ਖ਼ੁਰਾਕੀ ਤੱਤਾਂ ਨਾਲ ਮਾਲਾਮਾਲ ਬਰੌਕਲੀ
ਬਰੌਕਲੀ ਸਬਜ਼ੀ ਫ਼ਸਲ ਫ਼ੁੱਲ ਗੋਭੀ ਦੀ ਹੀ ਇੱਕ ਕਿਸਮ ਹੈ। ਇਸ ਦੀ ਕਾਸ਼ਤ ਵੀ ਫ਼ੁੱਲ ਗੋਭੀ ਦੀ ਤਰ੍ਹਾਂ ਹੀ ਕੀਤੀ ਜਾਂਦੀ ਹੈ। ਇਹ ਕਰੂਸੀਫ਼ੇਰੀ ਜਾਤੀ ਨਾਲ ਸਬੰਧ ਰੱਖਦੀ ਹੈ। ਵਿਗਿਆਨਕ ਖੋਜਾਂ ਨੇ ਪਾਇਆ ਹੈ ਕਿ ਇਹ ਬਰੌਕਲੀ ਦੀ ਕਿਸਮ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦੀ ਹੈ। ਮਨੁੱਖ ਦੀ ਸ਼ਰੀਰਕ ਅਤੇ ਦਿਮਾਗ਼ੀ ਤੰਦਰੁਸਤੀ ਦੇ ਸਾਰੇ ਤੱਤ ਇਸ ਸਬਜ਼ੀ ਵਿੱਚ ਮੌਜੂਦ ਹੁੰਦੇ ਹਨ ਜਿਸ ਕਰ ਕੇ ਇਸ ਨੂੰ ਕਾਫ਼ੀ ਲਾਹੇਵੰਦ ਸਮਝਿਆ ਜਾਂਦਾ ਹੈ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦੇਖਿਆ ਗਿਆ ਹੈ ਕਿ ਇਸ ਦੀ ਖੇਤੀ 15ਵੀਂ ਸਦੀ ਵਿੱਚ ਰੋਮਨ ਸਾਮਰਾਜ ਵੇਲੇ ਸ਼ੁਰੂ ਹੋਈ ਸੀ, ਪਰ ਇਹ 16ਵੀਂ ਸਦੀ ਵਿੱਚ ਫ਼ਰਾਂਸ ਤੋਂ ਹੀ ਸਾਰੇ ਯੌਰਪ ਵਿੱਚ ਮਸ਼ਹੂਰ ਹੋਈ। ਦੁਨੀਆਂ ਭਰ ‘ਚ ਅੱਜ ਇੱਕ ਨੰਬਰ ਦੀ ਤਾਕਤ ਦਾ ਰੁਤਬਾ ਹਾਸਿਲ ਕਰ ਚੁੱਕੀ ਇਸ ਫ਼ਸਲ ਦੀ ਅਮਰੀਕਾ ਵਿੱਚ ਖੇਤੀ 20ਵੀਂ ਸਦੀ ‘ਚ ਕੀਤੀ ਜਾਣ ਲੱਗੀ ਸੀ।
ਬਰੌਕਲੀ ਵਿੱਚ ਵਿਟਾਮਿਨ K ਫ਼ੋਲਿਕ ਐਸਿਡ, ਪੋਟੈਸ਼ੀਅਮ ਅਤੇ ਮਿਨਰਲਜ਼ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਵਿੱਚ ਸਿਟਰਸ ਫ਼ਲਾਂ ਤੋਂ ਦੁੱਗਣੀ ਮਾਤਰਾ ਵਿੱਚ ਵਾਟਿਾਮਿਨ C ਅਤੇ ਦੁੱਧ ਤੋਂ ਵੀ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ।
ਇਸ ਸਬਜ਼ੀ ਦੀ ਫ਼ਸਲ ਵਿੱਚ ਵਾਇਟਾਮਿਨ B1, B2, B3, B5, B6, ਅਤੇ B9 ਤੋਂ ਇਲਾਵਾ ਵਾਇਟਾਮਿਨ A ਵੀ ਪਾਇਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਬਰੌਕਲੀ ਵਿੱਚ ਖ਼ੁਰਾਕੀ ਤੱਤਾਂ ਦੀ ਮਾਤਰਾ ਆਈਸੋਥਾਇਉ- ਸਾਇਨੈ ਟਸ ਕਰਕੇ ਹੈ। ਆਈਸੋਥਾਇਉ-ਸਾਇਨੈਟਸ ਕੈਂਸਰ ਦੇ ਖ਼ਿਲਾਫ਼ ਲੜਨ ਦੀ ਜ਼ਬਰਦਸਤ ਤਾਕਤ ਰੱਖਦੇ ਤੱਤ ਹਨ। ਇਸ ਤੋਂ ਇਲਾਵਾ ਬਰੌਕਲੀ ਵਿੱਚ ਅਜਿਹੇ ਤੱਤ ਵੀ ਹੁੰਦੇ ਹਨ ਜੋ ਸਲਫ਼ੋਰਾਫ਼ੇਨ ਬਣਾਉਂਦੇ ਹਨ। ਇਹ ਤੱਤ ਵੀ ਐਨਜ਼ਾਇਮਜ਼ ਵਿੱਚ ਬਦਲ ਕੇ ਕੈਂਸਰ ਨਾਲ ਲੜਨ ਦੀ ਸ਼ਕਤੀ ਰੱਖਣ ਵਾਲਾ ਪਦਾਰਥ ਹੈ। ਇਹ ਵੱਡੀ ਅੰਤੜੀ ਰੋਗ ਤੋਂ ਵੀ ਬਚਾਉਂਦੀ ਹੈ। ਬਰੌਕਲੀ ਦੇ ਸਿਹਤ ਸਬੰਧੀ ਬੇਸ਼ੁਮਾਰ ਲਾਭ ਹਨ।
ਅਮਰੀਕਾ ਦੀ ਕਨੈਕਟਿਕਟ ਯੂਨੀਵਰਸਿਟੀ ਦੇ ਖੋਜੀਆਂ ਨੇ ਇੱਕ ਅਧਿਐਨ ਵਿੱਚ ਇਹ ਦੇਖਿਆ ਹੈ ਕਿ ਭਾਫ਼ ਨਾਲ ਪਕਾਈ ਗਈ ਬਰੌਕਲੀ ਦਿਲ ਦੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਹੋਣ ਤੋਂ ਰੋਕਣ ਦੀ ਸਮਰੱਥਾ ‘ਚ ਵਾਧਾ ਕਰਦੀ ਹੈ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਮਨਫ਼ੀ ਹੋ ਜਾਂਦਾ ਹੈ। ਵਧੇਰੇ ਤਾਪਮਾਨ ‘ਤੇ ਪਕਾਉਣ ਨਾਲ ਇਸ ਦੇ ਤੱਤ ਨਸ਼ਟ ਹੋ ਜਾਂਦੇ ਹਨ। ਬਰੌਕਲੀ ਦੇ ਫ਼ੁੱਲ ਤੋਂ ਇਲਾਵਾ ਇਸ ਦੇ ਪੱਤਿਆਂ ਦਾ ਸਖ਼ਤ ਭਾਗ ਅਤੇ ਨਰਮ ਪੱਤੇ ਵੀ ਖਾਣਯੋਗ ਹੁੰਦੇ ਹਨ। ਇਸ ਲਈ ਖ਼ੁਰਾਕੀ ਤੱਤਾਂ ਨਾਲ ਮਾਲਾਮਾਲ ਬਰੌਕਲੀ ਨੂੰ ਸਾਨੂੰ ਆਪਣੇ ਭੋਜਨ ਦਾ ਭਾਗ ਬਣਾਉਣਾ ਚਾਹੀਦਾ ਹੈ।
-ਗੁਰਬਖਸ਼ਪੁਰੀ










