ਰੋਜ਼ ਅਖਰੋਟ-ਬਦਾਮ ਖਾਣ ਦੇ ਫ਼ਾਇਦੇ

ਇੱਕ ਤਾਜ਼ਾ ਖੋਜ ਮੁਤਾਬਿਕ, ਨਿਯਮਤ ਤੌਰ ‘ਤੇ ਅਖਰੋਟ ਅਤੇ ਬਦਾਮ ਖਾਣ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਭਾਰ ਕਾਬੂ ਰੱਖਣ ‘ਚ ਵੀ ਮਦਦ ਮਿਲਦੀ ਹੈ। ਸਾਰੇ ਜਾਣਦੇ ਹਨ ਕਿ ਅਖਰੋਟ ਅਤੇ ਬਦਾਮ ਸਿਹਤ ਲਈ ਚੰਗੇ ਹੁੰਦੇ ਹਨ, ਪਰ ਇਨ੍ਹਾਂ ਨੂੰ ਲੋੜ ਤੋਂ ਜ਼ਿਆਦਾ ਨਹੀਂ ਖਾਣਾ ਚਾਹੀਦਾ। ਯੇਨਾ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮਿਸਾਜ਼ਿਲ ਗਲਾਈ ਦੱਸਦੇ ਹਨ ਕਿ ਇਸ ਨਾਲ ਬਲੱਡ ਸ਼ੂਗਰ ਅਤੇ ਲਿਪਿਡ ਮਟੈਬਲਿਜ਼ਮ ਦੇ ਪੈਰਾਮੀਟਰ ‘ਤੇ ਅਸਰ ਹੁੰਦਾ ਹੈ ਜਿਸ ਨਾਲ ਟਾਈਪ ਟੂ ਡਾਇਬਟੀਜ਼ ਤੋਂ ਇਲਾਵਾ ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਜੋਖ਼ਮ ਘੱਟ ਜਾਂਦਾ ਹੈ। ਪ੍ਰੋ. ਗਲਾਈ ਮੁਤਾਬਿਕ, ਬਦਾਮ ਸਾਡਾ ਜੀਵਨ ਲੰਬਾ ਕਰਦੇ ਹਨ।
ਬੈਡ ਕੋਲੇਸਟਰੋਲ ‘ਚ ਆਉਂਦੀ ਹੈ ਕਮੀ – ਮਿਊਨਿਖ ਮੈਡੀਕਲ ਕਾਲਜ ‘ਚ ਅਖਰੋਟਾਂ ‘ਤੇ ਖੋਜ ਕੀਤੀ ਗਈ। ਖੋਜ ‘ਚ ਭਾਗ ਲੈਣ ਵਾਲੇ ਇੱਕ ਵਿਅਕਤੀ ਸੀ ਡੀਟਰ ਗੈਰਸ਼ਵਿਤਸ। ਅੱਠ ਹਫ਼ਤਿਆਂ ਤਕ ਉਸ ਨੇ ਹਰ ਦਿਨ ਇੱਕ ਮੁੱਠੀ ਯਾਨੀ 43 ਗ੍ਰਾਮ ਅਖਰੋਟ ਖਾਧੇ। ਉਸ ਤੋਂ ਬਾਅਦ ਅਧਿਐਨ ਲਈ ਅੱਠ ਹਫ਼ਤੇ ਤਕ ਕੋਈ ਅਖਰੋਟ ਨਹੀਂ ਖਾਧਾ। ਉਸ ਨੇ ਦੱਸਿਆ ਕਿ ਉਸ ਨੇ ਹਰ ਦਿਨ ਬਰਾਬਰ ਦੀਆਂ ਕੈਲੋਰੀਜ਼ ਦਾ ਸੇਵਨ ਕੀਤਾ। ਅਖਰੋਟ ਦਾ ਸਭ ਤੋਂ ਮਹੱਤਵਪੂਰਣ ਅਸਰ ਖ਼ੂਨ ‘ਚ ਮੌਜੂਦ ਫ਼ੈਟ ‘ਤੇ ਸੀ। ਸ਼ਰੀਰ ਲਈ ਖ਼ਰਾਬ ਸਮਝੇ ਜਾਣ ਵਾਲੇ LDL ਕੋਲੈਸਟਰੋਲ ‘ਚ ਅਖਰੋਟ ਕਾਰਨ ਸੱਤ ਫ਼ੀਸਦੀ ਦੀ ਕਮੀ ਆਈ।
ਦਿਲ ਦਾ ਦੌਰੇ ਦਾ ਖਤਰਾ ਘੱਟ
ਮਿਊਨਿਖ ਮੈਡੀਕਲ ਕਾਲਜ ਦੇ ਪ੍ਰੋਫ਼ੈਸਰ ਪਾਰ ਹੋਫ਼ਰਲ ਦਾ ਕਹਿਣਾ ਹੈ ਕਿ ਸ਼ਾਇਦ ਇਹੋ ਸੰਭਵ ਕਾਰਨ ਹੈ ਕਿ ਨਿਯਮਤ ਰੂਪ ਨਾਲ ਅਖਰੋਟ ਖਾਣ ਵਾਲੇ ਮਰੀਜ਼ਾਂ ਨੂੰ ਦਿਲ ਦਾ ਦੌਰਾ ਘੱਟ ਪੈਂਦਾ ਹੈ ਕਿਉਂਕਿ ਸਾਨੂੰ ਪਤਾ ਹੈ ਕਿ LDL ਕੋਲੇਸਟ੍ਰੋਲ ਦਿਲ ਦੀਆਂ ਬੀਮਾਰੀਆਂ ‘ਚ ਅਤਿਅੰਤ ਅਹਿਮ ਭੂਮਿਕਾ ਨਿਭਾਉਂਦਾ ਹੈ।
ਸੂਰਜਵੰਸ਼ੀ