ਬੰਗਾਲ ਵਿਧਾਨ ਸਭਾ ਚੋਣਾਂ 2021 ਦਾ ‘ਖਾਕਾ’ ਤਿਆਰ ਕਰਨ ‘ਚ ਜੁੱਟੀ ਭਾਜਪਾ

ਕੋਲਕਾਤਾ — ਲੋਕ ਸਭਾ ਚੋਣਾਂ 2019 ‘ਚ ਪੱਛਮੀ ਬੰਗਾਲ ਵਿਚ ਮਿਲੀ ਸ਼ਾਨਦਾਰ ਜਿੱਤ ਤੋਂ ਉਤਸ਼ਾਹਿਤ ਭਾਜਪਾ ਹੁਣ ਤੋਂ ਹੀ 2021 ਵਿਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਜੁੱਟ ਗਈ ਹੈ। ਭਾਜਪਾ ਪਾਰਟੀ 294 ਮੈਂਬਰੀ ਵਿਧਾਨ ਸਭਾ ‘ਚ 250 ਸੀਟਾਂ ਜਿੱਤਣ ਦੀ ਜੁਗਤ ਲਾ ਕੇ ਬੈਠੀ ਹੈ। ਸੰਸਦੀ ਚੋਣ ਵਿਚ ਸੂਬੇ ਦੀਆਂ 42 ‘ਚੋਂ 18 ਸੀਟਾਂ ਜਿੱਤਣ ਤੋਂ ਬਾਅਦ ਭਾਜਪਾ 2021 ਲਈ ਖਾਕਾ ਤਿਆਰ ਕਰ ਰਹੀ ਹੈ। ਇਸ ਵਿਚ ਤਮਾਮ ਰਣਨੀਤੀਆਂ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ ਤੋਂ ਪਾਰਟੀ ਵਿਚ ਆਉਣ ਦੇ ਇੱਛੁਕ ਨੇਤਾਵਾਂ ਦੀ ਛਾਂਟੀ ਵੀ ਸ਼ਾਮਲ ਹੈ। 2021 ਵਿਚ ਭਾਜਪਾ ਦਾ ਮੁੱਖ ਹਥਿਆਰ ਹੋਵੇਗਾ ਰੋਜ਼ਗਾਰ ਪੈਦਾ ਕਰਨ ਲਈ ਉਦਯੋਗਕੀਕਰਨ ਅਤੇ ਸੂਬੇ ਲਈ ਰਾਸ਼ਟਰੀ ਨਾਗਰਿਕ ਰਜਿਸਟ੍ਰੇਸ਼ਨ, ਤਾਂ ਕਿ ਗੈਰ-ਕਾਨੂੰਨੀ ਰੂਪ ਤੋਂ ਰਹਿ ਰਹੇ ਬੰਗਲਾਦੇਸ਼ੀਆਂ ਨੂੰ ਖਦੇੜਿਆ ਜਾ ਸਕੇ। ਓਧਰ ਸੱਤਾਧਾਰੀ ਤ੍ਰਿਣਮੂਲ ਭਾਜਪਾ ਦੀ ਇਸ ਯੋਜਨਾ ‘ਤੇ ਕੁਝ ਖਾਸ ਧਿਆਨ ਨਹੀਂ ਦੇ ਰਹੀ ਹੈ। ਉਸ ਦਾ ਕਹਿਣਾ ਹੈ ਕਿ 2021 ਵਿਚ ਵੀ ਤ੍ਰਿਣਮੂਲ ਦਾ ਝੰਡਾ ਲਹਿਰਾਏਗਾ ਅਤੇ ਸੂਬੇ ਵਿਚ ਸੱਤਾ ‘ਚ ਆਉਣ ਦਾ ਭਾਜਪਾ ਦਾ ਸੁਪਨਾ ਚੂਰ-ਚੂਰ ਹੋ ਜਾਵੇਗਾ।
ਓਧਰ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੱਛਮੀ ਬੰਗਾਲ ਮੁਖੀ ਕੈਲਾਸ਼ ਵਿਜੇਵਰਗੀਯ ਨੇ ਕਿਹਾ, ”ਲੋਕ ਸਭਾ ਚੋਣਾਂ ਲਈ ਅਸੀਂ 23 ਸੀਟਾਂ ਦਾ ਟੀਚਾ ਰੱਖਿਆ ਸੀ ਅਤੇ 18 ਸੀਟਾਂ ਮਿਲੀਆਂ। ਹੁਣ ਸਾਡਾ ਟੀਚਾ (ਵਿਧਾਨ ਸਭਾ ਚੋਣਾਂ ‘ਚ) 250 ਸੀਟਾਂ ਦਾ ਹੈ। ਅਸੀਂ ਆਪਣੀ ਚੁਣਾਵੀ ਰਣਨੀਤੀ ਬਣਾਵਾਂਗੇ ਅਤੇ ਇਸ ਟੀਚੇ ਨੂੰ ਹਾਸਲ ਕਰਨ ਲਈ ਜੀਅ-ਤੋੜ ਮਿਹਨਤ ਕਰਾਂਗੇ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਵਿਚ ਭਾਜਪਾ ਸੂਬੇ ਵਿਚ ਮਹੱਤਵਪੂਰਨ ਸਿਆਸੀ ਖਿਡਾਰੀ ਬਣ ਕੇ ਉੱਭਰੀ ਹੈ। ਇਕ ਸਮੇਂ ਜਿਸ ਸੂਬੇ ਵਿਚ ਖੱਬੇ ਪੱਖੀ ਦਲਾਂ ਅਤੇ ਤ੍ਰਿਣਮੂਲ ਕਾਂਗਰਸ ਤੋਂ ਇਲਾਵਾ ਕਿਸੇ ਦਾ ਨਾਂ ਸੁਣਾਈ ਨਹੀਂ ਦਿੰਦਾ ਸੀ, ਅੱਜ ਭਾਜਪਾ ਉਸ ਗੜ੍ਹ ‘ਚ ਮਜ਼ਬੂਤੀ ਨਾਲ ਉੱਭਰਨ ‘ਚ ਸਫਲ ਰਹੀ ਹੈ।