ਮੁੰਬਈ ਚੌਥੀ ਵਾਰ ਬਣਿਆ IPL ਚੈਂਪੀਅਨ

ਹੈਦਰਾਬਾਦ – ਮੁੰਬਈ ਇੰਡੀਅਨਜ਼ ਇੱਥੇ ਹੋਏ ਇੱਕ ਰੋਮਾਂਚਕ ਫ਼ਾਈਨਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ ਇੱਕ ਦੌੜ ਨਾਲ ਹਰਾ ਕੇ ਚੌਥੀ ਵਾਰ IPL ਚੈਂਪੀਅਨ ਬਣ ਗਿਆ। ਚੇਨੱਈ ਦੇ ਸਾਹਮਣੇ 150 ਦੌੜਾਂ ਦਾ ਟੀਚਾ ਸੀ, ਪਰ ਉਸ ਦੀ ਟੀਮ ਸ਼ੇਨ ਵਾਟਸਨ ਦੇ 59 ਗੇਂਦਾਂ ‘ਤੇ 80 ਦੌੜਾਂ ਦੇ ਬਾਵਜੂਦ ਸੱਤ ਵਿਕਟਾਂ ‘ਤੇ 148 ਦੌੜਾਂ ਹੀ ਬਣਾ ਸਕੀ। ਚੇਨੱਈ ਨੂੰ ਆਖ਼ਰੀ ਓਵਰ ਵਿੱਚ ਨੌਂ ਦੌੜਾਂ ਚਾਹੀਦੀਆਂ ਸਨ, ਪਰ ਇਸ ਵਿੱਚ ਉਸ ਨੇ ਵਾਟਸਨ ਦੀ ਵਿਕਟ ਗੁਆ ਲਈ। ਮੈਚ ਦੀ ਸਮਾਪਤੀ ਮੌਕੇ ਆਖ਼ਰੀ ਗੇਂਦ ‘ਤੇ ਦੋ ਦੌੜਾਂ ਦੀ ਲੋੜ ਸੀ, ਪਰ ਮਲਿੰਗਾ ਦੇ ਯੌਰਕਰ ‘ਤੇ ਸ਼ਰਦੁਲ ਠਾਕੁਰ ਨੂੰ lbw ਆਊਟ ਕਰਾਰ ਦੇ ਦਿੱਤਾ ਗਿਆ। ਜਸਪ੍ਰੀਤ ਬੁਮਰਾਹ ਨੂੰ ਮੈਨ ਔਫ਼ ਦਾ ਮੈਚ ਐਲਾਨਿਆ ਗਿਆ ਜਿਸ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਲਈ ਉਤਰੀ ਮੁੰਬਈ ਇੰਡੀਅਨਜ਼ ਅੱਠ ਵਿਕਟਾਂ ‘ਤੇ 149 ਦੌੜਾਂ ਹੀ ਬਣਾ ਸਕੀ। ਕੈਰੋਨ ਪੋਲਾਰਡ (25 ਗੇਂਦਾਂ ‘ਤੇ ਨਾਬਾਦ 41 ਦੌੜਾਂ) ਨੇ ਮੁੰਬਈ ਵਲੋਂ ਸਭ ਤੋਂ ਵੱਧ ਦੌੜਾਂ ਬਣਾਈਆਂ ਜਦੋਂਕਿ ਕਵਿੰਟਨ ਡੀਕੌਕ ਨੇ 29 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਦੇ ਦੀਪਕ ਚਾਹਰ ਨੇ 26 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦਕਿ ਇਮਰਾਨ ਤਾਹਿਰ (23 ਦੌੜਾਂ ਦੇ ਕੇ ਦੋ) ਅਤੇ ਸ਼ਰਦੁਲ ਠਾਕੁਰ (37 ਦੌੜਾਂ ਦੇ ਕੇ ਦੋ) ਨੇ ਵੀ ਚੰਗੀ ਗੇਂਦਬਾਜ਼ੀ ਕੀਤੀ। ਚਾਹਰ ਦੀ ਇਸ ਲਈ ਵੀ ਤਾਰੀਫ਼ ਕਰਨੀ ਹੋਵੇਗੀ ਕਿਉਂਕਿ ਡੀਕੌਕ ਨੇ ਉਸ ਦੇ ਦੂਜੇ ਓਵਰ ਵਿੱਚ ਤਿੰਨ ਛੱਕਿਆਂ ਦੀ ਮਦਦ ਨਾਲ 20 ਦੌੜਾਂ ਲਈਆਂ, ਪਰ ਇਸ ਤੇਜ਼ ਗੇਂਦਬਾਜ਼ ਨੇ ਬਾਕੀ ਤਿੰਨ ਓਵਰਾਂ ਵਿੱਚ ਸਿਰਫ਼ ਛੇ ਦੌੜਾਂ ਦਿੱਤੀਆਂ।
ਮੁੰਬਈ ਅਤੇ ਚੇਨੱਈ ਵਿਚਾਲੇ ਇਸ ਤੋਂ ਪਹਿਲਾਂ ਖੇਡੇ ਗਏ ਤਿੰਨ ਫ਼ਾਈਨਲਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਜੇਤੂ ਰਹੀ ਅਤੇ ਰੋਹਿਤ ਸ਼ਰਮਾ ਨੇ ਵੀ ਟੌਸ ਜਿੱਤ ਕੇ ਜਦੋਂ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤਾਂ ਕਿਸੇ ਨੂੰ ਹੈਰਾਨੀ ਨਹੀਂ ਹੋਈ, ਪਰ ਪੌਵਰਪਲੇਅ ਵਿੱਚ ਮੁੰਬਈ ਦੇ ਦੋਹੇਂ ਸਲਾਮੀ ਬੱਲੇਬਾਜ਼ ਆਊਟ ਹੋ ਗਏ। ਸ਼ਰਦੁਲ ਨੇ ਡੀਕੌਕ ਨੂੰ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਕੈਚ ਕੀਤਾ।
ਧੋਨੀ IPL ਦਾ ਸਰਵੋਤਮ ਵਿਕਟਕੀਪਰ
ਚੇਨੱਈ ਸੁਪਰਕਿੰਗਜ਼ ਦਾ ਕਪਤਾਨ ਮਹਿੰਦਰ ਸਿੰਘ ਧੋਨੀ IPL ਦੇ ਇਤਿਹਾਸ ਵਿੱਚ ਸਭ ਤੋਂ ਸਫ਼ਲ ਵਿਕਟਕੀਪਰ ਬਣ ਗਿਆ। ਧੋਨੀ ਦੀਆਂ IPL ਵਿੱਚ ਕੁੱਲ ਵਿਕਟਾਂ ਦੀ ਗਿਣਤੀ 132 ‘ਤੇ ਪਹੁੰਚ ਗਈ, ਅਤੇ ਇਸ ਤਰ੍ਹਾਂ ਉਸ ਨੇ ਦਿਨੇਸ਼ ਕਾਰਤਿਕ ਨੂੰ ਪਛਾੜ ਦਿੱਤਾ। ਧੋਨੀ ਨੇ ਮੁੰਬਈ ਇੰਡੀਅਨਜ਼ ਖ਼ਿਲਾਫ਼ ਫ਼ਾਈਨਲ ਵਿੱਚ ਦੋ ਕੈਚ ਲਏ। ਉਸ ਦੇ ਨਾਮ ਹੁਣ 94 ਕੈਚ ਅਤੇ 38 ਸਟੰਪ ਆਊਟ ਸ਼ਾਮਿਲ ਹਨ। ਕਾਰਤਿਕ ਦੇ ਨਾਮ 131 ਸ਼ਿਕਾਰ ਦਰਜ ਹਨ ਜਦਕਿ ਰੌਬਿਨ ਉਥੱਪਾ ਨੇ 90 ਸ਼ਿਕਾਰ ਕੀਤੇ ਹਨ। ਧੋਨੀ ਨੇ ਦੀਪਕ ਚਾਹਰ ਦੀ ਗੇਂਦ ‘ਤੇ ਰੋਹਿਤ ਸ਼ਰਮਾ ਦਾ ਕੈਚ ਲੈ ਕੇ ਇਹ ਉਪਲਬਧੀ ਹਾਸਿਲ ਕੀਤੀ। ਇਸ ਤੋਂ ਪਹਿਲਾਂ ਸ਼ਰਦੁਲ ਠਾਕੁਰ ਦੀ ਗੇਂਦ ‘ਤੇ ਕਵਿੰਟਨ ਡੀਕੌਕ ਦਾ ਕੈਚ ਲਿਆ ਸੀ।
ਵਾਰਨਰ ਨੂੰ ਔਰੇਂਜ ਅਤੇ ਤਾਹਿਰ ਨੂੰ ਪਰਪਲ ਕੈਪ
ਹੈਦਰਾਬਾਦ – ਸਨਰਾਈਜ਼ਰਜ਼ ਹੈਦਰਾਬਾਦ ਦੇ ਡੇਵਿਡ ਵਾਰਨਰ ਨੇ IPL 2019 ਵਿੱਚ ਸਿਰਫ਼ 12 ਮੈਚ ਖੇਡੇ, ਪਰ ਇਸ ਦੇ ਬਾਵਜੂਦ ਉਹ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਨੂੰ ਮਿਲਣ ਵਾਲੀ ਔਰੇਂਜ ਕੈਪ ਹਾਸਿਲ ਕਰਨ ਵਿੱਚ ਸਫ਼ਲ ਰਿਹਾ ਜਦਕਿ ਚੇਨੱਈ ਸੁਪਰਕਿੰਗਜ਼ ਦੇ ਇਮਰਾਨ ਤਾਹਿਰ ਨੂੰ ਸਭ ਤੋਂ ਵੱਧ ਵਿਕਟਾਂ ਲੈਣ ਲਈ ਪਰਪਲ ਕੈਪ ਮਿਲੀ। ਵਾਰਨਰ ਨੇ 12 ਪਾਰੀਆਂ ਵਿੱਚ 69.20 ਦੇ ਔਸਤ ਅਤੇ 143.86 ਦੇ ਸਟਰਾਈਕ ਰੇਟ ਨਾਲ 692 ਦੌੜਾਂ ਬਣਾਈਆਂ ਜਿਸ ਵਿੱਚ ਇੱਕ ਸੈਂਕੜਾ ਅਤੇ ਅੱਠ ਨੀਮ ਸੈਂਕੜੇ ਸ਼ਾਮਿਲ ਸਨ। ਇਹ ਤੀਜਾ ਮੌਕਾ ਹੈ ਜਦੋਂ ਵਾਰਨਰ ਨੇ ਔਰੇਂਜ ਕੈਪ ਹਾਸਿਲ ਕੀਤੀ। ਇਸ ਤੋਂ ਪਹਿਲਾਂ ਉਸ ਨੇ 2015 ਵਿੱਚ 562 ਅਤੇ 2017 ਵਿੱਚ 641 ਦੌੜਾਂ ਬਣਾ ਕੇ ਔਰੇਂਜ ਕੈਪ ਹਾਸਿਲ ਕੀਤੀ ਸੀ। ਕਿਸੇ ਇੱਕ IPL ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਲਈ ਮਿਲਣ ਵਾਲੀ ਪਰਪਲ ਕੈਪ ਦੱਖਣੀ ਅਫ਼ਰੀਕਾ ਦੇ ਲੈੱਗ ਸਪਿੰਨਰ ਇਮਰਾਨ ਤਾਹਿਰ ਨੇ ਹਾਸਿਲ ਕੀਤੀ। ਉਸ ਨੇ 17 ਮੈਚਾਂ ਵਿੱਚ 26 ਵਿਕਟਾਂ ਲਈਆਂ। ਉਸ ਨੇ ਇਸ ਦੌੜ ਵਿੱਚ ਆਪਣੇ ਹਮਵਤਨ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਨੂੰ ਪਛਾੜ ਦਿੱਤਾ ਜਿਸ ਨੇ ਦਿੱਲੀ ਕੈਪੀਟਲਜ਼ ਲਈ 12 ਮੈਚਾਂ ਵਿੱਚ 25 ਵਿਕਟਾਂ ਲਈਆਂ ਸਨ।
IPL ਫ਼ਾਈਨਲ ਦੇ ਪਾਸ ਮੰਗਣ ਵਾਲੇ ਅਧਿਕਾਰੀ ਨੂੰ ਮੈਮੋ ਜਾਰੀ
ਹੈਦਰਾਬਾਦ – ਤਿਲੰਗਾਨਾ ਦੇ ਐਕਸਾਈਜ਼ ਐਂਡ ਪ੍ਰੋਹਿਬਸ਼ਨ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨੇ IPL ਫ਼ਾਈਨਲ ਦੀਆਂ 300 ਕੌਮਪਲੇਮੈਂਟਰੀ ਟਿਕਟਾਂ ਮੰਗ ਕੇ ਆਪਣੇ ਲਈ ਨਵੀਂ ਮੁਸੀਬਤ ਸਹੇੜ ਲਈ ਹੈ। ਵਿਭਾਗ ਦੇ ਉੱਚ ਅਫ਼ਸਰਾਂ ਨੇ ਅਧਿਕਾਰੀ ਦੀ ਇਸ ਕਾਰਵਾਈ ਨੂੰ ਸੰਜੀਦਗੀ ਨਾਲ ਲੈਂਦਿਆਂ ਮੈਮੋ ਜਾਰੀ ਕਰ ਦਿੱਤਾ ਹੈ। ਮੇੜਚਾਲ-ਮਲਕਾਜਗਿਰੀ ਜ਼ਿਲ੍ਹੇ ਨਾਲ ਸਬੰਧਤ ਕੇ. ਪ੍ਰਦੀਪ ਰਾਓ ਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਕਾਰਜਕਾਰੀ ਅਫ਼ਸਰ ਨੂੰ ਪੱਤਰ ਲਿਖ ਕੇ ਇਨ੍ਹਾਂ ਪਾਸਾਂ ਦੀ ਮੰਗ ਕੀਤੀ ਸੀ। ਕੇਂਦਰ ਵਿੱਚ ਡੈਪੂਟੇਸ਼ਨ ‘ਤੇ ਆਏ ਸੀਨੀਅਰ ਨੌਕਰਸ਼ਾਹ ਨੂੰ IPL ਪਾਸ ਮੰਗਣੇ ਇੰਨੇ ਮਹਿੰਗੇ ਪਏ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਨਿਯੁਕਤੀਆਂ ਬਾਰੇ ਕੈਬਨਿਟ ਕਮੇਟੀ ਨੇ ਉਸ ਨੂੰ ਵਾਪਿਸ ਉਸ ਦੇ ਪੁਰਾਣੇ ਕੇਡਰ ਵਿੱਚ ਤਬਦੀਲ ਕਰ ਦਿੱਤਾ।