ਅਨੁਸ਼ਕਾ ਨੇ ਦੱਸੀ ਪਰਦੇ ਤੋਂ ਦੂਰੀ ਦੀ ਵਜ੍ਹਾ

ਅਭਿਨੇਤਰੀ ਅਨੁਸ਼ਕਾ ਸ਼ਰਮਾ ਸੁਪਰਸਟਾਰ ਸ਼ਾਹਰੁਖ਼ ਖ਼ਾਨ ਨਾਲ ਫ਼ਿਲਮ ਜ਼ੀਰੋ ‘ਚ ਨਜ਼ਰ ਆਉਣ ਤੋਂ ਬਾਅਦ ਮੁੜ ਪਰਦੇ ‘ਤੇ ਨਜ਼ਰ ਨਹੀਂ ਆਈ। ਅਨੁਸ਼ਕਾ ਇਨ੍ਹੀਂ ਦਿਨੀਂ ਨਾ ਤਾਂ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੀ ਹੈ ਅਤੇ ਨਾ ਹੀ ਉਸ ਦੇ ਕਿਸੇ ਪ੍ਰੌਜੈਕਟ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ। ਅਜਿਹੇ ‘ਚ ਸਵਾਲ ਪੈਦਾ ਹੁੰਦਾ ਹੈ ਕਿ ਅਨੁਸ਼ਕਾ ਨੇ ਫ਼ਿਲਮੀ ਪਰਦੇ ਤੋਂ ਦੂਰੀ ਕਿਉਂ ਬਣਾਈ ਹੋਈ ਹੈ? ਹਾਲ ਹੀ ‘ਚ ਅਨੁਸ਼ਕਾ ਨੇ ਇਸ ਦਾ ਕਾਰਨ ਦੱਸਿਆ ਹੈ। ਉਸ ਨੇ ਕਿਹਾ, ”ਮੈਂ ਪਿਛਲੇ ਤਿੰਨ ਸਾਲ ਤੋਂ ਫ਼ੈਸ਼ਨ ‘ਚ ਕੰਮ ਕਰ ਰਹੀ ਹਾਂ। ਇਹ ਸਕੈਜੁਅਲ ਕਾਫ਼ੀ ਰੁਝੇਵੇਂ ਵਾਲਾ ਹੁੰਦਾ ਹੈ। ਇਸ ਦੌਰਾਨ ਮੈਂ ਉਹੀ ਰੋਲ ਕੀਤਾ ਜੋ ਮੈਨੂੰ ਜ਼ਿਆਦਾ ਜ਼ਰੂਰੀ ਲੱਗਾ।” ਅਨੁਸ਼ਕਾ ਨੇ ਕਿਹਾ, ਇੱਕ ਸਾਲ ਵਿੱਚ ਪਰੀ, ਸੂਈ ਧਾਗਾ, ਜ਼ੀਰੋ ਵਰਗੀਆਂ ਤਿੰਨ ਤਿੰਨ ਫ਼ਿਲਮਾਂ ਕਰਨ ਤੋਂ ਬਾਅਦ ਇਹ ਆਸਾਨ ਨਹੀਂ ਕਿ ਮੈਂ ਦੂਸਰਾ ਕੰਮ ਸ਼ੁਰੂ ਕਰਾਂ। ਮੈਨੂੰ ਲਗਦਾ ਹੈ ਕਿ ਬਤੌਰ ਐਕਟਰੈੱਸ ਮੈਂ ਉਸ ਸਥਾਨ ‘ਤੇ ਹਾਂ ਜਿੱਥੇ ਸਿਰਫ਼ ਸਮਾਂ ਗੁਜ਼ਾਰਨ ਲਈ ਮੈਨੂੰ ਕੋਈ ਫ਼ਿਲਮ ਨਹੀਂ ਕਰਨੀ ਚਾਹੀਦੀ। ਬਤੌਰ ਪ੍ਰੋਡਿਊਸਰ ਮੇਰੇ ਕੋਲ ਬਹੁਤ ਸਾਰੇ ਪ੍ਰੌਜੈਕਟ ਹਨ। ਅਸੀਂ ਭਵਿੱਖ ਵਿੱਚ ਵਧੀਆ ਕੰਮ ਦੀ ਯੋਜਨਾ ਬਣਾ ਰਹੇ ਹਾਂ। ਮੈਨੂੰ ਖ਼ੁਸ਼ੀ ਹੈ ਕਿ ਹੁਣ ਤਕ ਮੈਂ ਜੋ ਵੀ ਕੰਮ ਕੀਤਾ ਹੈ, ਉਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ।” ਅਨੁਸ਼ਕਾ ਕਿਹੜੇ ਪ੍ਰੌਜੈਕਟ ਨਾਲ ਵਾਪਸੀ ਕਰੇਗੀ, ਇਸ ਦਾ ਖ਼ੁਲਾਸਾ ਉਸ ਨੇ ਨਹੀਂ ਕੀਤਾ, ਪਰ ਇਸ ਬ੍ਰੇਕ ਤੋਂ ਬਾਅਦ ਅਨੁਸ਼ਕਾ ਦੇ ਮਾਂ ਬਣਨ ਨੂੰ ਲੈ ਕੇ ਵੀ ਕਾਫ਼ੀ ਚਰਚੇ ਹੋ ਰਹੇ ਸਨ। ਹਾਲਾਂਕਿ, ਅਨੁਸ਼ਕਾ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਅਜੇ ਅਜਿਹਾ ਕੁੱਝ ਨਹੀਂ। ਸੂਤਰਾਂ ਮੁਤਾਬਿਕ, ਅਨੁਸ਼ਕਾ ਆਪਣੇ ਪਤੀ ਵਿਰਾਟ ਕੋਹਲੀ ਨਾਲ ਵਰਲਡ ਟੂਰ ‘ਤੇ ਜਾਣ ਦੀ ਵੀ ਯੋਜਨਾ ਬਣਾ ਰਹੀ ਹੈ। ਇਸ ਕਾਰਨ ਵੀ ਉਸ ਨੇ ਅਜੇ ਕਿਸੇ ਨਵੇਂ ਪ੍ਰੌਜੈਕਟ ਦੀ ਸ਼ੁਰੂਆਤ ਨਹੀਂ ਕੀਤੀ।