ਵਿੰਡੀਜ਼ ਖ਼ਿਲਾਫ਼ ਰੋਹਿਤ ਨੂੰ ਮਿਲ ਸਕਦੈ ਆਰਾਮ ਅਤੇ ਮਯੰਕ ਅਗਰਵਾਲ ਨੂੰ ਮੌਕਾ

ਨਵੀਂ ਦਿੱਲੀ – ਭਾਰਤ ਅਤੇ ਬੰਗਲਾਦੇਸ਼ ਵਿਚਾਲੇ 22 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨਜ਼ ਸਟੇਡੀਅਮ ‘ਚ ਪਹਿਲੀ ਵਾਰ ਡੇ-ਨਾਈਟ ਟੈੱਸਟ ਮੈਚ ਖੇਡਿਆ ਜਾਣਾ ਹੈ ਜਿਸ ਦੀਆਂ ਤਿਆਰੀਆਂ ਦੋਹਾਂ ਟੀਮਾਂ ਰੱਜ ਕੇ ਕਰ ਰਹੀਆਂ ਹਨ। ਬੰਗਲਾਦੇਸ਼ ਨਾਲ ਟੈੱਸਟ ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਵਿੰਡੀਜ਼ ਦੀ ਟੀਮ ਭਾਰਤ ਆਵੇਗੀ। ਉੱਥੇ ਭਾਰਤ ਨੂੰ ਵਿੰਡੀਜ਼ ਨਾਲ ਤਿੰਨ T-20 ਅਤੇ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਅਜਿਹੇ ‘ਚ ਵਨ-ਡੇ ਅਤੇ T-20 ‘ਚ ਟੀਮ ਇੰਡੀਆ ਦੇ ਉੱਪ-ਕਪਤਾਨ ਰੋਹਿਤ ਨੂੰ ਵਿੰਡੀਜ਼ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਨਾਲ ਆਰਾਮ ਮਿਲਣ ਦੀ ਪੂਰੀ ਸੰਭਾਵਨਾ ਦਿਖਾਈ ਦੇ ਰਹੀ ਹੈ। ਉਸ ਦੀ ਜਗ੍ਹਾ ਮਯੰਕ ਅਗਰਵਾਲ ਨੂੰ ਮੌਕਾ ਮਿਲ ਸਕਦਾ ਹੈ।
ਹਿੱਟਮੈਨ ਦੀ ਜਗ੍ਹਾ ਅਗਰਵਾਲ ਨੂੰ ਮਿਲ ਸਕਦੈ ਮੌਕਾ
ਵੈੱਸਟ ਇੰਡੀਜ਼ ਖ਼ਿਲਾਫ਼ 15 ਦਸੰਬਰ ਤੋਂ ਹੋਣ ਵਾਲੀ ਵਨ-ਡੇ ਸੀਰੀਜ਼ ‘ਚ ਰੋਹਿਤ ਸ਼ਰਮਾ ਨੇ ਖੇਡਣ ਦੀ ਇੱਛਾ ਜਤਾਈ ਸੀ, ਪਰ ਟੀਮ ਮੈਨੇਜਮੈਂਟ ਨੇ ਉਸ ਨੂੰ ਮਨ੍ਹਾ ਕਰ ਦਿੱਤਾ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ। ਅਜਿਹੇ ‘ਚ ਹੁਣ ਰੋਹਿਤ ਦੀ ਜਗ੍ਹਾ ਟੀਮ ‘ਚ ਕਿਸ ਨੂੰ ਮੌਕਾ ਮਿਲੇਗਾ? ਵੈੱਸਟ ਇੰਡੀਜ਼ ਖ਼ਿਲਾਫ਼ ਸੀਮਿਤ ਓਵਰਾਂ ਮੈਚਾਂ ‘ਚ ਅਗਰਵਾਲ ਇੱਕ ਔਪਸ਼ਨ ਹੋ ਸਕਦੀ ਹੈ ਜਿਸ ਨੇ ਲਿਸਟ-A ‘ਚ ਹੁਣ ਤਕ 50 ਤੋਂ ਜ਼ਿਆਦਾ ਦੀ ਔਸਤ ਅਤੇ 100 ਤੋਂ ਜ਼ਿਆਦਾ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ ਅਤੇ 13 ਸੈਂਕੜੇ ਲਾਏ ਹਨ ਹਾਲਾਂਕਿ ਸ਼ਿਖਰ ਧਵਨ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਖ਼ਰਾਬ ਫ਼ੌਰਮ ਅਤੇ ਕੇ. ਐੱਲ. ਰਾਹੁਲ ਤੋਂ ਇਲਾਵਾ ਇੱਕ ਹੋਰ ਔਪਸ਼ਨ ਤਿਆਰ ਰੱਖਣ ਦੀ ਜ਼ਰੂਰਤ ਤੋਂ ਵੀ ਅਗਰਵਾਲ ਦੇ ਪੱਖ ‘ਚ ਮਾਮਲਾ ਬਣ ਸਕਦਾ ਹੈ।