ਅਜੇ ਅਤੇ ਖ਼ਾਨ ਨੂੰ ਮੰਨਦੀ ਹਾਂ ਪਰਿਵਾਰਕ ਮੈਂਬਰ: ਤਬੂ

1990 ਦੇ ਦਹਾਕੇ ‘ਚ ਗਲੈਮਰਸ ਕਿਰਦਾਰ ਨਿਭਾਉਣ ਵਾਲੀ ਤਬੂ ਹੁਣ ਤਕ ਪਰਦੇ ‘ਤੇ ਵੱਖ-ਵੱਖ ਕਿਰਦਾਰ ਨਿਭਾ ਚੁੱਕੀ ਹੈ। ਤਬੂ ਦੀ ਫ਼ਿਲਮ ਦੇ ਦੇ ਪਿਆਰ ਦੇ ਹਾਲ ਹੀ ‘ਚ ਰਿਲੀਜ਼ ਹੋਈ ਸੀ। ਇਸ ‘ਚ ਤਬੂ ਨਾਲ ਅਜੇ ਦੇਵਗਨ ਵੀ ਨਜ਼ਰ ਆਇਆ। ਉਸ ਤੋਂ ਬਾਅਦ 5 ਜੂਨ ਨੂੰ ਰਿਲੀਜ਼ ਹੋਣ ਵਾਲੀ ਸਲਮਾਨ ਖ਼ਾਨ ਦੀ ਫ਼ਿਲਮ ਭਾਰਤ ‘ਚ ਵੀ ਤਬੂ ਇੱਕ ਅਹਿਮ ਕਿਰਦਾਰ ਨਿਭਾ ਰਹੀ ਹੈ। ਤਬੂ ਨੇ ਆਪਣੇ ਕਰੀਅਰ ‘ਚ ਕੇਵਲ ਨਾਂ ਹੀ ਨਹੀਂ ਕਮਾਇਆ ਸਗੋਂ ਸਲਮਾਨ ਅਤੇ ਅਜੇ ਦੇਵਗਨ ਵਰਗੇ ਦੋਸਤ ਵੀ ਬਣਾਏ ਹਨ।
ਤਬੂ ਦਾ ਕਹਿਣਾ ਹੈ ਕਿ ਦੋਵਾਂ ਨਾਲ ਉਸ ਦੀ ਸੱਚੀ ਦੋਸਤੀ ਹੈ। ਤਬੂ ਨੇ ਕਿਹਾ, ”ਸਲਮਾਨ ਅਤੇ ਅਜੇ ਉਸ ਲਈ ਸਿਰਫ਼ ਸਟਾਰ ਨਾ ਹੋ ਕੇ ਪਰਿਵਾਰਕ ਮੈਂਬਰ ਬਣ ਚੁੱਕੇ ਹਨ। ਉਸ ਦਾ ਮੰਨਣਾ ਹੈ ਕਿ ਉਹ ਇਸ ਰਿਸ਼ਤੇ ਨੂੰ ਕਦੇ ਟੁੱਟਣ ਨਹੀਂ ਦੇਣਗੇ।” ਤਬੂ ਨੇ ਕਿਹਾ, ”ਇਹ ਮੇਰੀ ਜ਼ਿੰਦਗੀ ਦੇ ਖ਼ਾਸ ਰਿਸ਼ਤੇ ਹਨ। ਇਹ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ ਹਨ ਕਿਉਂਕਿ ਮੇਰੀ ਜ਼ਿਆਦਾਤਰ ਜ਼ਿੰਦਗੀ ਮੇਰੇ ਕੰਮ ਨਾਲ ਜੁੜੀ ਹੋਈ ਹੈ। ਇਹ ਉਹ ਲੋਕ ਹਨ ਜਿਨ੍ਹਾਂ ਨਾਲ ਮੇਰੀ ਮੁਲਾਕਾਤ ਕੰਮ ਦੌਰਾਨ ਹੋਈ। ਇਹ ਉਹ ਲੋਕ ਹਨ ਜੋ ਮੈਨੂੰ ਪਤਾ ਹੈ ਕਿ ਕਿਸੇ ਵੀ ਤਰ੍ਹਾਂ ਮੈਨੂੰ ਟੁੱਟਣ ਨਹੀਂ ਦੇਣਗੇ। ਇਹ ਮੇਰੇ ਪਰਿਵਾਰ ਦੇ ਮੈਬਰਾਂ ਵਾਂਗ ਹਨ।”