ਼ਿਲਮ ਦੀ ਪਟਕਥਾ ਦਾ ਜ਼ਿਕਰ ਹੋਣ ‘ਤੇ ਬਹੁਤ ਖ਼ੁਸ਼ ਹੁੰਦਿਆਂ ਕਿਹਾ ਸੀ ਕਿ ਉਹ ਕਦੇ ਵੀ ਬੱਝਵੀਂ ਪਟਕਥਾ ਨਹੀਂ ਲਿਖਦਾ ਅਤੇ ਨਾ ਹੀ ਉਸ ਨੂੰ ਬੱਝਵੀਂ ਪਟਕਥਾ ਨਾਲ ਫ਼ਿਲਮ ਬਣਾਉਣਾ ਪਸੰਦ ਹੈ। ਪਰ ਉਸ ਦੀ ਫ਼ਿਲਮ ਜੱਗਾ ਜਾਸੂਸ ਦਾ ਜੋ ਹਸ਼ਰ ਹੋਇਆ ਉਸ ਤੋਂ ਬਾਅਦ ਕੋਈ ਨਿਰਮਾਤਾ ਉਸ ਦੇ ਪ੍ਰੌਜੈਕਟ ਤਕ ਬਾਰੇ ਸੁਣਨਾ ਪਸੰਦ ਨਹੀਂ ਕਰਦਾ।
ਨਿਰਦੇਸ਼ਕ ਇਮਤਿਆਜ਼ ਅਲੀ ਦੀ ਹੈਰੀ ਮੈੱਟ ਸੇਜਲ ਅਤੇ ਆਨੰਦ ਐੱਲ. ਰਾਏ ਦੀ ਜ਼ੀਰੋ ਦੀ ਵੱਡੀ ਅਸਫ਼ਲਤਾ ਤੋਂ ਬਾਅਦ ਇੱਕ ਵੱਡੇ ਡਿਸਟਰੀਬਿਊਟਰ ਨੇ ਬਹੁਤ ਰੋਚਕ ਟਿੱਪਣੀ ਕੀਤੀ ਸੀ, ”ਇਨ੍ਹਾਂ ਨਿਰਦੇਸ਼ਕਾਂ ਤੋਂ ਸਾਨੂੰ ਬਚ ਕੇ ਰਹਿਣਾ ਪਵੇਗਾ। ਇਹ ਬਿਨਾਂ ਪਟਕਥਾ ਦੇ ਇੱਕ ਬਕਵਾਸ ਫ਼ਿਲਮ ਬਣਾ ਕੇ ਸਾਨੂੰ ਦੇ ਦਿੰਦੇ ਹਨ।” ਠੀਕ ਵੀ ਹੈ ਸ਼ਾਹਰੁਖ਼-ਅਨੁਸ਼ਕਾ ਅਤੇ ਕੈਟਰੀਨਾ ਵਰਗੇ ਵੱਡੇ ਅਦਾਕਾਰਾਂ ਨੂੰ ਲੈ ਕੇ ਇਹ ਉਬਾਊ ਫ਼ਿਲਮ ਬਣਾਉਂਦੇ ਹਨ। ਸ਼ਾਹਰੁਖ਼ ਤਾਂ ਹੁਣ ਇਨ੍ਹਾਂ ਨਿਰਦੇਸ਼ਕਾਂ ਤੋਂ ਬਹੁਤ ਖਫ਼ਾ ਹੈ।
ਅਦਾਕਾਰ ਰਿਤਿਕ ਰੌਸ਼ਨ ਦੀ ਇਸ ਗੱਲ ਲਈ ਤਾਰੀਫ਼ ਹੋਣੀ ਚਾਹੀਦੀ ਹੈ ਕਿ ਉਹ ਅਕਸਰ ਆਪਣੀ ਫ਼ਿਲਮ ਦੀ ਪਟਕਥਾ ਨੂੰ ਲੈ ਕੇ ਬਹੁਤ ਸੁਚੇਤ ਰਹਿੰਦਾ ਹੈ। ਇਹੀ ਕਾਰਨ ਹੈ ਕਿ ਉਸ ਦੀ ਹਾਲੀਆ ਰਿਲੀਜ਼ ਪਟਕਥਾ ਆਧਾਰਿਤ ਫ਼ਿਲਮ ਸੁਪਰ-30 ਵੀ ਸੱਚਾਈ ਨੂੰ ਬਿਆਨਦੀ ਹੈ। ਇਸ ਕਾਰਨ ਹੀ ਉਸ ਦੀ ਪਿਛਲੀ ਇੱਕ ਹਲਕੀ-ਫ਼ੁਲਕੀ ਫ਼ਿਲਮ ਕਾਬਿਲ ਵੀ 120 ਕਰੋੜ ਰੁਪਏ ਦਾ ਕਾਰੋਬਾਰ ਆਸਾਨੀ ਨਾਲ ਕਰ ਲੈਂਦੀ ਹੈ। ਉਂਝ ਰਿਤਿਕ ਨੇ ਮੋਹਨਜੋਦਾੜੋ ਵਰਗੀ ਫ਼ਲੌਪ ਫ਼ਿਲਮ ਵਿੱਚ ਵੀ ਕੰਮ ਕੀਤਾ ਹੈ, ਪਰ ਇਸ ਫ਼ਿਲਮ ਦੀ ਪਟਕਥਾ ‘ਤੇ ਕੋਈ ਪ੍ਰਸ਼ਨ ਨਹੀਂ ਕਰ ਸਕਦਾ। ਇਹ ਫ਼ਿਲਮ ਆਪਣੀ ਹੌਲੀ ਪ੍ਰਸਤੁਤੀ ਕਾਰਨ ਫ਼ਲੌਪ ਹੋਈ। ਰਿਤਿਕ ਦੀ ਇਸ ਸਮਝ ‘ਤੇ ਉਸ ਦੇ ਨਿਰਦੇਸ਼ਕ ਪਿਤਾ ਰਾਕੇਸ਼ ਰੌਸ਼ਨ ਦਾ ਵੱਡਾ ਹੱਥ ਰਿਹਾ ਹੈ।
ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਸ਼ਾਹਰੁਖ਼ ਪਟਕਥਾ ਦੀ ਗੱਲ ਬਹੁਤ ਵਧਾ ਚੜ੍ਹਾ ਕੇ ਕਰਦਾ ਹੈ, ਪਰ ਉਸ ਦਾ ਪੂਰਾ ਫ਼ਿਲਮ ਕਰੀਅਰ ਦੇਖ ਲਵੋ ਚੱਕ ਦੇ ਇੰਡੀਆ, ਪਹੇਲੀ ਵਰਗੀ ਇੱਕ ਅੱਧੀ ਫ਼ਿਲਮ ਦੀ ਗੱਲ ਛੱਡ ਦਈਏ ਤਾਂ ਉਸ ਨੇ ਅਜਿਹੀਆਂ ਫ਼ਿਲਮਾਂ ਵਿੱਚ ਜ਼ਿਆਦਾ ਕੰਮ ਕੀਤਾ ਹੈ ਜਿਨ੍ਹਾਂ ਵਿੱਚ ਉਸ ਦਾ ਅੰਦਾਜ਼ ਤਾਂ ਭਾਰੂ ਰਿਹਾ ਪਰ ਪਟਕਥਾ ਗਾਇਬ ਸੀ। ਹੈਰੀ ਮੈੱਟ ਸੇਜਲ ਹੀ ਨਹੀਂ ਫ਼ੈਨ, ਡਿਅਰ ਜ਼ਿੰਦਗੀ ਅਤੇ ਰਈਸ ਫ਼ਿਲਮਾਂ ਨੇ ਵੀ ਇਸ ਮਾਮਲੇ ਵਿੱਚ ਉਸ ਨੂੰ ਵੱਡਾ ਧੋਖਾ ਦਿੱਤਾ ਹੈ।
ਦਰਸ਼ਕ ਅਜੇ ਵੀ ਇਹ ਉਮੀਦ ਕਰ ਰਹੇ ਹਨ ਕਿ ਅਕਸ਼ੇ ਕੁਮਾਰ ਦੀ ਨਵੀਂ ਫ਼ਿਲਮ ਗੁੱਡ ਨਿਊਜ਼ ਕਿੰਨੀ ਵੀ ਸਾਧਾਰਨ ਹੋਵੇ, ਇਸ ਵਿੱਚ ਵਿਵਸਥਿਤ ਢੰਗ ਨਾਲ ਇੱਕ ਕਹਾਣੀ ਦੇਖਣ ਨੂੰ ਮਿਲੇਗੀ। ਕੁੱਝ ਸਾਲਾਂ ਤੋਂ ਅਜਿਹਾ ਦੇਖਣ ਨੂੰ ਮਿਲ ਰਿਹਾ ਹੈ ਕਿ ਅਕਸ਼ੇ ਆਪਣੀਆਂ ਫ਼ਿਲਮਾਂ ਦੀ ਪਟਕਥਾ ਨੂੰ ਲੈ ਕੇ ਬਹੁਤ ਸੁਚੇਤ ਹੈ। ਇਸ ਲਈ ਉਸ ਦੀ ਫ਼ਿਲਮ ਬੇਬੀ, ਏਅਰਲਿਫ਼ਟ ਅਤੇ ਜੌਲੀ LLB ਦਾ ਉਦਾਹਰਣ ਦਿੱਤਾ ਜਾ ਸਕਦਾ ਹੈ। ਇਸ ਦੇ ਬਾਵਜੂਦ ਨਵੀਂ ਫ਼ਿਲਮ ਹਾਊਸਫ਼ੁੱਲ-4 ਵਿੱਚ ਉਸ ਦਾ ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਉਸ ਨੂੰ ਪੂਰੀ ਤਰ੍ਹਾਂ ਨਾਲ ਮੂਰਖ ਬਣਾ ਦਿੰਦਾ ਹੈ।
ਮੁੰਨਾ ਮਾਈਕਲ ਵਿੱਚ ਟਾਈਗਰ ਸ਼ੈਰੌਫ਼ ਨਹੀਂ ਚੱਲਿਆ, ਪਰ ਵਾਰ ਵਿੱਚ ਉਹ ਚੱਲ ਨਿਕਲਿਆ। ਇਸ ਲਈ ਉਸ ਨੂੰ ਲੇਖਕ ਆਦਿੱਤਿਆ ਚੋਪੜਾ, ਸ਼ਬੀਰ ਟਾਇਰਵਾਲਾ ਵਰਗੇ ਲੇਖਕਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਕਹਾਣੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਖੜ੍ਹਾ ਕਰ ਦਿੱਤਾ। ਉਂਝ ਇਸ ਫ਼ਿਲਮ ਦਾ ਨਿਰਦੇਸ਼ਕ ਸਿਧਾਰਥ ਪਟਕਥਾ ਦੇ ਮਾਮਲੇ ਵਿੱਚ ਇਕਦਮ ਜ਼ੀਰੋ ਹੈ, ਪਰ ਟਾਈਗਰ ਦੇ ਪਿਆਰੇ ਨਿਰਦੇਸ਼ਕ ਸ਼ਬੀਰ ਖ਼ਾਨ ਦੀ ਗੱਲ ਕਰੀਏ ਤਾਂ ਉਸ ਦਾ ਸਾਥ ਮਿਲਣ ਤੋਂ ਬਾਅਦ ਵੀ ਅਜਿਹਾ ਹੀ ਹੋਵੇਗਾ। ਆਖਿਰ ਟਾਈਗਰ ਕਦੋਂ ਤਕ ਸ਼ਬੀਰ ਖ਼ਾਨ ਦੀ ਅਧਪੱਕੀ ਪਟਕਥਾ ਨਾਲ ਅੱਗੇ ਵਧੇਗਾ।
ਪਟਕਥਾ ਦਾ ਜ਼ਿਕਰ ਆਉਣ ‘ਤੇ ਨਿਰਦੇਸ਼ਕ ਕਰਨ ਜੌਹਰ ਆਪਣੀਆਂ ਨਿਰਦੇਸ਼ਿਤ ਦੋ ਫ਼ਿਲਮਾਂ ਕੁਛ ਕੁਛ ਹੋਤਾ ਹੈ ਅਤੇ ਕਭੀ ਖੁਸ਼ੀ ਕਭੀ ਗਮ ਦੀ ਪਟਕਥਾ ਦਾ ਕਸੀਦਾ ਪੜ੍ਹਨ ਲੱਗਦਾ ਹੈ, ਪਰ ਹੁਣ ਤਾਂ ਇਹ ਗੱਲਾਂ ਅਤੀਤ ਬਣ ਚੁੱਕੀਆਂ ਹਨ। ਹੁਣ ਤਾਂ ਕਰਨ ਨਿਰਮਿਤ ਅਤੇ ਨਿਰਦੇਸ਼ਿਤ ਫ਼ਿਲਮਾਂ ਦੀ ਪਟਕਥਾ ਬਹੁਤ ਬਕਵਾਸ ਹੁੰਦੀ ਹੈ। ਇੱਥੋਂ ਤਕ ਕਿ ਉਸ ਦੀਆਂ ਪਿਛਲੀਆਂ ਫ਼ਿਲਮਾਂ ਐ ਦਿਲ ਹੈ ਮੁਸ਼ਕਿਲ, ਕਲਿੰਗਾ ਦੀਆਂ ਪਟਕਥਾਵਾਂ ਬੇਹੱਦ ਲੱਚਰ ਸਨ। ਸੱਚ ਤਾਂ ਇਹ ਕਿ ਫ਼ਿਲਮੀ ਦੁਨੀਆਂ ਵਿੱਚ ਉਸ ਦਾ ਨਿਰਦੇਸ਼ਨ ਗ੍ਰਾਫ਼ ਨਿਰੰਤਰ ਡਿੱਗਿਆ ਹੈ ਪਰ ਉਸ ਦੀ ਪਹੁੰਚ ਹੈ ਇਸ ਲਈ ਉਸ ਦੀ ਨਿਰਮਿਤ ਇੱਕ ਬੀ ਗ੍ਰੇਡ ਫ਼ਿਲਮ ਕਪੂਰ ਐਂਡ ਸੰਨਜ਼ ਨੂੰ ਵੀ ਬਿਹਤਰੀਨ ਪਟਕਥਾ ਦਾ ਐਵਾਰਡ ਮਿਲ ਜਾਂਦਾ ਹੈ।
ਚੇਤਨ ਭਗਤ ਦਾ ਨਾਵਲ ਹਾਫ਼ ਗਰਲ ਫ਼ਰੈਂਡ ਪੜ੍ਹਨ ਵਿੱਚ ਬਹੁਤ ਰੋਚਕ ਲੱਗਦਾ ਹੈ, ਪਰ ਫ਼ਿਲਮ ਦੀ ਪਟਕਥਾ ਬਹੁਤ ਖ਼ਰਾਬ ਹੈ। ਨਿਸ਼ਚਤ ਤੌਰ ‘ਤੇ ਇਸ ਲਈ ਨਿਰਦੇਸ਼ਕ ਮੋਹਿਤ ਸੂਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਟਿਊਬ ਲਾਈਟ ਦੀ ਅਸਫ਼ਲਤਾ ਤੋਂ ਬਾਅਦ ਭਾਰਤ ਦੀ ਔਸਤ ਸਫ਼ਲਤਾ ਤੋਂ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਹੁਣ ਸਲਮਾਨ ਨੂੰ ਆਪਣੀ ਫ਼ਿਲਮ ਦੀ ਪਟਕਥਾ ‘ਤੇ ਬਹੁਤ ਜ਼ਿਆਦਾ ਧਿਆਨ ਦੇਣਾ ਹੋਵੇਗਾ। ਸਿਰਫ਼ ਉਸ ਦਾ ਸਟਾਰਡਮ ਫ਼ਿਲਮ ਨੂੰ ਬਚਾ ਨਹੀਂ ਸਕਦਾ। ਉਸ ਨੂੰ ਹੁਣ ਬਜਰੰਗੀ ਭਾਈਜਾਨ ਵਰਗੀਆਂ ਮਜ਼ਬੂਤ ਪਟਕਥਾ ਵਾਲੀਆਂ ਫ਼ਿਲਮਾਂ ਚਾਹੀਦੀਆਂ ਹਨ।
ਇੱਕ ਹੋਰ ਨਿਰਦੇਸ਼ਕ ਹੈ ਨੀਰਜ ਪਾਂਡੇ। ਉਸ ਦੀ ਪਟਕਥਾ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ। ਆਪਣੀ ਫ਼ਿਲਮ ਏ ਵੈਡਨਸਡੇਅ ਤੋਂ ਬਾਅਦ ਤੋਂ ਹੀ ਫ਼ਿਲਮ ਦੀ ਪਟਕਥਾ ਦੀ ਲਗਾਮ ਨੂੰ ਉਸ ਨੇ ਚੰਗੀ ਤਰ੍ਹਾਂ ਫ਼ੜ ਕੇ ਰੱਖਿਆ ਹੋਇਆ ਹੈ। ਯਕੀਨ ਨਾ ਹੋਵੇ ਤਾਂ ਉਸ ਦੀ ਸਿਰਫ਼ ਇੱਕ ਫ਼ਿਲਮ ਬੇਬੀ ਦੇਖ ਲਓ, ਇੰਨੀ ਉਲਝੀ ਹੋਈ ਕਹਾਣੀ ਨੂੰ ਉਸ ਨੇ ਕਿੰਨੀ ਕੱਸੀ ਹੋਈ ਪਟਕਥਾ ਵਿੱਚ ਬੰਨ੍ਹਿਆ ਸੀ। ਇਸ ਨੂੰ ਕਹਿੰਦੇ ਹਨ ਪਟਕਥਾ ਅਤੇ ਨਿਰਦੇਸ਼ਨ ਦਾ ਕਮਾਲ, ਪਰ ਇਹੀ ਨੀਰਜ ਅਯਾਰੀ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਿਹਾ। ਉਮੀਦ ਹੈ ਕਿ ਆਪਣੀ ਅਗਲੀ ਫ਼ਿਲਮ ਜੋ ਚਾਣਕਿਆ ‘ਤੇ ਆਧਾਰਿਤ ਹੈ, ਉਹ ਉਸ ਵਿੱਚ ਗ਼ਲਤੀ ਕਰਨ ਤੋਂ ਬਚੇਗਾ।