ਵੈੱਸਟ ਇੰਡੀਜ਼ ਦੌਰੇ ਤੋਂ ਬਾਹਰ ਹੋਏ ਕਾਰਤਿਕ ਦੇ ਕਰੀਅਰ ਦੇ ਲੱਗਾ ਗ੍ਰਹਿਣ

ਨਵੀਂ ਦਿੱਲੀ – ਵੈੱਸਟ ਇੰਡੀਜ਼ ਦੌਰੇ ਲਈ ਟੀਮ ਇੰਡੀਆ ਦੀ ਚੋਣ ਹੋ ਗਈ ਹੈ। ਕੈਰੇਬੀਆਈ ਦੌਰੇ ‘ਤੇ ਖੇਡੇ ਜਾਣ ਵਾਲੇ ਤਿੰਨੇ ਫ਼ੌਰਮੈਟਸ ਲਈ ਟੀਮ ਇੰਡੀਆ ਦੀ 15-15 ਮੈਂਬਰੀ ਟੀਮ ਦਾ ਐਲਾਨ ਹੋਇਆ ਹੈ। T-20, ਵਨ-ਡੇ ਅਤੇ ਟੈੱਸਟ ਸੀਰੀਜ਼ ਲਈ ਬਤੌਰ ਵਿਕਟਕੀਪਰ ਬੱਲੇਬਾਜ਼ ਯੁਵਾ ਰਿਸ਼ਭ ਪੰਤ ਦੀ ਚੋਣ ਹੋਈ ਹੈ, ਅਤੇ ਇਸ ਦੇ ਨਾਲ ਹੀ ਇੱਕ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦੇ ਕੌਮਾਂਤਰੀ ਕ੍ਰਿਕਟ ਕਰੀਅਰ ‘ਤੇ ਗ੍ਰਹਿਣ ਲਗ ਗਿਆ ਹੈ।
ਮੁੰਬਈ ਸਥਿਤ BCCI ਦੇ ਮੁੱਖ ਦਫ਼ਤਰ ‘ਚ ਕਪਤਾਨ ਵਿਰਾਟ ਕੋਹਲੀ ਅਤੇ ਚੋਣਕਰਤਾਵਾਂ ਵਿਚਾਲੇ ਹੋਈ ਬੈਠਕ ਤੋਂ ਬਾਅਦ ਵੈੱਸਟ ਇੰਡੀਜ਼ ਦੌਰੇ ਲਈ ਦਿਨੇਸ਼ ਕਾਰਤਿਕ ਨੂੰ ਕਿਸੇ ਵੀ ਫ਼ੌਰਮੈਟ ‘ਚ ਟੀਮ ‘ਚ ਜਗ੍ਹਾ ਨਹੀਂ ਮਿਲੀ ਹੈ। ਅਜਿਹੇ ‘ਚ ਸਾਫ਼ ਹੈ ਕਿ ਦਿਨੇਸ਼ ਕਾਰਤਿਕ ਹੁਣ ਕਦੀ ਕੌਮਾਂਤਰੀ ਕ੍ਰਿਕਟ ‘ਚ ਨਜ਼ਰ ਨਹੀਂ ਆਵੇਗਾ। ਇਸ ਦੇ ਪਿੱਛੇ ਇੱਕ ਨਹੀਂ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਹੈ ਕੌਮਾਂਤਰੀ ਪੱਧਰ ‘ਤੇ ਉਸ ਦਾ ਮਾੜਾ ਪ੍ਰਦਰਸ਼ਨ। ਇਸ ਤੋਂ ਇਲਾਵਾ ਦਿਨੇਸ਼ ਕਾਰਤਿਕ ਦੀ ਉਮਰ ਵੀ ਇੱਕ ਵੱਡਾ ਫ਼ੈਕਟਰ ਹੈ ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਦੇ ਮੌਜੂਦਾ ਪ੍ਰਦਰਸ਼ਨ ‘ਤੇ ਨਜ਼ਰ ਪਾਈਏ ਤਾਂ ਉਹ ਵਰਤਮਾਨ ਸਮੇਂ ‘ਚ ਬਹੁਤ ਖ਼ਰਾਬ ਹੈ। ਜਦਕਿ ਯੁਵਾ ਰਿਸ਼ਭ ਪੰਤ ਨੇ ਆਪਣੀ ਸਮਰਥਾ ਦੇ ਮੁਤਾਬਿਕ ਕੌਮਾਂਤਰੀ ਪੱਧਰ ‘ਤੇ ਵੀ ਜਦੋਂ ਵੀ ਉਸ ਨੂੰ ਮੌਕਾ ਮਿਲਿਆ, ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦਿਨੇਸ਼ ਕਾਰਤਿਕ ਦੇ ਕਰੀਅਰ ਦੇ ਖ਼ਤਮ ਹੋਣ ਦਾ ਖਦਸ਼ਾ ਵਰਲਡ ਕੱਪ 2019 ‘ਚ ਉਸ ਵਲੋਂ ਕੀਤੇ ਗਏ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵੀ ਲਗ ਗਿਆ ਸੀ, ਪਰ ਆਖ਼ਿਰ ਜਦੋਂ ਵੈੱਸਟ ਇੰਡੀਜ਼ ਦੌਰੇ ਲਈ ਟੀਮ ਦੀ ਚੋਣ ਹੋਈ ਤਾਂ ਮੁੱਖ ਚੋਣਕਾਰਾਂ ਨੇ ਰਿਸ਼ਭ ਪੰਤ ‘ਤੇ ਤਿੰਨੇ ਫ਼ੌਰਮੈਟਾਂ ਲਈ ਭਰੋਸਾ ਜਤਾਇਆ, ਅਤੇ ਦਿਨੇਸ਼ ਦੇ ਕਰੀਅਰ ‘ਤੇ ਬ੍ਰੇਕ ਲੱਗਣ ਦੀ ਪੁਸ਼ਟੀ ਹੋ ਗਈ।
34 ਸਾਲਾ ਦਿਨੇਸ਼ ਕਾਰਤਿਕ ਨੂੰ ਖ਼ਰਾਬ ਫ਼ੌਰਮ ਦੇ ਆਧਾਰ ‘ਤੇ ਟੀਮ ਇੰਡੀਆ ‘ਚੋਂ ਬਾਹਰ ਕੀਤਾ ਗਿਆ ਹੈ। ਦਿਨੇਸ਼ ਕਾਰਤਿਕ ਨੇ ਵਰਲਡ ਕੱਪ 2019 ‘ਚ ਸੈਮੀਫ਼ਾਈਨਲ ਮਿਲਾ ਕੇ ਕੁੱਲ ਤਿੰਨ ਮੈਚ ਖੇਡੇ ਸਨ ਜਿਨ੍ਹਾਂ ‘ਚੋਂ ਦੋ ਮੈਚਾਂ ‘ਚ ਉਸ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਦਿਨੇਸ਼ ਕਾਰਤਿਕ ਦੋਹਾਂ ਪਾਰੀਆਂ ‘ਚ ਆਊਟ ਹੋਇਆ ਅਤੇ 7 ਰਨ ਪ੍ਰਤੀ ਮੈਚ ਦੀ ਔਸਤ ਨਾਲ ਕੁੱਲ 14 ਦੌੜਾਂ ਹੀ ਬਣਾਈਆਂ।
ਰਿਸ਼ਭ ਪੰਤ ਦਿਨੇਸ਼ ਕਾਰਤਿਕ ਦੇ ਮਜ਼ਬੂਤ ਬਦਲ ਦੇ ਤੌਰ ‘ਤੇ ਟੀਮ ‘ਚ ਆਪਣੀ ਜਗ੍ਹਾ ਬਣਾਉਣ ‘ਚ ਸਫ਼ਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਰਿਸ਼ਭ ਪੰਤ ਨੇ ਵਰਲਡ ਕੱਪ ਦੀਆਂ ਚਾਰ ਪਾਰੀਆਂ ‘ਚ 29 ਦੀ ਔਸਤ ਨਾਲ 116 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 89.23 ਦਾ ਰਿਹਾ। ਰਿਸ਼ਭ ਪੰਤ ਅਜੇ ਤਕ 9 ਟੈੱਸਟ ਮੈਚਾਂ ‘ਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜੇ ਜੜ ਚੁੱਕਿਐ। ਦੂਜੇ ਪਾਸੇ ਜੇਕਰ ਦਿਨੇਸ਼ ਕਾਰਤਿਕ ਦੇ ਪ੍ਰਦਰਸ਼ਨ ਨੂੰ ਦੇਖਿਆ ਜਾਵੇ ਤਾਂ ਉਸ ਦੇ ਨਾਂ 150 ਕੌਮਾਂਤਰੀ ਮੈਚਾਂ ਸਿਰਫ਼ ਇੱਕ ਸੈਂਕੜਾ ਹੈ। ਅਜਿਹੇ ‘ਚ ਸਾਫ਼ ਹੈ ਕਿ ਦਿਨੇਸ਼ ਕਾਰਤਿਕ ਹੁਣ ਅੱਗੇ ਤੋਂ ਟੀਮ ਇੰਡੀਆ ਦਾ ਹਿੱਸਾ ਨਹੀਂ ਹੋਵੇਗਾ ਕਿਉਂਕਿ ਮੁੱਖ ਚੋਣਕਾਰ ਐੱਮ.ਐੱਸ. ਕੇ. ਪ੍ਰਸਾਦ ਨੇ ਵੀ ਕਿਹਾ ਹੈ ਕਿ ਉਹ ਧੋਨੀ ਤੋਂ ਬਾਅਦ ਰਿਸ਼ਭ ਪੰਤ ਨੂੰ ਤਿੰਨਾਂ ਫ਼ੌਰਮੈਟਸ ਲਈ ਤਿਆਰ ਕਰ ਰਿਹਾ ਹੈ।