ਸਨਕੀਪੁਣਾ ਜਾਂ ਬਾਈ-ਪੋਲਰ ਸਿੰਡਰਮ

ਡਾ. ਰਿਪੁਦਮਨ ਸਿੰਘ
ਕਿਸੇ ਪ੍ਰਾਣੀ ਵਿੱਚ ਸਭ ਤੋਂ ਘਾਤਕ ਉਹ ਬਿਮਾਰੀ ਹੈ ਜਿਸ ਦਾ ਨਾ ਤਾਂ ਪ੍ਰਾਣੀ ਨੂੰ ਆਪਣੇ-ਆਪ ਵਿੱਚ ਗਿਆਨ ਹੁੰਦਾ ਹੈ ਅਤੇ ਨਾ ਹੀ ਜਿਸ ਦਾ ਕੋਈ ਸਾਧਾਰਨ ਡਾਕਟਰੀ ਟੈੱਸਟ। ਪ੍ਰਾਣੀ ਦੀ ਸਮਾਜਿਕ ਅਤੇ ਨਿੱਜੀ ਪ੍ਰਵਿਰਤੀ ਕਿਸ ਸਮੇਂ ਕਿਹੜਾ ਮੋੜ ਲੈ ਲਵੇ ਕੋਈ ਪਤਾ ਨਹੀਂ। ਮਨੁੱਖ ਭਾਵੇਂ ਮਰਦ ਹੈ ਜਾਂ ਫ਼ਿਰ ਇਸਤਰੀ, ਮੇਰਾ ਮਤਲਬ ਬਿਨਾਂ ਕਿਸੇ ਲਿੰਗ ਭੇਦਭਾਵ ਤੋਂ ਸੁਭਾਅ ਵਿੱਚ ਇਕਦਮ ਤਬਦੀਲੀ ਬਹੁਤ ਖ਼ਤਰਨਾਕ ਰਹਿੰਦੀ ਹੈ। ਮਨੁੱਖ ਕਿਸ ਸਮੇਂ ਕੀ ਕਰ ਦੇਵੇ ਜਾਂ ਕਰ ਬੈਠੇ ਕੋਈ ਪਤਾ ਨਹੀਂ, ਅਤੇ ਇਸ ਅਚਾਨਕ ਸੁਭਾਅ ਵਿੱਚ ਆਉਂਦੇ ਹੇਰ-ਫ਼ੇਰ ਨੂੰ ਵਿਗਿਆਨ ਜਗਤ ਵਿੱਚ ਬਾਈ-ਪੋਲਰ ਸਿੰਡਰਮ ਜਾਂ ਸਨਕੀ ਸੁਭਾਅ ਦਾ ਨਾਮ ਦਿੱਤਾ ਗਿਆ ਹੈ।
ਇਸ ਹਾਲਤ ਵਿੱਚ ਪਹਿਲੋਂ-ਪਹਿਲ ਵਿਅਕਤੀ ਦਾ ਆਲਾ-ਦੁਆਲਾ ਆਧੁਨਿਕ ਸਮੇਂ ਦੀਆਂ ਅਚਾਨਕ ਤਬਦੀਲੀਆਂ ਦਾ ਅਸਰ ਮੰਨਦੇ ਹਨ। ਹੌਲੀ-ਹੌਲੀ ਅਜਿਹਾ ਸੁਭਾਅ ਵਿਆਪਕ ਅਤੇ ਗੰਭੀਰ ਰੂਪ ਅਖ਼ਤਿਆਰ ਕਰ ਲੈਂਦਾ ਹੈ ਅਤੇ ਰੋਜ਼ ਮਰ੍ਹਾ ਜੀਵਨ ਵਿੱਚ ਆਣ ਲੱਗ ਜਾਂਦਾ ਹੈ ਅਤੇ ਕਾਬੂ ਤੋਂ ਪਰ੍ਹੇ ਹੋ ਜਾਂਦਾ ਹੈ। ਆਮ ਦੇਖਣ ਵਿੱਚ ਆਉਂਦਾ ਹੈ ਕਿ ਸਨਕੀ (ਬਾਈ-ਪੋਲਰ) ਡਿਸਔਰਡਰ ਵਾਲੇ ਵਿਅਕਤੀ ਕਦੋਂ ਭੜਕ ਜਾਣ ਕਿਹਾ ਨਹੀਂ ਜਾ ਸਕਦਾ।
ਭਾਵੇਂ ਕਿਹਾ ਗਿਆ ਹੈ ਕਿ ਇਸ ਬਿਮਾਰੀ ਦੀਆਂ ਕੋਈ ਸਪਸ਼ਟ ਅਤੇ ਵਿਸ਼ੇਸ਼ ਅਲਾਮਤਾਂ ਨਹੀਂ ਹੁੰਦੀਆਂ, ਪਰ ਸੁਭਾਅ ਵਿੱਚ ਯਕਦਮ ਆਉਂਦੀ ਤਬਦੀਲੀ ਅਤੇ ਭੜਕਾਊਪਣ ਖਬਤੀਪੁਣੇ ਵੱਲ ਇਸ਼ਾਰਾ ਜ਼ਰੂਰ ਕਰਦਾ ਹੈ। ਜਦੋਂ ਉਨਮਾਦ ਦੇ ਅਕਸਰ ਦੌਰੇ ਪੈਂਦੇ ਹਨ ਤਾਂ ਉਸ ਵਕਤ ਵਿਅਕਤੀ ਦੇ ਦਿਮਾਗ਼ ਵਿੱਚ ਕੁੱਝ ਰਸਾਇਣਕ ਤਬਦੀਲੀਆਂ ਹੁੰਦੀਆਂ ਹਨ ਜਿਹੜੀਆਂ ਅਜਿਹੀਆਂ ਅਲਾਮਤਾਂ ਦਾ ਕਾਰਨ ਬਣਦੀਆਂ ਹਨ। ਵਿਅਕਤੀ ਦੇਖਣ ਵਿੱਚ ਬਹੁਤ ਚੰਗਾ ਵਰਤਾਓ ਵਾਲਾ, ਸੁਘੜ ਸਿਆਣਾ ਲਗਦਾ ਹੁੰਦਾ ਹੈ, ਪਰ ਅਚਾਨਕ ਭੜਕ ਪੈਂਦਾ ਹੈ ਜਿਵੇਂ ਪਾਗਲਪਨ ਦਾ ਦੌਰਾ ਪਿਆ ਹੋਵੇ। ਅਜਿਹੇ ਦੌਰੇ ਕੁੱਝ ਘੰਟਿਆਂ ਤੋਂ ਕਈ ਹਫ਼ਤਿਆਂ ਤਕ ਦੇ ਹੋ ਸਕਦੇ ਹਨ।
ਬਾਈ-ਪੋਲਰ ਦੋ ਕਿਸਮ ਦੇ ਮਿਲਦੇ ਹਨ। ਦੇਖਣ ਨੂੰ ਪਹਿਲੇ ਵਰਗ ਵਿੱਚ ਅਲਾਮਤਾਂ ਸਾਧਾਰਨ ਹੁੰਦੀਆਂ ਹਨ ਅਤੇ ਸਮਾਜ ਵਿੱਚ ਅਜਿਹੇ ਮਰੀਜ਼ਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਹੈ ਕਿ ਬੰਦਾ ਦੀਵਾਨਾ ਹੋ ਗਿਆ ਹੈ, ਸਨਕੀ ਲਗਦਾ ਹੈ ਜਾਂ ਫ਼ਿਰ ਕਹਿ ਛੱਡਿਆ ਜਾਂਦਾ ਹੈ ਕਿ ਐਵੇਂ ਹੀ ਝੱਖ ਮਾਰਦਾ ਹੈ। ਬੰਦੇ ਦੇ ਗਿਆਨ ਨੂੰ ਅਤੇ ਕੰਮ ਕਰਨ ਦੇ ਉਤਸ਼ਾਹ ਨੂੰ ਵੀ ਬਾਈ-ਪੋਲਰ ਵਨ ਸਿੰਡਰਮ ਮੰਨ ਲਿਆ ਜਾਂਦਾ ਹੈ। ਜੇ ਇਸ ਅਲਾਮਤ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਬਹੁਤ ਗੰਭੀਰ ਨਤੀਜੇ ਨਿਕਦੇ ਹਨ। ਖਿਡਾਰੀ, ਪੜ੍ਹਾਕੂ, ਅਖ਼ਬਾਰਾਂ ਵਿੱਚ ਨਿਊਜ਼ ਡੈਕਸ ‘ਤੇ ਕੰਮ ਕਰਦੇ, ਬੈਂਕ ਅਤੇ ਪਬਲਿਕ ਡੀਲਿੰਗ ਜੌਬ ਵਾਲੇ ਲੋਕ ਅਕਸਰ ਇਸ ਵਰਗ ਵਿੱਚ ਆਉਂਦੇ ਹਨ, ਅਤੇ ਇਹ ਲੋਕ ਚਿੜਚਿੜੇ ਸੁਭਾਅ ਵਾਲੇ, ਮੈਂ ਨਾ ਮਾਨੂੰ ਅਤੇ ਅੰਤ ਵਿੱਚ ਵਿਤਕਰੇ ਵਾਲੇ ਬਣ ਜਾਂਦੇ ਹਨ, ਜੇ ਸਮਾਂ ਰਹਿੰਦੇ ਸੰਭਾਲੇ ਨਾ ਗਏ ਤਾਂ।
ਦੂਜੀ ਕਿਸਮ ਵਿੱਚ ਪਹਿਲੇ ਨਾਲੋਂ ਕਿਤੇ ਵਧੇਰੇ ਸਖ਼ਤ ਅਲਾਮਤਾਂ ਹੁੰਦੀਆਂ ਨੇ ਅਤੇ ਪਾਗਲਪਨ ਵਾਂਗ ਦੌਰੇ ਜਿਹੇ ਪੈਣ ਲੱਗ ਜਾਂਦੇ ਹਨ। ਮਨੋਵਿਗਿਆਨ ਅਜਿਹੀ ਸਥਿਤੀ ਨੂੰ ਮੇਨਿਆ ਜਾਂ ਮੈਨਿਕ ਅਟੈਕ ਤਕ ਵੀ ਕਹਿ ਛੱਡਦੇ ਹਨ। ਸੱਚ ਵੀ ਇਹੋ ਹੈ, ਉਨ੍ਹਾਂ ਦਾ ਅੰਤ ਵੀ ਡਿਪਰੈਸ਼ਨ ਵਿੱਚ ਹੁੰਦਾ ਹੈ।
ਪਹਿਲੋਂ-ਪਹਿਲ, ਸੁਭਾਅ ਵਿੱਚ ਝਗੜਾਲੂ, ਹਾਈਪਰ ਅਤੇ ਗਾਲੀ-ਗਲੋਚ ‘ਤੇ ਉਤਰ ਪੈਂਦਾ ਹੈ ਬੰਦਾ। ਇਸ ਦੌਰੇ ਪਿੱਛੋਂ ਹਾਈਪੋ ਹੋ ਜਾਂਦਾ ਹੈ ਜਾਂ ਕਿਹਾ ਜਾਵੇ ਤਾਂ ਢਿੱਲਾ ਪੈ ਜਾਂਦਾ ਹੈ। ਆਪਣੇ ਬਾਰੇ ਸਫ਼ਾਈਆਂ ਦੇਣ ਲੱਗ ਪੈਂਦਾ ਹੈ। ਪੰਜਾਬੀ ਦੀ ਕਹਾਵਤ ਵਿੱਚ ਕਿਹਾ ਜਾਵੇ ਕਿ ਮੂਤ ਦੀ ਝੱਗ ਵਾਂਗ ਬੈਠ ਜਾਂਦਾ ਹੈ। ਇਸ ਵਰਗ ਦੇ ਬੰਦੇ ਆਪਣਾ ਕੰਮ ਛੱਡ ਹੋਰਾਂ ਦੇ ਕੰਮ ਵਿੱਚ ਲੱਤ ਅੜਾਉਂਦੇ ਨਜ਼ਰ ਪੈਣਗੇ। ਇਉਂ ਸੋਚਣਗੇ ਕਿ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਸੋਚ ਤੇ ਕਰ ਹੀ ਨਹੀਂ ਸਕਦਾ। ਅਕਸਰ ਕਹਿੰਦੇ ਸੁਣਿਆਂ ਜਾਵੇਗਾ ਕਿ ਦੇਖੋ ਆਪਾਂ ਵਧੀਆ ਕਰ ਦਿੱਤਾ ਨਾ। ਇਹ ਗੰਭੀਰ ਸਥਿਤੀ ਹੁੰਦੀ ਹੈ ਸਮਾਜ ਲਈ ਅਤੇ ਵਿਸ਼ੇਸ਼ ਤੌਰ ‘ਤੇ ਉਸ ਬੰਦੇ ਲਈ ਵੀ ਕਿਉਂਕਿ ਉਸ ਦੇ ਆਪਣੇ ਕੰਮ ਲਈ ਸਮਾਂ ਘੱਟ ਜਾਂਦਾ ਹੈ ਅਤੇ ਇਸੇ ਕਾਰਨ ਹਾਈਪਰ ਹੋ ਜਾਂਦਾ ਹੈ। ਬਹੁਤਾ ਕੰਮ ਦੇਖ ਕੇ ਅਤੇ ਜੇ ਕੰਮ ਘੱਟ ਜਾਵੇ ਤਾਂ ਵੀ। ਡਾਕਟਰ, ਇੰਜੀਨੀਅਰ ਅਤੇ ਕਰੀਏਟਿਵ ਸੋਚ ਵਾਲੇ ਲੋਕ ਇਸ ਵਰਗ ਵਿੱਚ ਆ ਜਾਂਦੇ ਹਨ।
ਬਾਈ-ਪੋਲਰ ਮੇਨਿਆ ਦੇ ਆਮ ਤੌਰ ‘ਤੇ ਹੇਠ ਦੱਸੇ ਲੱਛਣ ਮਿਲਦੇ ਹਨ:
ਉਤੇਜਨਾ ਦਾ ਅਹਿਸਾਸ, ਆਪਣੇ-ਆਪ ਨੂੰ ਖੁੱਲ੍ਹੇ ਸੁਭਾਅ ਅਤੇ ਹਮੇਸ਼ਾ ਖ਼ੁਸ਼ ਦਰਸਾਉਣਾ, ਬਹੁਤ ਤੇਜ਼ੀ ਨਾਲ ਗੱਲਾਂ ਕਰਨਾ, ਬੇਚੈਨੀ ਅਤੇ ਆਵੇਗੀ, ਗ਼ਲਤ ਨਿਰਣਾ, ਉੱਚ-ਵਿਸ਼ਵਾਸ, ਖ਼ਤਰਨਾਕ ਸੁਭਾਅ ਵਿੱਚ ਲਿਪਤ ਹੋਣਾ।
ਇਸੇ ਤਰ੍ਹਾਂ ਬਾਈ-ਪੋਲਰ ਉਦਾਸੀ ਵਿੱਚ ਲੰਮੇ ਸਮੇਂ ਲਈ ਉਦਾਸੀਨ ਜਾਂ ਵਿਆਕੁਲਤਾ, ਕੰਮਕਾਜ ਵਿੱਚ ਰੁਚੀ ਦੀ ਕਮੀ ਅਤੇ ਦੋਸਤ-ਮਿੱਤਰਾਂ ਤੋਂ ਬੇਮੁਖੀ, ਭੁੱਖ ਵਿੱਚ ਵਾਧਾ, ਥਕਾਨ, ਦੱਬੀ ਅਤੇ ਮਰੀ ਆਵਾਜ਼, ਯਾਦ ਸ਼ਕਤੀ ਵਿੱਚ ਵਿਗਾੜ, ਆਤਮ-ਹੱਤਿਆ ਕਰਨ ਜਾਂ ਅਜਿਹੇ ਵਿਚਾਰ ਆਉਣੇ।
ਜੇਕਰ ਤੁਸੀਂ ਆਪਣੇ-ਆਪ ਵਿੱਚ ਜਾਂ ਦੋਸਤ-ਮਿੱਤਰ ਜਾਂ ਫ਼ਿਰ ਪਰਿਵਾਰ ਦੇ ਕਿਸੇ ਮੈਂਬਰ ਵਿੱਚ ਬਾਈ-ਪੋਲਰ ਸਿੰਡਰਮ ਦੇਖਣ ਵਿੱਚ ਆਉਣ ਤਾਂ ਹਰ ਕਿਸੇ ਨੂੰ ਉਸ ਦੀ ਯੋਗ ਸਹਾਇਤਾ ਕਰਨੀ ਲੋੜੀਂਦੀ ਹੈ। ਸਮਾਜ ਸਹਿਤ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਅਤੇ ਮਨੋਚਕਿਤਸਕ ਨੂੰ ਵਿਸ਼ਲੇਸ਼ਣ ਲਈ ਮਿਲਿਆ ਜਾਵੇ। ਧਿਆਨ ਰੱਖਣਾ ਕਿ ਬਾਈ-ਪੋਲਰ ਲੱਛਣਾਂ ਵਾਲੇ ਕਦੇ ਵੀ ਆਪਣੇ ਵਿੱਚ ਕਿਸੇ ਕਿਸਮ ਦੀ ਬਿਮਾਰੀ ਜਾਂ ਕੋਈ ਤਕਲੀਫ਼ ਹੋਣੀ ਨਹੀਂ ਮੰਨਦੇ। ਸਦਾ ਕਹਿੰਦੇ ਹਨ ਕਿ ਮੈਨੂੰ ਕੀ ਹੋਇਆ ਹੈ, ਮੈਂ ਚੰਗਾ-ਭਲਾ ਹਾਂ, ਵਿਸ਼ੇਸ਼ ਕਰ ਦਿਮਾਗ਼ੀ ਹਲਚਲ ਦੇ ਦੌਰੇ ਸਮੇਂ।
ਵੱਡੀਆਂ ਬਿਮਾਰੀਆਂ ਵਾਂਗ ਬਾਈ-ਪੋਲਰ ਸਿੰਡਰਮ ਨੂੰ ਵੀ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ ਅਤੇ ਸਮੇਂ ਸਿਰ ਇਲਾਜ ਕਰਨਾ ਚਾਹੀਦਾ ਹੈ, ਵਰਨਾ ਬੰਦੇ ਦੇ ਸੁਭਾਅ ਕਾਰਨ ਵਿਸ਼ੇਸ਼ ਸੰਸਥਾ ਦੇ ਕੰਮਕਾਜ ਅਤੇ ਸਮਾਜਕ ਰੁਤਬੇ ‘ਤੇ ਅਸਰ ਪੈਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਆਰਥਿਕ ਮੰਦੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਇਲਾਵਾ ਪਰਿਵਾਰ ਅਤੇ ਸਮਾਜ ਚੰਗੇ ਪੜ੍ਹੇ-ਲਿਖੇ ਬੰਦੇ ਤੋਂ ਹੱਥ ਧੋ ਬੈਠਦਾ ਹੈ। ਅਜਿਹੀ ਹਾਲਤ ਵਿੱਚ ਡਾਕਟਰੀ ਇਲਾਜ ਦੇ ਨਾਲ-ਨਾਲ ਧਾਰਮਿਕ ਵਿਚਾਰ ਦਾ ਸਹਾਰਾ ਵੀ ਲੈਣਾ ਉਚਿਤ ਰਹੇਗਾ। ਇਸ ਬਿਮਾਰੀ ਵਿੱਚ ਗ੍ਰੱਸੇ ਬੰਦੇ ਨੂੰ ਉਸ ਦੇ ਧਰਮ ਦੀ ਪਾਠ-ਪੂਜਾ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਜਿਸ ਨਾਲ ਉਸ ਦਾ ਧਿਆਨ ਵੰਡਿਆ ਰਹੇਗਾ ਅਤੇ ਉਹ ਬਿਮਾਰੀ ਤੋਂ ਦੂਰ ਰਹੇਗਾ।