ਜਾਣੋ ਫ਼ਾਇਦੇ ਕਾਲੀ ਕਣਕ ਦੇ

ਸੁਨਹਿਰੀ ਕਣਕ ਅਤੇ ਉਸ ਦੇ ਗੁਣਾਂ ਬਾਰੇ ਤਾਂ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਹੋ, ਪਰ ਇਸ ਹਫ਼ਤੇ ਅਸੀਂ ਤੁਹਾਡੇ ਨਾਲ ਕਾਲੀ ਕਣਕ ਜਿਸ ਨੂੰ ਬੱਕਵ੍ਹੀਟ ਵੀ ਕਹਿੰਦੇ ਹਨ ਬਾਰੇ ਗੱਲਬਾਤ ਕਰਾਂਗੇ। ਕਾਲੀ ਕਣਕ ਸੁਣਨ ਨੂੰ ਬੜੀ ਅਜੀਬ ਜਿਹੀ ਗੱਲ ਲੱਗ ਰਹੀ ਹੈ, ਪਰ ਇਸ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਬਹੁਤ ਸਾਰੇ ਫ਼ਾਇਦੇ ਹੋ ਸਕਦੇ ਹਨ। ਪਿਛਲੇ ਕਾਫ਼ੀ ਸਮੇਂ ਤੋਂ ਬਿਹਾਰ ਦੇ ਕੁੱਝ ਹਿੱਸਿਆ ‘ਚ ਇਸ ਦੀ ਪੈਦਾਵਾਰ ਕੀਤੀ ਜਾ ਰਹੀ ਹੈ, ਪਰ ਇਸ ਦੀ ਰਿਸਰਚ ਲਗਾਤਾਰ ਜਾਰੀ ਹੈ। ਕਾਲੀ ਕਣਕ ਸਧਾਰਨ ਕਣਕ ਦੇ ਮੁਕਾਬਲੇ ਨਾ ਸਿਰਫ਼ ਕਈ ਗੁਣਾ ਮਹਿੰਗੀ ਵਿਕਦੀ ਹੈ ਸਗੋਂ ਇਸ ‘ਚ ਕੈਂਸਰ ਅਤੇ ਸ਼ੂਗਰ ਸਮੇਤ ਕਈ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਹੁੰਦੀ ਹੈ। ਇਸ ਤੋਂ ਇਲਾਵਾ ਇਹ ਤਨਾਅ, ਦਿਲ ਦੇ ਰੋਗ ਅਤੇ ਮੋਟਾਪੇ ਵਰਗੀਆ ਬੀਮਾਰੀਆਂ ਦੀ ਰੋਕਥਾਮ ਕਰਨ ਦੀ ਸਮਰਥਾ ਵੀ ਰੱਖਦੀ ਹੈ।
ਕਾਲੀ ਕਣਕ ਵਿੱਚ ਵਾਇਟਾਮਿਨਾਂ ਦੀ ਭਰਮਾਰ ਹੁੰਦੀ ਹੈ ਖ਼ਾਸਕਰ ਕੇ B ਵਾਇਟਾਮਿਨਜ਼ (B1, B2, B3, B5, B6 ਅਤੇ B9) ਅਤੇ ਫ਼ੌਲਿਕ ਐਸਿਡ। ਮਿਨਰਲਜ਼ ਦੇ ਰੂਪ ਵਿੱਚ ਇਸ ਵਿੱਚ ਸਲੀਨੀਅਮ, ਮੈਗਨੀਜ਼ੀਅਮ, ਮੈਂਗਨੀਜ਼, ਜ਼ਿੰਕ, ਕੈਲਸ਼ੀਅਮ, ਆਇਰਨ, ਕੌਪਰ, ਪੋਟੈਸਇਮ ਅਤੇ ਫ਼ੌਸਫ਼ੋਰਸ ਪਾਏ ਜਾਂਦੇ ਹਨ। ਸੌ ਗ੍ਰਾਮ ਕਾਲੀ ਕਣਕ ਵਿੱਚ 10 ਗ੍ਰਾਮ ਫ਼ਾਈਬਰ, 13 ਗ੍ਰਾਮ ਪ੍ਰੋਟੀਨ, 3.40 ਗ੍ਰਾਮ ਫ਼ੈਟ, 71 ਗ੍ਰਾਮ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ। ਇਸ ਤੋਂ ਛੁੱਟ, ਇਸ ਵਿੱਚ ਸ਼ਰੀਰ ਨੂੰ ਲੋੜੀਂਦੇ ਸਾਰੇ ਐਮੀਨੋ ਐਸਿਡਜ਼ ਵੀ ਮੌਜੂਦ ਹਨ। ਕਾਲੀ ਕਣਕ ਜਾਂ ਬੱਕਵ੍ਹੀਟ ਪੂਰੀ ਤਰ੍ਹਾਂ ਗਲੂਟਨ ਫ਼੍ਰੀ ਹੈ।
ਕਬਜ਼ – ਬੱਕਵ੍ਹੀਟ ਵਿੱਚ ਫ਼ਾਈਬਰ ਦੀ ਬਹੁਤਾਤ ਹੋਣ ਕਾਰਨ ਇਹ ਕਬਜ਼ ਦਾ ਸ਼ਿਕਾਰ ਲੋਕਾਂ ਲਈ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਸ ਵਿੱਚ ਮੌਜੂਦ ਫ਼ਾਈਬਰ ਤੁਹਾਡੀਆਂ ਆਂਦਰਾਂ ਦਾ ਟ੍ਰੈਫ਼ਿਕ ਸਹੀ ਤੁਰਦਾ ਰਹਿੰਦਾ ਹੈ। ਇਸ ਤੋਂ ਇਲਵਾ ਸਟੱਡੀਜ਼ ਵਿੱਚ ਪਤਾ ਚੱਲਿਆ ਹੈ ਕਿ ਕਾਲੀ ਕਣਕ ਦਾ ਫ਼ਾਈਬਰ ਤੁਹਾਨੂੰ ਕੋਲਨ ਕੈਂਸਰ ਤੋਂ ਵੀ ਬਚਾਉਂਦਾ ਹੈ।
ਕੋਲੈਸਟਰੋਲ ਅਤੇ ਟ੍ਰਾਈਗਲਿਸਰਾਈਡਜ਼ ਘਟਾਏ – ਕਾਲੀ ਕਣਕ ਵਿੱਚ ਮੌਜੂਦ ਫ਼ਾਈਬਰ ਅਤੇ ਅਨਸੈਚੂਰੇਟਿਡ ਫ਼ੈਟੀ ਐਸਿਡਜ਼ ਦੀ ਰੈਗੂਲਰ ਵਰਤੋਂ ਖ਼ੂਨ ਵਿੱਚ ਹਾਈ ਕੋਲੈਸਟਰੋਲ ਅਤੇ ਟ੍ਰਾਈਗਲਿਸਰਾਈਡਜ਼ ਨੂੰ ਘਟਾਉਂਦੇ ਹਨ। ਇਹ ਦਿਲ ਦੇ ਰੋਗਾਂ ਲਈ ਵੀ ਲਾਹੇਵੰਦ ਹੈ ਕਿਉਂਕਿ ਇਹ ਖ਼ੂਨ ਵਿੱਚ ਮੌਜਦ ਫ਼ੈਟ ਨੂੰ ਘਟਾਉਣ ਵਿੱਚ ਸਹਾਈ ਹੁੰਦੀ ਹੈ।
ਬਲੱਡ ਪ੍ਰੈਸ਼ਰ ਨੂੰ ਘਟਾਏ ਅਤੇ ਕੰਟਰੋਲ ਕਰੇ – ਕੋਲੈਸਟਰੋਲ ਅਤੇ ਹਾਈ ਟ੍ਰਾਂਸਗਲਿਸਰਾਈਡਜ਼ ਲਈ ਲਾਹੇਵੰਦ ਹੋਣ ਤੋਂ ਇਲਾਵਾ, ਸੱਚਾਈ ਇਹ ਹੈ ਕਿ ਕਾਲੀ ਕਣਕ ਬਲੱਡ ਪ੍ਰੈਸ਼ਰ ਨੂੰ ਵੀ ਰੈਗੂਲੇਟ ਕਰਦੀ ਹੈ ਸੋ ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹੋ ਤਾਂ ਇਸ ਦਾ ਸੇਵਨ ਰੈਗੂਲਰ ਕਰੋ।
ਕੈਂਸਰ – ਕੈਂਸਰ ਦਾ ਅਜੇ ਤਕ ਕੋਈ ਸਥਾਈ ਇਲਾਜ ਸਾਹਮਣੇ ਨਹੀਂ ਆਇਆ। ਕੈਂਸਰ ਪੀੜਤ ਲੋਕ, ਜੋ ਕਾਲੇ ਕਣਕ ਦੇ ਆਟੇ ਦੀ ਵਰਤੋਂ ਕਰ ਰਹੇ ਹਨ, ਨੂੰ ਬਹੁਤ ਫ਼ਾਇਦਾ ਹੋ ਰਿਹਾ ਹੈ। ਕਾਲੀ ਕਣਕ ਕੈਂਸਰ ਨੂੰ ਰੋਕਣ ‘ਚ ਮਦਦ ਕਰਦੀ ਹੈ।
ਸ਼ੂਗਰ – ਸ਼ੂਗਰ ਦੇ ਰੋਗ ਨੂੰ ਦਵਾਈਆਂ ਨਾਲ ਜਲਦੀ ਠੀਕ ਨਹੀਂ ਕੀਤਾ ਜਾ ਸਕਦਾ। ਖੋਜ ‘ਚ ਪਾਇਆ ਗਿਆ ਹੈ ਕਿ ਕਾਲੀ ਕਣਕ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਮਰੀਜ਼ ਨੂੰ ਬਹੁਤ ਰਾਹਤ ਮਿਲਦੀ ਹੈ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਂਦੇ ਹਨ।
ਤਨਾਅ – ਅਜੌਕੇ ਸਮੇਂ ‘ਚ ਬਦਲਦੀ ਹੋਈ ਜੀਵਨ ਸ਼ੈਲੀ ਕਾਰਨ ਬਹੁਤ ਸਾਰੇ ਲੋਕ ਤਨਾਅ ਦਾ ਸ਼ਿਕਾਰ ਹੋ ਰਹੇ ਹਨ। ਇੰਨਾ ਹੀ ਨਹੀਂ, ਇਸ ਤੋਂ ਦੂਰ ਰਹਿਣ ਦੇ ਲਈ ਉਹ ਕਈ ਵਾਰ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਤਨਾਅ ਤੋਂ ਦੂਰ ਰਹਿਣ ਲਈ ਕਾਲੀ ਕਣਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਸਿਹਤ ਲਈ ਫ਼ਾਇਦੇਮੰਦ ਹੈ।
ਮੋਟਾਪਾ – ਜੰਕ ਫ਼ੂਡ ਦੀ ਵੱਧ ਮਾਤਰਾ ‘ਚ ਵਰਤੋਂ ਕਰਨ ਨਾਲ ਜ਼ਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਕਾਲੀ ਕਣਕ ਮੋਟਾਪੇ ਦੀ ਸਮੱਸਿਆ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।
ਸੂਰਜਵੰਸ਼ੀ