ਜ਼ਹਿਰੀਲੀ ਬਣੀ ਹੋਈ ਹੈ ਦਿੱਲੀ ਦੀ ਹਵਾ, ਲੋਕਾਂ ਨੂੰ ਸਾਹ ਲੈਣ ‘ਚ ਹੋ ਰਹੀ ਪਰੇਸ਼ਾਨੀ

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. ‘ਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਬਣਿਆ ਹੋਇਆ ਹੈ। ਰਾਸ਼ਟਰੀ ਰਾਜਧਾਨੀ ਦੇ ਲੋਧੀ ਰੋਡ ਇਲਾਕੇ ‘ਚ ਸ਼ੁੱਕਰਵਾਰ ਦੀ ਸਵੇਰ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 328 ਰਿਕਾਰਡ ਕੀਤਾ ਗਿਆ ਹੈ ਤਾਂ ਉੱਥੇ ਹੀ ਮਥੁਰਾ ਰੋਡ ਇਲਾਕੇ ‘ਚ ਏ.ਕਊ.ਆਈ. 378 ਰਿਹਾ। ਪੂਰੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਏ.ਕਊ.ਆਈ. 355 ਦਰਜ ਕੀਤਾ ਗਿਆ। ਆਨੰਦ ਵਿਹਾਰ ਇਲਾਕੇ ‘ਚ ਏਅਰ ਕਵਾਲਿਟੀ ਇੰਡੈਕਸ 416, ਬਵਾਨਾ ‘ਚ 404, ਵਿਵੇਕ ਵਿਹਾਰ ‘ਚ 407, ਨਹਿਰੂ ਨਗਰ ‘ਚ 411 ਅਤੇ ਰੋਹਿਣੀ ‘ਚ 413 ਏ.ਕਊ.ਆਈ. ਦਰਜ ਕੀਤਾ ਗਿਆ। ਪ੍ਰਦੂਸ਼ਣ ਦਾ ਪੱਧਰ ਸਿਰਫ਼ ਦਿੱਲੀ ‘ਚ ਖਤਰਨਾਕ ਨਹੀਂ ਹੈ। ਰਾਸ਼ਟਰੀ ਰਾਜਧਾਨੀ ਨਾਲ ਲੱਗਦੇ ਗਾਜ਼ੀਆਬਾਦ ਦੇ ਲੋਨੀ ਇਲਾਕੇ ‘ਚ ਤਾਂ ਏ.ਕਊ.ਆਈ. 414 ਰਿਕਾਰਡ ਕੀਤਾ ਗਿਆ।
ਵੀਰਵਾਰ ਦੇ ਮੁਕਾਬਲੇ ਹਵਾ ਥੋੜ੍ਹੀ ਸਾਫ਼
ਹਾਲਾਂਕਿ ਵੀਰਵਾਰ ਦੇ ਮੁਕਾਬਲੇ ਦਿੱਲੀ ਦੀ ਹਵਾ ਥੋੜ੍ਹੀ ਸਾਫ਼ ਹੋਈ ਹੈ। ਰਾਸ਼ਟਰੀ ਰਾਜਧਾਨੀ ਦੇ ਕੁਝ ਇਲਾਕਿਆਂ ‘ਚ ਵੀਰਵਾਰ ਨੂੰ ਏ.ਕਊ.ਆਈ. 400 ਦੇ ਪਾਰ ਪਹੁੰਚ ਗਿਆ ਸੀ, ਜੋ ਖਤਰਨਾਕ ਪੱਧਰ ਦੀ ਸ਼੍ਰੇਣੀ ‘ਚ ਆਉਂਦਾ ਹੈ। ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਏ.ਕਊ.ਆਈ. 409, ਬਵਾਨਾ ‘ਚ 406, ਵਿਵੇਕ ਵਿਹਾਰ ‘ਚ 391 ਅਤੇ ਰੋਹਿਣੀ ‘ਚ 413 ਰਿਕਾਰਡ ਕੀਤਾ ਗਿਆ ਸੀ।
ਸ਼ਨੀਵਾਰ ਤੱਕ ਰਾਹਤ ਮਿਲਣ ਦੀ ਉਮੀਦ
ਦਿੱਲੀ-ਐੱਨ.ਸੀ.ਆਰ. ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਵੀ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲੀ ਹੈ। ਨੋਇਡਾ ‘ਚ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ, ਇੱਥੇ ਏਅਰ ਕਵਾਲਿਟੀ ਇੰਡੈਕਸ 414 ਦੇ ਪਾਰ ਰਿਕਾਰਡ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਨੇ ਦਿੱਲੀ ਨੂੰ ਜ਼ਹਿਰੀਲੀ ਹਵਾ ਤੋਂ ਸ਼ਨੀਵਾਰ ਤੱਕ ਰਾਹਤ ਮਿਲਣ ਦੀ ਉਮੀਦ ਜ਼ਾਹਰ ਕੀਤੀ ਹੈ।
ਲੋਕਾਂ ਨੂੰ ਹੋ ਰਹੀ ਸਾਹ ਲੈਣ ‘ਚ ਪਰੇਸ਼ਾਨੀ
ਦੱਸਣਯੋਗ ਹੈ ਕਿ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਗਾਜ਼ੀਆਬਾਦ ਇਕ ਵਾਰ ਫਿਰ ਪ੍ਰਦੂਸ਼ਣ ਦੇ ਮਾਮਲੇ ‘ਚ ਨੰਬਰ ਵਨ ‘ਤੇ ਪਹੁੰਚ ਗਿਆ ਹੈ। ਉੱਥੇ ਹੀ ਜ਼ਿਲਾ ਪ੍ਰਸ਼ਾਸਨ ਪ੍ਰਦੂਸ਼ਣ ਦੀ ਰੋਕਥਾਮ ਲਈ ਲੱਖ ਕੋਸ਼ਿਸ਼ਾਂ ਕਰ ਰਿਹਾ ਹੈ, ਉਸ ਦੇ ਬਾਵਜੂਦ ਗਾਜ਼ੀਆਬਾਦ ‘ਚ ਪ੍ਰਦੂਸ਼ਣ ਦਾ ਪੱਧਰ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਬਾਹਰ ਨਿਕਲਣ ‘ਚ ਅੱਖਾਂ ‘ਚ ਜਲਨ ਅਤੇ ਸਾਹ ਲੈਣ ‘ਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।