ਅਦਾਕਾਰ ਫ਼ਰਹਾਨ ਅਖ਼ਤਰ ਨੇ ਆਪਣੀ ਫ਼ਿਲਮ ਤੂਫ਼ਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਉਸ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਵੀਡੀਓ ਜਨਤਕ ਕੀਤੀ ਹੈ ਜਿਸ ‘ਚ ਉਹ ਬੌਕਸਿੰਗ ਦਾ ਅਭਿਆਸ ਕਰਦੇ ਹੋਏ ਪੰਚਿੰਗ ਬੈਗ ‘ਤੇ ਮੁੱਕੇ ਮਾਰਦਾ ਨਜ਼ਰ ਆ ਰਿਹਾ ਹੈ। ਇਹ ਸਭ ਕੁੱਝ ਉਹ ਅਗਲੀ ਫ਼ਿਲਮ ਤੂਫ਼ਾਨ ਦੀ ਤਿਆਰੀ ਕਾਰਨ ਕਰ ਰਿਹਾ ਹੈ। ਫ਼ਰਹਾਨ ਨੇ ਜਦੋਂ ਇਸ ਫ਼ਿਲਮ ਦਾ ਐਲਾਨ ਕੀਤਾ ਸੀ ਤਾਂ ਉਸ ਨੇ ਇਸ ਬਾਰੇ ਟਵਿਟਰ ‘ਤੇ ਇੱਕ ਟਵੀਟ ਵੀ ਸਾਂਝੀ ਕੀਤੀ ਸੀ। ਉਸ ਨੇ ਟਵੀਟ ‘ਚ ਲਿਖਿਆ ਸੀ, ”ਇਹ ਫ਼ਿਲਮ ਇੱਕ ਮੁੱਕੇਬਾਜ਼ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਹੈ।” ਫ਼ਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਅਜੇ ਤਕ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਹ ਫ਼ਿਲਮ ਇਸ ਸਾਲ ਦੇ ਅਖ਼ੀਰ ਤਕ ਫ਼ਲੋਰ ‘ਤੇ ਆਵੇਗੀ।
ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਕਰੇਗਾ। ਨਿਰਦੇਸ਼ਕ ਰਾਕੇਸ਼ ਓਮ ਪ੍ਰਕਾਸ਼ ਨੇ ਵੀ ਹਾਲ ‘ਚ ਇਸ ਫ਼ਿਲਮ ਬਾਰੇ ਇੱਕ ਬਿਆਨ ਦਿੱਤਾ ਹੈ। ਉਸ ਨੇ ਕਿਹਾ ਕਿ ਅੰਜੁਮ ਰਾਜਾਬਾਲੀ ਨੇ ਇਸ ਸਕ੍ਰਿਪਟ ‘ਚ ਇੱਕ ਮੁੱਕੇਬਾਜ਼ ਦੀ ਖ਼ੂਬਸੂਰਤ ਲਵ ਸਟੋਰੀ ਨੂੰ ਸ਼ਾਮਿਲ ਕੀਤਾ ਹੈ। ਇਹ ਫ਼ਿਲਮ ਕਿਸੇ ਸ਼ਖ਼ਸ ਦੀ ਅਸਲ ਜ਼ਿੰਦਗੀ ‘ਤੇ ਨਹੀਂ ਬਲਕਿ ਇੱਕ ਕਾਲਪਨਿਕ ਚਰਿੱਤਰ ‘ਤੇ ਆਧਾਰਿਤ ਹੈ। ਇਸ ਕਹਾਣੀ ‘ਚ ਸਭ ਤੋਂ ਜ਼ਿਆਦਾ ਉਸ ਨੂੰ ਜੋ ਪਸੰਦ ਆਇਆ ਹੈ ਉਹ ਇਹ ਕਿ ਇਸ ‘ਚ ਇੱਕ ਨਵੀਂ ਚੀਜ਼ ਹੈ। ਇਹ ਸਧਾਰਣ ਜ਼ਿੰਦਗੀ ਜਿਊਣ ਵਾਲੇ ਲੋਕਾਂ ਦੇ ਜੀਵਨ ਦੀ ਕਹਾਣੀ ਹੈ ਕਿਉਂਕਿ ਪੂਰੀ ਦੁਨੀਆ ‘ਚ ਬੌਕਸਿੰਗ ਕਦੇ ਵੀ ਅਮੀਰ ਲੋਕਾਂ ਦੀ ਖੇਡ ਨਹੀਂ ਰਹੀ।
ਇਸ ਤੋਂ ਪਹਿਲਾਂ ਫ਼ਰਹਾਨ ਅਖ਼ਤਰ ਨੇ ਰਾਕੇਸ਼ ਓਮ ਪ੍ਰਕਾਸ਼ ਨਾਲ ਛੇ ਸਾਲ ਪਹਿਲਾਂ ਫ਼ਿਲਮ ਭਾਗ ਮਿਲਖਾ ਭਾਗ ‘ਚ ਕੰਮ ਕੀਤਾ ਸੀ। ਇਹ ਫ਼ਿਲਮ ਸੁਪਰਹਿੱਟ ਸਾਬਿਤ ਹੋਈ ਸੀ। ਇਸ ਫ਼ਿਲਮ ਨੇ ਕਈ ਰਿਕਾਰਡ ਆਪਣੇ ਨਾਂ ਕੀਤੇ ਸਨ, ਅਤੇ ਇਹ ਫ਼ਿਲਮ ਫ਼ਲਾਇੰਗ ਸਿੱਖ ਮਿਲਖਾ ਸਿੰਘ ਦੇ ਜੀਵਨ ‘ਤੇ ਆਧਾਰਿਤ ਸੀ। ਇਸ ਸਾਲ ਫ਼ਰਹਾਨ ਦੀ ਫ਼ਿਲਮ ਦਾ ਸਕਾਈ ਇਜ਼ ਪਿੰਕ ਵੀ ਰਿਲੀਜ਼ ਹੋਵੇਗੀ। ਇਸ ਫ਼ਿਲਮ ‘ਚ ਉਸ ਨਾਲ ਬੌਲੀਵੁਡ ਅਤੇ ਹੌਲੀਵੁਡ ਦੀ ਸਾਂਝੀ ਅਦਾਕਾਰਾ ਪ੍ਰਿਅੰਕਾ ਚੋਪੜਾ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਨਾਲ ਪ੍ਰਿਅੰਕਾ ਬੌਲੀਵੁਡ ‘ਚ ਵਾਪਸੀ ਕਰੇਗੀ। ਜ਼ਿਕਰਯੋਗ ਹੈ ਕਿ ਪਿਛਲੇ 3-4 ਸਾਲ ਤੋਂ ਪ੍ਰਿਅੰਕਾ ਨੇ ਕਿਸੇ ਹਿੰਦੀ ਫ਼ਿਲਮ ‘ਚ ਕੰਮ ਨਹੀਂ ਕੀਤਾ।











