ਸੁਪਰਸਟਾਰ ਸਲਮਾਨ ਖ਼ਾਨ ਪਿਛਲੇ ਕਾਫ਼ੀ ਦਿਨਾਂ ਤੋਂ ਫ਼ਿਲਮ ਭਾਰਤ ਦੀ ਪ੍ਰਮੋਸ਼ਨ ਦੇ ਨਾਲ-ਨਾਲ ਫ਼ਿਲਮ ਦਬੰਗ 3 ਦੀ ਸ਼ੂਟਿੰਗ ‘ਚ ਵੀ ਰੁੱਝਾ ਹੋਇਆ ਹੈ। ਫ਼ਿਲਮ ਦਬੰਗ 3 ‘ਚ ਸਲਮਾਨ ਖ਼ਾਨ ਨਾਲ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਵੇਗੀ। ਇਸ ਫ਼ਿਲਮ ਦੇ ਪਹਿਲੇ ਸਕੈਜੁਅਲ ਦੀ ਸ਼ੂਟਿੰਗ ਸਲਮਾਨ ਨੇ ਆਪਣੇ ਜੱਦੀ ਸ਼ਹਿਰ ਇੰਦੌਰ ‘ਚ ਕੀਤੀ। ਇਸ ਵਕਤ ਫ਼ਿਲਮ ਦੀ ਸ਼ੂਟਿੰਗ ਮੁੰਬਈ ‘ਚ ਚੱਲ ਰਹੀ ਹੈ। ਜਾਣਕਾਰੀ ਅਨੁਸਾਰ, ਬੀਤੇ ਦਿਨੀਂ ਦਬੰਗ 3 ਦਾ ਇੱਕ ਗਾਣਾ ਰਿਕਾਰਡ ਕੀਤਾ ਗਿਆ ਜਿਸ ਦੇ ਬੋਲ ਹਨ ਮੁੰਨਾ ਬਦਨਾਮ ਹੁਆ। ਅਸਲ ‘ਚ ਫ਼ਿਲਮਸਾਜ਼ ਇਸ ਫ਼ਿਲਮ ਨੂੰ ਹਰ ਪੱਖੋਂ ਵਧੀਆ ਬਣਾਉਣਾ ਚਾਹੁੰਦੇ ਹਨ। ਇਸੇ ਲਈ ਇਸ ਵਾਰ ਉਹ ਫ਼ਿਲਮ ਦੇ ਗਾਣਿਆਂ ‘ਤੇ ਖ਼ਾਸ ਧਿਆਨ ਦੇ ਰਹੇ ਹਨ, ਪਰ ਇਸ ਵਾਰ ਦਬੰਗ ਸੀਰੀਜ਼ ਦੀ ਇਸ ਫ਼ਿਲਮ ‘ਚ ਮਲਾਇਕਾ ਅਰੋੜਾ ਜਾਂ ਕਰੀਨਾ ਕਪੂਰ ਖ਼ਾਨ ਦੇ ਗਾਣੇ ਨਹੀਂ ਹੋਣਗੇ।
ਸੂਤਰਾਂ ਮੁਤਾਬਿਕ, ਦਬੰਗ 3 ‘ਚ ਸਲਮਾਨ ਨਾਲ ਅਭਿਨੇਤਰੀ ਮੌਨੀ ਰਾਏ ਆਪਣੇ ਹੁਸਨ ਦੇ ਜਲਵੇ ਬਿਖ਼ੇਰਦੀ ਨਜ਼ਰ ਆਵੇਗੀ। ਇਹ ਗੀਤ ਇੱਕ ਆਈਟਮ ਨੰਬਰ ਵਾਂਗ ਸ਼ੂਟ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਗਾਣੇ ਲਈ ਮੁੰਬਈ ਦੇ ਵਸਈ ਸਟੂਡੀਓ ‘ਚ ਸੈੱਟ ਬਣਾਇਆ ਗਿਆ ਹੈ। ਇਸ ਗਾਣੇ ‘ਚ ਮੌਨੀ ਰਾਏ ਧਮਾਕੇਦਾਰ ਡਾਂਸ ਕਰੇਗੀ। ਸਲਮਾਨ ਅਤੇ ਮੌਨੀ ਦੀ ਜੋੜੀ ਪਹਿਲਾਂ ਵੀ TV ਸ਼ੋਅ ਬਿੱਗ ਬੌਸ ‘ਚ ਨਜ਼ਰ ਆ ਚੁੱਕੀ ਹੈ। ਇਸ ਸੈੱਟ ‘ਤੇ ਹੀ ਸਲਮਾਨ ਅਤੇ ਮੌਨੀ ਰਾਏ ਦੀ ਦੋਸਤੀ ਹੋਈ ਸੀ। ਵੈਸੇ, ਮੌਨੀ ਰਾਏ ਨੇ ਇਸ ਆਈਟਮ ਨੰਬਰ ਬਾਰੇ ਕੋਈ ਬਿਆਨ ਨਹੀਂ ਦਿੱਤਾ।
ਖ਼ੈਰ, ਇਸ ਵਕਤ ਮੌਨੀ ਰਾਏ ਬੌਲੀਵੁਡ ‘ਚ ਕਾਫ਼ੀ ਸਰਗਰਮ ਹੈ। ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਗੋਲਡ ਨਾਲ ਉਸ ਨੇ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਇਸ ਸਮੇਂ ਉਸ ਕੋਲ ਕਈ ਫ਼ਿਲਮਾਂ ਮੌਜੂਦ ਹਨ ਜਿਨ੍ਹਾਂ ‘ਚ ਮੇਡ ਇਨ ਚਾਈਨਾ, ਮੁਗ਼ਲ, ਬ੍ਰਹਮਾਸਤਰ, ਆਦਿ ਸ਼ਾਮਲ ਹਨ। ਫ਼ਿਲਮ ਮੇਡ ਇਨ ਚਾਇਨਾ ‘ਚ ਮੌਨੀ ਸੰਜੀਦਾ ਅਦਾਕਾਰ ਰਾਜਕੁਮਾਰ ਰਾਓ ਨਾਲ ਨਜ਼ਰ ਆਵੇਗੀ। ਫ਼ਿਲਮ ‘ਚ ਰਾਜਕੁਮਾਰ ਸੰਘਰਸ਼ ਕਰ ਰਹੇ ਇੱਕ ਬਿਜ਼ਨਸਮੈਨ ਦੀ ਭੂਮਿਕਾ ਨਿਭਾਏਗਾ ਜਦਕਿ ਮੌਨੀ ਉਸ ਦੀ ਪਤਨੀ ਦਾ। ਇਹ ਫ਼ਿਲਮ ਇਸ ਸਾਲ ਅਗਸਤ ਮਹੀਨੇ ਤਕ ਰਿਲੀਜ਼ ਹੋਵੇਗੀ।











