ਪਟਨਾ/ਗੁਹਾਟੀ— ਬਿਹਾਰ ਅਤੇ ਆਸਾਮ ‘ਚ ਹੜ੍ਹ ਕਾਰਨ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਦੋਹਾਂ ਰਾਜਾਂ ‘ਚ ਐਤਵਾਰ ਤੱਕ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 209 ਹੋ ਗਈ ਹੈ। ਹੜ੍ਹ ਕਾਰਨ ਬਿਹਾਰ ਅਤੇ ਆਸਾਮ ‘ਚ 1.06 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਬਿਹਾਰ ‘ਚ ਹੜ੍ਹ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਹੈ। ਇਸ ਕਾਰਨ 85 ਲੱਖ ਤੋਂ ਵਧ ਲੋਕ ਪ੍ਰਭਾਵਿਤ ਹੋਏ ਹਨ। ਹਾਲਾਂਕਿ ਲਗਾਤਾਰ ਦੂਜੇ ਦਿਨ ਵੀ ਇੱਥੇ ਮ੍ਰਿਤਕਾਂ ਦੀ ਗਿਣਤੀ 127 ਬਣੀ ਰਹੀ। ਰਾਜ ‘ਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲਿਆਂ ‘ਚ ਦਰਭੰਗਾ ਸ਼ਾਮਲ ਹੈ, ਜਿੱਥੇ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁਕੀ ਹੈ। ਜੁਲਾਈ ਮਹੀਨੇ ਦੀ ਸ਼ੁਰੂਆਤ ‘ਚ ਨੇਪਾਲ ਦੇ ਤਰਾਈ ਖੇਤਰ ‘ਚ ਤੇਜ਼ ਬਾਰਸ਼ ਨੂੰ ਬਿਹਾਰ ‘ਚ ਹੜ੍ਹ ਦਾ ਕਾਰਨ ਦੱਸਿਆ ਜਾ ਰਿਹਾ ਹੈ। ਦਰਭੰਗਾ ਜ਼ਿਲੇ ਦੇ ਹਾਇਆਘਾਟ ਕੋਲ ਇਕ ਰੇਲਵੇ ਪੁੱਲ ਦੇ ਹੇਠਲਾ ਜਲ ਪੱਧਰ ਵਧ ਕੇ ਖਤਰੇ ਦੇ ਨਿਸ਼ਾਨ ਦੇ ਉੱਪਰ ਚੱਲਾ ਗਿਆ। ਇਸ ਤੋਂ ਬਾਅਦ ਪੂਰਬੀ ਮੱਧ ਰੇਲਵੇ ਨੂੰ ਦਰਭੰਗਾ-ਸਮਸਤੀਪੁਰ ਬਲਾਕ ‘ਤੇ ਟਰੇਨਾਂ ਦੀ ਆਵਾਜਾਈ ਰੋਕਣੀ ਪਈ।
ਬਿਹਾਰ ਦੇ 13 ਜ਼ਿਲਿਆਂ ਦੇ ਲੋਕ ਝੱਲ ਰਹੇ ਹੜ੍ਹ ਦੀ ਤ੍ਰਾਸਦੀ
ਬਿਹਾਰ ਦੇ 13 ਜ਼ਿਲਿਆਂ ਦੇ ਲੋਕ ਹੜ੍ਹ ਦੀ ਤ੍ਰਾਸਦੀ ਝੱਲ ਰਹੇ ਹਨ, ਉੱਥੇ ਹੀ ਬਾਕੀ ਜ਼ਿਲਿਆਂ ਦੇ ਕਿਸਾਨ ਆਮ ਨਾਲੋਂ ਘੱਟ ਬਾਰਸ਼ ਹੋਣ ਕਾਰਨ ਪਰੇਸ਼ਾਨ ਹਨ। ਬਿਹਾਰ ਦੀ ਇਹ ਤ੍ਰਾਸਦੀ ਹੀ ਹੈ ਕਿ ਇਕ ਪਾਸੇ ਰਾਜ ਦਾ ਇਕ ਹਿੱਸਾ ਆਮ ਬਾਰਸ਼ ਨੂੰ ਤਰਸ ਰਿਹਾ ਹੈ ਅਤੇ ਸੋਕੇ ਦੀ ਸਥਿਤੀ ਨਾਲ ਬਾਰਸ਼ ਦੀ ਦੁਆ ਕਰ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਨੇਪਾਲ ‘ਚ ਹੋ ਰਹੀ ਬਾਰਸ਼ ਨਾਲ ਇੱਥੇ ਦੇ ਕਈ ਜ਼ਿਲਿਆਂ ‘ਚ ਹੜ੍ਹ ਆਏ ਹੋਏ ਹਨ। ਨੇਪਾਲ ਦੇ ਤਰਾਈ ਖੇਤਰਾਂ ‘ਚ ਹੋ ਰਹੀ ਬਾਰਸ਼ ਕਾਰਨ ਨੇਪਾਲ ਤੋਂ ਆਉਣ ਵਾਲੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵਧ ਗਿਆ ਹੈ। ਬਿਹਾਰ ਦੀ ਨਦੀ ਕੋਸੀ ਤੋਂ ਇਲਾਵਾ ਬਾਗਮਤੀ, ਬੂਢੀ ਗੰਡਕ, ਲਲਬਕੀਆ, ਕਮਲਾ ਬਲਾਨ ‘ਚ ਲਗਭਗ ਹਰ ਸਾਲ ਹੜ੍ਹ ਆਉਂਦਾ ਹੈ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਬਿਹਾਰ ਦੇ 38 ਜ਼ਿਲਿਆਂ ‘ਚੋਂ ਸੀਮਾਂਚਲ ਖੇਤਰ ‘ਚ ਆਉਣ ਵਾਲੇ 13 ਜ਼ਿਲੇ ਹੜ੍ਹ ਨਾਲ ਪ੍ਰਭਾਵਿਤ ਹਨ।
615 ਰਾਹਤ ਕੈਂਪ ਲਗਾਏ ਗਏ ਹਨ
ਉੱਥੇ ਹੀ ਆਸਾਮ ‘ਚ, ਬਾਰਪੇਟਾ ਜ਼ਿਲੇ ‘ਚ ਇਕ ਹੋਰ ਵਿਅਕਤੀ ਦੀ ਮੌਤ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 82 ਹੋ ਗਈ ਹੈ। ਆਸਾਮ ਦੇ 56 ਮਾਲੀਆ ਖੇਤਰਾਂ ‘ਚ 1,761 ਪਿੰਡਾਂ ਦੇ 21.68 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹਨ। ਰਾਜ ‘ਚ ਬ੍ਰਹਮਾਪੁੱਤਰ ਸਮੇਤ ਕਈ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਅਨੁਸਾਰ ਬਾਰਪੇਟਾ ਤੋਂ ਇਲਾਵਾ 17 ਜ਼ਿਲੇ ਹੜ੍ਹ ਦੀ ਲਪੇਟ ‘ਚ ਹਨ। ਇਹ ਜ਼ਿਲੇ ਧੇਮਾਜੀ, ਸੋਨਿਤਪੁਰ, ਡਰਾਂਗ, ਬਕਸਾ ਨਾਲਬਾਰੀ, ਚਿਰਾਂਗ, ਬੋਂਗਾਈਗਾਓਂ, ਕੋਕਰਾਝਾਰ, ਧੁਬਰੀ, ਗਵਾਲਪਾਰਾ, ਕਾਮਰੂਪ, ਕਾਮਰੂਪ (ਐੱਮ), ਮੋਰੀਗਾਓਂ, ਨਗਾਂਵ, ਗੋਲਾਘਾਟ, ਜੋਰਹਾਟ ਅਤੇ ਕੱਛਾਰ ਹਨ। ਫਿਲਹਾਲ 12 ਜ਼ਿਲਿਆਂ ‘ਚ 615 ਰਾਹਤ ਕੈਂਪਾਂ ‘ਚ 99 ਹਜ਼ਾਰ ਲੋਕ ਰੁਕੇ ਹੋਏ ਹਨ। ਅਥਾਰਟੀ ਅਨੁਸਾਰ ਪੰਜ ਜ਼ਿਲਿਆਂ ‘ਚ 49 ਰਾਹਤ ਵੰਡ ਕੇਂਦਰ ਚੱਲ ਰਹੇ ਹਨ।















