ਕੀ ਤੁਸੀਂ ਉਨ੍ਹਾਂ ਲੋਕਾਂ ‘ਚ ਸ਼ਾਮਿਲ ਹੋ ਜਿਨ੍ਹਾਂ ਦੇ ਦਿਨ ਦੀ ਸ਼ੁਰੂਆਤ ਇੱਕ ਕੱਪ ਚਾਹ ਜਾਂ ਕੌਫ਼ੀ ਪੀਤੇ ਬਿਨਾਂ ਹੋ ਹੀ ਨਹੀਂ ਸਕਦੀ? ਹਾਲਾਂਕਿ ਜ਼ਿਆਦਾਤਰ ਸਿਹਤ ਮਾਹਿਰ ਇਹੀ ਕਹਿੰਦੇ ਹਨ ਕਿ ਜੇ ਤੁਸੀਂ ਆਪਣਾ ਭਾਰ ਕੰਟਰੋਲ ‘ਚ ਰੱਖਣਾ ਚਾਹੁੰਦੇ ਹੋ ਜਾਂ ਭਾਰ ਘਟਾਉਣ ਦੀ ਜੁਗਤ ‘ਚ ਲੱਗੇ ਹੋ ਤਾਂ ਇੱਕ ਚੀਜ਼ ਨੂੰ ਤੁਹਾਨੂੰ ਛੱਡ ਦੇਣਾ ਚਾਹੀਦਾ ਹੈ, ਉਹ ਹੈ ਤੁਹਾਡੀ ਪਸੰਦੀਦਾ ਚਾਹ।
ਹੈੱਲਥ ਡ੍ਰਿੰਕ ਦੇ ਤੌਰ ‘ਤੇ ਮਸ਼ਹੂਰ ਹੋ ਰਹੀ ਹੈ ਗ੍ਰੀਨ ਟੀ
ਉਂਝ ਤਾਂ ਜੋ ਲੋਕ ਆਪਣੀ ਸਿਹਤ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਨ ਉਹ ਹੁਣ ਇੰਡੀਅਨ ਕਿਚਨ ‘ਚ ਬਣਨ ਵਾਲੀ ਰੈਗੁਲਰ ਮਸਾਲਾ ਚਾਹ ਦੀ ਥਾਂ ਗ੍ਰੀਨ ਟੀ ਜਾਂ ਗ੍ਰੀਨ ਕੌਫ਼ੀ ਪੀਂਦੇ ਹਨ। ਹਾਲ ਹੀ ਦੇ ਕੁੱਝ ਸਾਲਾਂ ‘ਚ ਹੈੱਲਥ ਡ੍ਰਿੰਕ ਦੇ ਤੌਰ ‘ਤੇ ਗ੍ਰੀਨ ਟੀ ਬਹੁਤ ਮਸ਼ਹੂਰੀ ਹੋਈ ਹੈ। ਉਂਝ ਤਾਂ ਕਈ ਸਟੱਡੀਜ਼ ‘ਚ ਇਹ ਗੱਲ ਦੱਸੀ ਗਈ ਹੈ ਕਿ ਗ੍ਰੀਨ ਟੀ ਦੇ ਸਿਹਤ ਨਾਲ ਜੁੜੇ ਕਈ ਫ਼ਾਇਦੇ ਹਨ, ਪਰ ਕਰੀਨਾ ਕਪੂਰ, ਕਰਿਸ਼ਮਾ ਕਪੂਰ, ਆਲੀਆ ਭੱਟ ਅਤੇ ਸ਼ਾਹਿਦ ਕਪੂਰ ਵਰਗੇ ਬੌਲੀਵੁਡ ਹਸਤੀਆਂ ਦੀ ਨਿਊਟ੍ਰਿਸ਼ਨਿਸਟ ਰਜੁਤਾ ਦਿਵਾਕਰ ਗ੍ਰੀਨ ਟੀ ਨੂੰ ਸਭ ਤੋਂ ਹੈਲਦੀ ਪੇਅ ਪਦਾਰਥ ਨਹੀਂ ਮੰਨਦੀ।
ਅਦਰਕ ਵਾਲੀ ਮਸਾਲਾ ਚਾਹ ਹੈ ਬੈੱਸਟ
ਰਜੁਤਾ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਜ਼ੋਰ ਦਿੱਤਾ ਕਿ ਗ੍ਰੀਨ ਟੀ ਵਧੀਆ ਹੈ, ਪਰ ਸਾਰਿਆਂ ਲਈ ਨਹੀਂ … ਸਿਰਫ਼ ਉਨ੍ਹਾਂ ਲੋਕਾਂ ਲਈ ਜੋ ਇਸ ਨੂੰ ਵੇਚਣ ਦਾ ਵਪਾਰ ਕਰਦੇ ਹਨ। ਬਾਕੀ ਸਾਰੇ ਲੋਕਾਂ ਲਈ ਸਾਡੇ ਕਿਚਨ ‘ਚ ਬਣਨ ਵਾਲੀ ਨੌਰਮਲ ਅਦਰਕ ਵਾਲੀ ਮਸਾਲਾ ਚਾਹ ਹੀ ਬੈੱਸਟ ਹੈ।
ਕਦੋਂ ਨਾ ਪੀਓ ਚਾਹ ਜਾਂ ਕੌਫ਼ੀ: ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ; ਸੌਣ ਤੋਂ ਠੀਕ ਪਹਿਲਾਂ ਅਤੇ ਦਿਨ ਵੇਲੇ ਖਾਣੇ ਦੀ ਥਾਂ।
ਦਿਨ ‘ਚ ਕਿੰਨੇ ਕੱਪ ਚਾਹ-ਕੌਫ਼ੀ ਪੀ ਸਕਦੇ ਹਾਂ: 2 ਤੋਂ 3 ਕੱਪ ਬਹੁਤ ਹਨ ਅਤੇ ਇਸ ਤੋਂ ਜ਼ਿਆਦਾ ਬਿਲਕੁਲ ਨਾ ਪੀਓ।
ਛੇ ਵਜੇ ਸ਼ਾਮ ਨੂੰ ਕਰ ਲਓ ਡਿਨਰ
ਦੁਨੀਆ ਭਰ ‘ਚ ਗ੍ਰੀਨ ਟੀ ਅਤੇ ਹੁਣ ਗ੍ਰੀਨ ਕੌਫ਼ੀ ਦਾ ਬਾਜ਼ਾਰ ਵੀ ਇੰਨਾ ਵੱਧ ਚੁੱਕਾ ਹੈ ਕਿ ਇਸ ਨੂੰ ਸਭ ਤੋਂ ਹੈਲਦੀ ਡ੍ਰਿੰਕ ਦੇ ਰੂਪ ‘ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਇਥੋਂ ਤਕ ਕਿ ਗ੍ਰੀਨ ਟੀ ਨੂੰ ਤਾਂ ਭਾਰ ਘਟਾਉਣ ਦੇ ਇੱਕ ਮਾਤਰ ਹੱਲ ਦੇ ਰੂਪ ‘ਚ ਪ੍ਰਚਾਰਿਤ ਕੀਤਾ ਜਾਂਦਾ ਹੈ। ਪਤਲੇ ਹੋਣ ਲਈ ਤੁਹਾਨੂੰ ਗ੍ਰੀਨ ਟੀ ਪੀਣ ਦੀ ਲੋੜ ਨਹੀਂ ਸਗੋਂ ਸ਼ਾਮ ਨੂੰ 5: 30 ਤੋਂ 6 ਵਜੇ ਦਰਮਿਆਨ ਆਪਣਾ ਡਿਨਰ ਕਰ ਲੈਣਾ ਚਾਹੀਦਾ ਹੈ। ਫ਼ਿਰ ਦੇਖੋ ਕਿੰਝ ਘੱਟਦੈ ਤੁਹਾਡਾ ਭਾਰ।
ਸੂਰਜਵੰਸ਼ੀ










