ਇਕੱਠੇ ਨਜ਼ਰ ਆਉਣਗੇ ਅਮਿਤਾਭ ਅਤੇ ਅਕਸ਼ੇ

ਅਕਸ਼ੇ ਕੁਮਾਰ ਕੋਲ ਇਸ ਵਕਤ ਕਈ ਫ਼ਿਲਮਾਂ ਕਰਨ ਲਈ ਪਈਆਂ ਹੋਈਆਂ ਹਨ। ਹਾਲ ਹੀ ‘ਚ ਉਸ ਦੀ ਫ਼ਿਲਮ ਕੇਸਰੀ ਨੇ ਪਰਦੇ ‘ਤੇ ਚੰਗਾ ਪ੍ਰਦਰਸ਼ਨ ਕਰਦੇ ਹੋਏ 200 ਕਰੋੜ ਰੁਪਏ ਦੀ ਕਮਾਈ ਕੀਤੀ। ਇਨ੍ਹੀਂ ਦਿਨੀਂ ਅਕਸ਼ੇ ਫ਼ਿਲਮ ਗੁੱਡ ਨਿਊਜ਼ ਅਤੇ ਸੂਰਯਾਵੰਸ਼ੀ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਸੂਰਯਾਵੰਸ਼ੀ ‘ਚ ਅਕਸ਼ੇ ਨੇ ਪਹਿਲੀ ਵਾਰ ਰੋਹਿਤ ਸ਼ੈੱਟੀ ਦੇ ਨਿਰਦੇਸ਼ਨ ‘ਚ ਕੰਮ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਣ ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ ਵਲੋਂ ਕੀਤਾ ਜਾਵੇਗਾ।
ਫ਼ਿਲਮ ‘ਚ ਅਕਸ਼ੇ ਤੋਂ ਇਲਾਵਾ ਅਜੇ ਦੇਵਗਨ ਅਤੇ ਰਣਵੀਰ ਸਿੰਘ ਵੀ ਕੈਮੀਓ ਰੋਲਜ਼ ‘ਚ ਨਜ਼ਰ ਆਉਣਗੇ। ਇਨ੍ਹਾਂ ਦੋਹਾਂ ਫ਼ਿਲਮਾਂ ਤੋਂ ਬਾਅਦ ਉਹ ਸਾਊਥ ਦੀ ਸੁਪਰਹਿੱਟ ਰਹੀ ਫ਼ਿਲਮ ਕੰਚਨਾ 2 ਦੇ ਹਿੰਦੀ ਰੀਮੇਕ ‘ਚ ਕੰਮ ਕਰੇਗਾ। ਇਸ ਫ਼ਿਲਮ ਲਈ ਅਕਸ਼ੇ ਦਾ ਨਾਂ ਸ਼ੁਰੂਆਤੀ ਦੌਰ ‘ਚ ਹੀ ਫ਼ਾਈਨਲ ਹੋ ਗਿਆ ਸੀ। ਉਹ ਰਾਘਵ ਨਾਂ ਦੇ ਵਿਅਕਤੀ ਦਾ ਰੋਲ ਨਿਭਾਏਗਾ ਜਿਸ ‘ਚ ਇੱਕ ਔਰਤ ਦੀ ਆਤਮਾ ਆਉਂਦੀਹੈ ਅਤੇ ਉਸ ਦਾ ਮਕਸਦ ਆਪਣੀ ਮੌਤ ਦਾ ਬਦਲਾ ਲੈਣਾ ਹੁੰਦਾ ਹੈ। ਫ਼ਿਲਮ ਦੇ ਹਿੰਦੀ ਰੀਮੇਕ ਦਾ ਨਾਂ ਲਕਸ਼ਮੀ ਦੱਸਿਆ ਗਿਆ ਹੈ।
ਹੁਣ ਇਸ ਫ਼ਿਲਮ ‘ਚ ਅਮਿਤਾਭ ਬੱਚਨ ਦੀ ਵੀ ਐਂਟਰੀ ਹੋ ਗਈ ਹੈ। ਅਮਿਤਾਭ ਨੂੰ ਇੱਕ ਖ਼ਾਸ ਰੋਲ ਲਈ ਚੁਣਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਤਕ ਅਮਿਤਾਭ ਨੇ ਅਜਿਹਾ ਰੋਲ ਕਿਸੇ ਫ਼ਿਲਮ ‘ਚ ਨਹੀਂ ਨਿਭਾਇਆ। ਅਮਿਤਾਭ ਤੋਂ ਇਲਾਵਾ ਕਿਆਰਾ ਅਡਵਾਨੀ ਵੀ ਨਜ਼ਰ ਆਵੇਗੀ। ਉਹ ਅਕਸ਼ੈ ਦੀ ਪਤਨੀ ਦਾ ਰੋਲ ਨਿਭਾਏਗੀ। ਇਸ ਹਿੰਦੀ ਰੀਮੇਕ ਫ਼ਿਲਮ ਦੀ ਕਹਾਣੀ ਵਿੱਚ ਸਾਊਥ ਫ਼ਿਲਮ ਦੀ ਕਹਾਣੀ ਨਾਲੋਂ ਕੁੱਝ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹ ਤਬਦੀਲੀਆਂ ਅਕਸ਼ੇ ਦੇ ਕਿਰਦਾਰ ਨੂੰ ਦੇਖਦੇ ਹੋਏ ਕੀਤੀਆਂ ਗਈਆਂ ਹਨ। ਦੂਜੇ ਪਾਸੇ ਅਮਿਤਾਭ ਬੱਚਨ ਇਸ ਸਮੇਂ ਫ਼ਿਲਮ ਝੁੰਡ ਦੀ ਸ਼ੂਟਿੰਗ ‘ਚ ਰੁੱਝਾ ਹੋਇਆ ਹੈ। ਇਸ ਤੋਂ ਇਲਾਵਾ ਅਮਿਤਾਭ ਆਲੀਆ ਅਤੇ ਰਣਬੀਰ ਕਪੂਰ ਨਾਲ ਫ਼ਿਲਮ ਬ੍ਰਹਮਾਸਤਰ ‘ਚ ਵੀ ਨਜ਼ਰ ਆਵੇਗਾ।