ਸ਼ਮੀ ਕਿੰਝ ਕਰੇਗਾ ਬੱਲੇਬਾਜ਼ਾਂ ਨੂੰ ਪਰੇਸ਼ਾਨ?

ਕੋਲਕਾਤਾ – ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਕਿਹਾ ਕਿ ਭਾਰਤੀ ਟੀਮ ਸ਼ੁੱਕਰਵਾਰ ਤੋਂ ਕੋਲਕਾਤਾ ‘ਚ ਸ਼ੁਰੂ ਹੋ ਰਹੇ ਡੇਅ-ਨਾਈਟ ਟੈੱਸਟ ‘ਚ ਜਦੋਂ ਬੰਗਲਾਦੇਸ਼ ਨਾਲ ਖੇਡੇਗੀ ਤਾਂ ਬੱਲੇਬਾਜ਼ਾਂ ਦੀਆਂ ਮੁਸ਼ਕਿਲਾਂ ਵਧਾਉਣ ਲਈ ਉਹ ਗੇਂਦਾਂ ਦੀ ਲੈਂਥ ‘ਚ ਬਦਲਾਅ ਕਰਦਾ ਰਹੇਗਾ। ਸ਼ਾਨਦਾਰ ਫ਼ੌਰਮ ‘ਚ ਚੱਲ ਰਹੇ ਸ਼ਮੀ ਨੇ ਇੰਦੌਰ ‘ਚ ਪਹਿਲਾਂ ਟੈੱਸਟ ‘ਚ ਸੱਤ ਵਿਕਟਾਂ ਲਈਆਂ ਸਨ।
ਦਰਅਸਲ ਇੱਕ TV ਸ਼ੋਅ ਦੇ ਦੌਰਾਨ ਸ਼ਮੀ ਨੇ ਕਿਹਾ, ”ਗੇਂਦਬਾਜ਼ਾਂ ਨੂੰ ਵਿਕਟ ‘ਤੇ ਨਜ਼ਰ ਬਣਾਏ ਰੱਖਣੀ ਹੋਵੇਗੀ। ਪਿੱਚ ਹੌਲੀ ਹੋਣ ‘ਤੇ ਮੈਨੂੰ ਵੱਧ ਕੋਸ਼ਿਸ਼ ਕਰਨੀ ਹੋਵੇਗੀ ਅਤੇ ਜਦੋਂ ਬੱਲੇਬਾਜ਼ ਅਸਹਿਜ ਨਜ਼ਰ ਆਏ ਤਾਂ ਦਬਾਅ ਬਣਾਉਣਾ ਹੋਵੇਗਾ। ਲੈਂਥ ‘ਚ ਬਦਲਾਅ ਕਰਦੇ ਰਹਿਣੇ ਹੋਣਗੇ। ਇਸ ‘ਚ ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਇੰਦੌਰ ਟੈਸਟ ‘ਚ ਦੋਹਰਾ ਸੈਂਕੜਾ ਲਾਉਣ ਵਾਲੇ ਮਯੰਕ ਅਗਰਵਾਲ ਨੂੰ ਅਲਰਟ ਕੀਤਾ ਹੈ ਕਿ ਬੰਗਲਾਦੇਸ਼ੀ ਟੀਮ ਆਉਣ ਵਾਲੇ ਮੈਚਾਂ ‘ਚ ਉਸ ਸਾਹਮਣੇ ਬਿਹਤਰ ਤਿਆਰੀ ਦੇ ਨਾਲ ਉਤਰੇਗੀ। ਉਨ੍ਹਾਂ ਨੇ ਕਿਹਾ, ”ਉਹ ਟੈੱਸਟ ਕ੍ਰਿਕਟ ਦਾ ਮਜ਼ਾ ਲੈ ਰਿਹਾ ਹੈ। ਇਹ ਉਸਦਾ ਪਹਿਲਾ ਸਾਲ ਹੈ, ਅਤੇ ਉਮੀਦ ਹੈ ਕਿ ਉਹ ਅਗਲੀ ਸੀਜ਼ਨ ‘ਚ ਵੀ ਲੈਅ ਕਾਇਮ ਰੱਖੇਗਾ ਪਰ ਹੁਣ ਵਿਰੋਧੀ ਟੀਮ ਉਸ ਖ਼ਿਲਾਫ਼ ਜ਼ਿਆਦਾ ਤਿਆਰੀ ਨਾਲ ਉਤਰੇਗੀ।
ਭਾਰਤ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੇ ਕਿਹਾ ਕਿ ਭਾਰਤ ਕੋਲ ਮੁਕੰਮਲ ਗੇਂਦਬਾਜ਼ੀ ਹਮਲਾ ਹੈ। ਉਨ੍ਹਾਂ ਕਿਹਾ, ”ਕੁਝ ਟੀਮਾਂ ਕੋਲ ਚੰਗੇ ਤੇਜ਼ ਗੇਂਦਬਾਜ਼ ਅਤੇ ਕੁੱਝ ਦੇ ਕੋਲ ਚੰਗੇ ਸਪਿਨਰ ਹਨ, ਪਰ ਭਾਰਤ ਕੋਲ ਦੋ ਚੰਗੇ ਸਪਿਨਰ ਅਤੇ ਤਿੰਨ ਚੰਗੇ ਤੇਜ਼ ਗੇਂਦਬਾਜ਼ ਹਨ। ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਤਾਂ ਖੇਡ ਵੀ ਨਹੀਂ ਰਹੇ ਹਨ, ਮਤਲਬ ਕੁਲ ਮਿਲਾ ਕੇ ਅੱਠ ਚੰਗੇ ਗੇਂਦਬਾਜ਼ ਹਨ, ਅਤੇ ਇਹੀ ਵਜ੍ਹਾ ਹੈ ਕਿ ਪਿਛਲੇ ਦੋ ਸਾਲਾਂ ‘ਚ ਭਾਰਤ ਨੇ ਕਈ ਵਾਰ ਟੀਮਾਂ ਨੂੰ ਆਲ ਆਊਟ ਕੀਤਾ ਹੈ।