ਮਾਈਕਲ ਦੀ ਬਾਇਓਪਿਕ ਕਰਨੀ ਚਾਹੁੰਦੈ ਟਾਈਗਰ

ਅੱਜ ਦਾ ਸੁਪਰਸਟਾਰ ਟਾਈਗਰ ਸ਼ਰੌਫ਼ ਮਾਈਕਲ ਜੈਕਸਨ ਦੀ ਬਾਇਓਪਿਕ ‘ਚ ਕੰਮ ਕਰਨ ਦਾ ਚਾਹਵਾਨ ਹੈ। ਟਾਈਗਰ ਦੀ ਫ਼ਿਲਮ ਸਟੂਡੈਂਟ ਆਫ਼ ਦਾ ਯੀਅਰ 2 ਹਾਲ ਹੀ ‘ਚ ਰਿਲੀਜ਼ ਹੋਈ ਹੈ। ਫ਼ਿਲਮ ਨੇ ਪਰਦੇ ‘ਤੇ ਚੰਗੀ ਸਫ਼ਲਤਾ ਹਾਸਿਲ ਕੀਤੀ। ਇੱਕ ਪ੍ਰੋਗਰਾਮ ‘ਚ ਟਾਈਗਰ ਸ਼ਰੌਫ਼ ਨੇ ਕਿਹਾ, ”ਮੈਂ ਜਦੋਂ ਫ਼ਿਲਮ ਹੀਰੋਪੰਤੀ ਸਾਈਨ ਕੀਤੀ ਸੀ ਤਾਂ ਸੋਚਿਆ ਸੀ ਕਿ ਮੈਂ ਵੀ ਮਾਈਕਲ ਜੈਕਸਨ ਵਾਂਗ ਡਾਂਸ ਕਰਨਾ ਹੈ। ਮੈਂ ਰਿਤਿਕ ਰੌਸ਼ਨ ਦੇ ਡਾਂਸ ਦਾ ਵੀ ਫ਼ੈਨ ਹਾਂ। ਅੱਜ ਮੈਂ ਜਿੱਥੇ ਹਾਂ, ਉਸ ਦੀ ਵਜ੍ਹਾ ਮਾਈਕਲ ਜੈਕਸਨ ਹੀ ਹੈ ਕਿਉਂਕਿ ਉਹ ਮੇਰੇ ਪ੍ਰੇਰਣਾ ਸਰੋਤ ਹਨ।
ਟਾਈਗਰ ਨੇ ਕਿਹਾ, ”ਪਹਿਲੀ ਫ਼ਿਲਮ ਸਾਈਨ ਕਰਨ ਤੋਂ ਇੱਕ ਸਾਲ ਪਹਿਲਾਂ ਮੈਂ ਡਾਂਸ ਸਿੱਖਣਾ ਸ਼ੁਰੂ ਕੀਤਾ ਸੀ। ਲੋਕਾਂ ਨੂੰ ਲਗਦਾ ਹੈ ਕਿ ਮੈਂ ਬਚਪਨ ਤੋਂ ਹੀ ਡਾਂਸ ਕਰਦਾ ਆ ਰਿਹਾ ਹਾਂ, ਪਰ ਅਜਿਹਾ ਕੁੱਝ ਨਹੀਂ। ਮੇਰਾ ਸਿਰਫ਼ ਛੇ ਸਾਲ ਦਾ ਸਫ਼ਰ ਹੈ ਡਾਂਸ ਦਾ।” ਟਾਈਗਰ ਨੇ ਕਿਹਾ, ”ਇਹ ਸੱਚ ਹੈ ਕਿ ਕਾਫ਼ੀ ਲੋਕਾਂ ਦੀਆਂ ਬਾਇਓਪਿਕ ਬਣ ਚੁੱਕੀਆਂ ਹਨ ਅਤੇ ਬਣ ਵੀ ਰਹੀਆਂ ਹਨ। ਜਿੱਥੋਂ ਤਕ ਮੇਰਾ ਸਵਾਲ ਹੈ ਮੈਂ ਮਾਈਕਲ ਜੈਕਸਨ ਦੀ ਬਾਇਓਪਿਕ ਕਰਨੀ ਚਾਹੁੰਦਾ ਹਾਂ। ਜੇ ਮੈਨੂੰ ਅਜਿਹਾ ਮੌਕਾ ਮਿਲ ਜਾਵੇ ਤਾਂ ਮਜ਼ਾ ਆ ਜਾਵੇਗਾ ਕਿਉਂਕਿ ਉਹ ਮੇਰੀ ਪ੍ਰੇਰਣਾ ਹਨ। ਅੱਜ ਮਾਈਕਲ ਨੂੰ ਹਰ ਦੇਸ਼, ਹਰ ਗਲੀ ਅਤੇ ਹਰ ਬੱਚਾ ਜਾਣਦਾ ਹੈ। ਮਾਈਕਲ ਦੀ ਤਰ੍ਹਾਂ ਮੈਂ ਆਪਣੀ ਜ਼ਿੰਦਗੀ ‘ਚ ਮਿੱਥੀ ਹੋਈ ਮੰਜ਼ਿਲ ‘ਤੇ ਪਹੁੰਚਣਾ ਚਾਹੁੰਦਾ ਹਾਂ। ਮੈਨੂੰ ਆਸ ਹੈ ਕਿ ਇੱਕ ਦਿਨ ਮੈਂ ਜ਼ਰੂਰ ਆਪਣੀ ਮੰਜ਼ਿਲ ‘ਤੇ ਪਹੁੰਚਾਗਾਂ।”