ਸਾਹਮਣੇ ਆਈ ਟੀਮ ਇੰਡੀਆ ਦੀ ਫ਼ੁੱਟ, ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਹੋਈ ਮੰਗ

ਨਵੀਂ ਦਿੱਲੀ – ਵਰਲਡ ਕੱਪ ਵਿੱਚ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ। ਟੀਮ ਵਿੱਚ ਫ਼ੁੱਟ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮੀਡੀਆ ਮੁਤਾਬਿਕ, ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ ਦੋ ਗਰੁੱਪ ਬਣ ਚੁੱਕੇ ਹਨ। ਰਿਪੋਰਟ ਮੁਤਾਬਿਕ, ਦਾਅਵਾ ਕੀਤਾ ਜਾ ਰਿਹਾ ਹੈ ਕਿ ਵਰਲਡ ਕੱਪ ਵਿੱਚ ਟੀਮ ਇੰਡੀਆ ਦੋ ਗੁੱਟਾਂ ਵਿੱਚ ਵੰਡ ਕੇ ਖੇਡੀ ਸੀ। ਪਹਿਲਾ ਗਰੁੱਪ ਵਿਰਾਟ ਕੋਹਲੀ ਦਾ ਸੀ ਅਤੇ ਦੂਜਾ ਗਰੁੱਪ ਰੋਹਿਤ ਸ਼ਰਮਾ ਦਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਰਲਡ ਕੱਪ ਦੇ ਕਈ ਮੌਕਿਆਂ ‘ਤੇ ਰੋਹਿਤ ਨੇ ਕੋਹਲੀ ਦੇ ਫ਼ੈਸਲਿਆਂ ‘ਤੇ ਨਾਰਾਜ਼ਗੀ ਜਤਾਈ ਸੀ।
ਗ਼ਲਤੀਆਂ ਦੀ ਵਜ੍ਹਾ ਨਾਲ ਰੋਹਿਤ-ਵਿਰਾਟ ਵਿੱਚ ਹੋ ਸਕਦੀ ਹੈ ਅਸਹਿਮਤੀ
ਰਿਪੋਰਟ ਮੁਤਾਬਿਕ, ਵਰਲਡ ਕੱਪ ਦੇ ਸੈਮੀਫ਼ਾਈਨਲ ਵਿੱਚ ਵਿਰਾਟ ਕੋਹਲੀ ਦਾ ਮੁਹੰਮਦ ਸ਼ਮੀ ਨੂੰ ਬਾਹਰ ਰੱਖਣ ਦਾ ਫ਼ੈਸਲਾ ਰੋਹਿਤ ਅਤੇ ਉਸ ਦੇ ਗਰੁੱਪ ਨੂੰ ਰਾਸ ਨਹੀਂ ਸੀ ਆ ਰਿਹਾ ਕਿਉਂਕਿ ਸ਼ਮੀ ਨੇ ਵਰਲਡ ਕੱਪ ਵਿੱਚ ਬਹੁਤ ਹੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਅਤੇ ਚਾਰ ਮੈਚਾਂ ਵਿੱਚ 14 ਵਿਕਟਾਂ ਲਈਆਂ ਸਨ। ਇੰਨਾ ਹੀ ਨਹੀਂ ਰਵਿੰਦਰ ਜਡੇਜਾ ਨੂੰ ਵਰਲਡ ਕੱਪ ਦੇ ਕਈ ਮੈਚਾਂ ਵਿੱਚ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵੀ ਰੋਹਿਤ ਖ਼ੁਸ਼ ਨਹੀਂ ਸੀ। ਜਡੇਜਾ ਨੂੰ ਸੈਮੀਫ਼ਾਈਨਲ ਵਿੱਚ ਖੇਡਣ ਦਾ ਮੌਕਾ ਮਿਲਿਆ ਤਾਂ ਉਸ ਨੇ ਇੱਕ ਜ਼ਬਰਦਸਤ ਪਾਰੀ ਖੇਡੀ।
ਰੋਹਿਤ ਦੇ ਸ਼ਾਨਦਾਰ ਖੇਡ ਨੇ ਵਿਗਾੜਿਆ ਕੋਹਲੀ ਦਾ ਮਾਹੌਲ
ਤੁਹਾਨੂੰ ਦੱਸ ਦਈਏ ਕਿ ਵਰਲਡ ਕੱਪ ਵਿੱਚ ਰੋਹਿਤ ਸ਼ਰਮਾ ਲਗਾਤਾਰ ਸੈਂਕੜੇ ਲਗਾ ਰਿਹਾ ਸੀ ਜਿਸ ਨਾਲ ਉਸ ਦੇ ਗਰੁੱਪ ਨੂੰ ਮਜ਼ਬੂਤੀ ਮਿਲੀ। ਮੀਡੀਆ ਮੁਤਾਬਿਕ, ਸੈਮੀਫ਼ਾਈਨਲ ਵਿੱਚ ਟੀਮ ਇੰਡੀਆ ਦੇ ਹਾਰਨ ਤੋਂ ਬਾਅਦ ਰੋਹਿਤ ਦੇ ਗਰੁੱਪ ਦੇ ਖਿਡਾਰੀਆਂ ਨੇ ਵਿਰਾਟ ਨੂੰ ਕਪਤਾਨੀ ਤੋਂ ਹਟਾਉਣ ਦੀ ਮੰਗ ਕੀਤੀ। ਦੱਸ ਦਈਏ ਕਿ ਵਿਰਾਟ ਕੋਹਲੀ ਹੁਣ ਤਕ ਕੋਈ ਵੀ ICC ਟੂਰਨਾਮੈਂਟ ਨਹੀਂ ਜਿੱਤ ਸਕਿਆ। ਇਸ ਤੋਂ ਇਲਾਵਾ IPL ਵਿੱਚ ਵੀ ਕੋਲਹੀ ਦੀ ਟੀਮ ਅਸਫ਼ਲ ਰਹੀ।
ਵਿਰਾਟ ਤੋਂ ਬਿਹਤਰ ਹੈ ਰੋਹਿਤ ਦੀ ਕਪਤਾਨੀ
ਰੋਹਿਤ ਨੇ 15 T-20 ਮੈਚਾਂ ਦੀ ਕਪਤਾਨੀ ਕੀਤੀ ਹੈ ਜਿਨ੍ਹਾਂ ਵਿੱਚੋਂ ਭਾਰਤ ਨੇ 12 ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਅਤੇ ਤਿੰਨ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਵਨਡੇ ਵਿੱਚ ਰੋਹਿਤ ਨੇ 9 ਮੈਚਾਂ ਵਿੱਚੋਂ 8 ਮੈਚ ਭਾਰਤ ਨੂੰ ਜਿਤਾਏ ਹਨ। ਵਿਰਾਟ ਆਪਣੀ ਕਪਤਾਨੀ ਵਿੱਚ 77 ਵਨ ਡੇ ਮੈਚਾਂ ਵਿੱਚ 56 ਮੈਚ ਹੀ ਭਾਰਤ ਨੂੰ ਜਿਤਾ ਸਕਿਐ। ਜੇਕਰ ਗਲ ਕਰੀਏ T-20 ਦੀ ਤਾਂ ਕੋਹਲੀ ਦੀ ਕਪਤਾਨੀ ਵਿੱਚ ਭਾਰਤ 22 ਮੈਚਾਂ ਵਿੱਚੋਂ ਸਿਰਫ਼ 12 ਮੈਚ ਹੀ ਜਿੱਤ ਸਕਿਆ ਹੈ।