ਨੁਕਸਾਨਦੇਹ ਹੋ ਸਕਦੈ ਵਧਿਆ ਖ਼ੂਨ ਦਾ ਦਬਾਅ

ਕਈ ਵਾਰ ਮਨੁੱਖ ਆਪਣਾ ਬਲੱਡ ਪ੍ਰੈਸ਼ਰ ਜਾਂਚ ਕਰਾਉਂਦਾ ਹੈ ਤਾਂ ਉਸ ਨੂੰ ਹੈਰਾਨੀ ਹੁੰਦੀ ਹੈ ਜਦੋਂ ਉਹ ਆਪਣਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਪਾਉਂਦਾ ਹੈ। ਬਲੱਡ ਪ੍ਰੈਸ਼ਰ ਵੱਧ ਹੁੰਦਾ ਹੈ ਪਰ ਮਨੁੱਖ ਆਪਣੇ-ਆਪ ਨੂੰ ਬਿਲਕੁਲ ਤੰਦਰੁਸਤ ਸਮਝਦਾ ਹੈ ਕਿਉਂਕਿ ਉਸ ਨੂੰ ਅਜਿਹੇ ਕੋਈ ਵੀ ਲੱਛਣ ਮਹਿਸੂਸ ਨਹੀਂ ਹੋ ਰਹੇ ਹੁੰਦੇ ਜੋ ਹਾਈ ਬਲੱਡ ਪ੍ਰੈਸ਼ਰ ਵੱਲ ਇਸ਼ਾਰਾ ਕਰਦੇ ਹੋਣ, ਇਸ ਲਈ ਉਹ ਹਾਈ ਬਲੱਡ ਪ੍ਰੈਸ਼ਰ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।
ਹਾਈ ਬਲੱਡ ਪ੍ਰੈਸ਼ਰ ਇੱਕ ਅਜਿਹਾ ਗੰਭੀਰ ਰੋਗ ਹੈ ਜਿਸ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਦਿਲ ਦਾ ਦੌਰਾ ਜਾਂ ਅਧਰੰਗ ਆਦਿ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਲਈ ਜੇਕਰ ਜਾਂਚ ਕਰਵਾਉਣ ‘ਤੇ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਵਧੇਰੇ ਪਾਓ ਤਾਂ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਉਨ੍ਹਾਂ ਵਿਅਕਤੀਆਂ ਨੂੰ ਵੀ ਹਾਈ ਬਲੱਡ ਪ੍ਰੈਸ਼ਰ ਹੋਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ ਜਿਨ੍ਹਾਂ ਦੇ ਪਰਿਵਾਰ ਵਿੱਚ ਇਹ ਰੋਗ ਜੱਦੀ-ਪੁਸ਼ਤੀ ਚਲਿਆ ਆ ਰਿਹਾ ਹੋਵੇ। ਇਸ ਲਈ ਸਭ ਤੋਂ ਜ਼ਰੂਰੀ ਤਾਂ ਇਹ ਹੈ ਕਿ ਸਮੇਂ-ਸਮੇਂ ‘ਤੇ ਇਸ ਦੀ ਜਾਂਚ ਜ਼ਰੂਰ ਕਰਵਾਉਂਦੇ ਰਹੋ। ਜਦੋਂ ਤੁਸੀਂ ਆਪਣੇ ਬਲੱਡ ਪ੍ਰੈਸ਼ਰ ਵਿੱਚ ਇਕਦਮ ਵਾਧਾ ਪਾਓ ਤਾਂ ਆਪਣੇ ਡਾਕਟਰ ਤੋਂ ਪੁੱਛੋ ਕਿ ਦਵਾਈਆਂ ਸ਼ੁਰੂ ਕਰਨ ਤੋਂ ਪਹਿਲਾਂ ਕੀ ਥੋੜ੍ਹੇ-ਥੋੜ੍ਹੇ ਸਮੇਂ ਪਿੱਛੋਂ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾ ਲੈਣੀ ਬਿਹਤਰ ਨਹੀਂ? ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਤੁਸੀਂ ਬੇਵਜ੍ਹਾ ਦਵਾਈਆਂ ਖਾਣ ਤੋਂ ਬਚ ਜਾਓਗੇ, ਪਰ ਉਸ ਸਮੇਂ ਤੁਹਾਡੀ ਸਹੀ ਸਥਿਤੀ ਸਿਰਫ਼ ਤੁਹਾਡਾ ਡਾਕਟਰ ਹੀ ਦੱਸ ਸਕਦਾ ਹੈ। ਇਸ ਲਈ ਉਸ ਦੇ ਕਹੇ ਅਨੁਸਾਰ ਹੀ ਚੱਲੋ।
ਦਵਾਈਆਂ ਦੇ ਨਾਲ-ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਠੀਕ ਰੱਖਣ ਲਈ ਆਪਣੀ ਜੀਵਨਸ਼ੈਲੀ ਵਿੱਚ ਵੀ ਤਬਦੀਲੀ ਕਰਨੀ ਪਵੇਗੀ।
ਭਾਰ ‘ਤੇ ਕਾਬੂ-ਤੁਸੀਂ ਆਪਣੇ ਭਾਰ ‘ਤੇ ਕਾਬੂ ਰੱਖੋ। ਵਧਿਆ ਹੋਇਆ ਭਾਰ ਵੀ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ। ਕਸਰਤ ਕਰੋ-ਕਸਰਤ ਕਰਨ ਨਾਲ ਬੇਸ਼ੱਕ ਤੁਹਾਡਾ ਭਾਰ ਘੱਟ ਹੋ ਰਿਹਾ ਹੋਵੇ ਪਰ ਨਿਯਮਿਤ ਕਸਰਤ ਤੁਹਾਡੇ ਬਲੱਡ ਪ੍ਰੈਸ਼ਰ ਵਿੱਚ ਕਮੀ ਲਿਆਏਗੀ। ਇਸ ਲਈ ਕੋਈ ਵੀ ਕਸਰਤ ਜਿਵੇਂ ਤੈਰਾਕੀ, ਯੋਗਾ, ਸਾਈਕਲ ਚਲਾਉਣਾ, ਪੈਦਲ ਚੱਲਣਾ ਆਦਿ ਜ਼ਰੂਰ ਕਰੋ।
ਨਮਕ ਦੇ ਸੇਵਨ ‘ਤੇ ਕੰਟਰੋਲ-ਇਹ ਬੇਹੱਦ ਜ਼ਰੂਰੀ ਹੈ ਕਿਉਂਕਿ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਉਹ ਕਿੰਨੀ ਮਾਤਰਾ ਵਿੱਚ ਨਮਕ ਖਾ ਰਹੇ ਹਨ ਅਤੇ ਥੋੜ੍ਹੀ-ਥੋੜ੍ਹੀ ਮਾਤਰਾ ਲੈ ਕੇ ਅਸੀਂ ਕਾਫ਼ੀ ਮਾਤਰਾ ਵਿੱਚ ਨਮਕ ਦਾ ਸੇਵਨ ਕਰਨ ਲਗਦੇ ਹਾਂ। ਇਸ ਲਈ ਨਮਕ ਨੂੰ ਆਪਣੇ ਭੋਜਨ ਵਿੱਚ ਘੱਟ ਤੋਂ ਘੱਟ ਸ਼ਾਮਿਲ ਕਰੋ। ਕਈ ਖੋਜਾਂ ਵਿੱਚ ਇਹ ਪ੍ਰਮਾਣਿਤ ਹੋਇਆ ਹੈ ਕਿ ਨਮਕ ਦੀ ਮਾਤਰਾ ਘੱਟ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਰੋਗੀਆਂ ਨੂੰ ਲਾਭ ਮਿਲਦਾ ਹੈ ਅਤੇ ਉਨ੍ਹਾਂ ਦੇ ਖ਼ੂਨ ਦਬਾਅ ਵਿੱਚ ਕਮੀ ਆਈ ਸੀ।
ਐਲਕੋਹਲ ਦਾ ਸੇਵਨ ਘੱਟ ਕਰੋ – ਜੋ ਲੋਕ ਐਲਕੋਹਲ ਦਾ ਸੇਵਨ ਜ਼ਿਆਦਾ ਮਾਤਰਾ ਵਿੱਚ ਕਰਦੇ ਹਨ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਵਧ ਜਾਂਦਾ ਹੈ। ਇਸ ਲਈ ਐਲਕੋਹਲ ਦਾ ਸੇਵਨ ਘੱਟ ਕਰੋ।
ਤੰਬਾਕੂਨੋਸ਼ੀ ਨਾ ਕਰੋ – ਸਿਗਰਟ-ਬੀੜੀ ਆਦਿ ਦਾ ਦਿਲ ‘ਤੇ ਬਹੁਤ ਬੁਰਾ ਅਸਰ ਪੈਂਦਾ ਹੈ, ਇਸ ਲਈ ਇਸ ਨਸ਼ੇ ਤੋਂ ਬਚੋ।
ਤਨਾਅ ਵਿੱਚ ਨਾ ਰਹੋ – ਤਣਾਅ ਰਹਿਤ ਰਹਿਣ ਦੀ ਕੋਸ਼ਿਸ਼ ਕਰੋ। ਜੇਕਰ ਤਨਾਅ ਮਹਿਸੂਸ ਕਰੋ ਤਾਂ ਉਸ ਨੂੰ ਘੱਟ ਕਰਨ ਲਈ ਮੈਡੀਟੇਸ਼ਨ ਜਾਂ ਹੋਰ ਕੋਈ ਢੰਗ-ਤਰੀਕੇ ਦੀ ਮਦਦ ਲਓ। ਜੇਕਰ ਡਾਕਟਰ ਨੇ ਤੁਹਾਨੂੰ ਦਵਾਈਆਂ ਲੈਣ ਲਈ ਕਿਹਾ ਹੈ ਤਾਂ ਉਹ ਵੀ ਨਿਯਮਿਤ ਰੂਪ ਵਿੱਚ ਲਵੋ। ਨਿਯਮਿਤ ਦਵਾਈਆਂ ਲੈਣ ਨਾਲ ਤੁਹਾਨੂੰ ਲਾਭ ਹੋਵੇਗਾ ਅਤੇ ਤੁਹਾਡਾ ਬਲੱਡ ਪ੍ਰੈਸ਼ਰ ਆਮ ਵਾਂਗ ਹੋ ਜਾਵੇਗਾ।
ਕੰਬੋਜ