ਵਿਕੀ ਕੌਸ਼ਲ ਦਾ ਕਰੀਅਰ ਇਨ੍ਹੀਂ ਦਿਨੀਂ ਬੁਲੰਦੀ ‘ਤੇ ਹੈ। ਉਸ ਨੇ ਰਾਜ਼ੀ, ਸੰਜੂ ਅਤੇ ਉੜੀ: ਦਾ ਸਰਜੀਕਲ ਸਟ੍ਰਾਈਕ ਵਰਗੀਆਂ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਸ ਤੋਂ ਬਾਅਦ ਉਸ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ ਹੈ। ਛੇਤੀ ਹੀ ਵਿਕੀ ਕਰਨ ਜੌਹਰ ਦੀ ਇਤਿਹਾਸਕ ਅਤੇ ਮਲਟੀ ਸਟਾਰਰ ਫ਼ਿਲਮ ਤਖ਼ਤ ‘ਚ ਇੱਕ ਅਹਿਮ ਭੂਮਿਕਾ ਨਿਭਾਏਗਾ।
ਜਾਣਕਾਰੀ ਅਨੁਸਾਰ, ਵਿਕੀ ਇੱਕ ਵਾਰ ਫ਼ਿਰ ਫ਼ਿਲਮ ਉੜੀ ਦੇ ਨਿਰਦੇਸ਼ਕ ਆਦਿਤਿਆ ਧਰ ਅਤੇ ਪ੍ਰੋਡਿਊਸਰ ਰੌਨੀ ਸਕਰੂਵਾਲਾ ਨਾਲ ਅਗਲੀ ਫ਼ਿਲਮ ‘ਚ ਕੰਮ ਕਰੇਗਾ। ਵਿਕੀ ਨੂੰ ਨਿਰਦੇਸ਼ਕ ਆਦਿਤਿਆ ਨੇ ਆਪਣੀ ਅਗਲੀ ਫ਼ਿਲਮ ‘ਚ ਅਸ਼ਵਥਾਮਾ ਦਾ ਕਿਰਦਾਰ ਨਿਭਾਉਣ ਲਈ ਚੁਣਿਆ ਹੈ। ਇਹ ਫ਼ਿਲਮ ਇੱਕ ਪੀਰੀਅਡ ਫ਼ਿਲਮ ਹੋਵੇਗੀ ਜੋ ਮਹਾਭਾਰਤ ਕਾਲ ਦੇ ਕਿਰਦਾਰ ਅਸ਼ਵਥਾਮਾ ‘ਤੇ ਆਧਾਰਿਤ ਹੋਵੇਗੀ।
ਸੂਤਰਾਂ ਮੁਤਾਬਿਕ, ਉੜੀ ਤੋਂ ਬਾਅਦ ਇਸ ਫ਼ਿਲਮ ਦੇ ਫ਼ਿਲਮਸਾਜ਼ ਇੱਕ ਹੋਰ ਵੱਡੀ ਫ਼ਿਲਮ ਨਾਲ ਪਰਦੇ ‘ਤੇ ਵਾਪਸੀ ਕਰਨਾ ਚਾਹੁੰਦੇ ਹਨ। ਇਸ ਦੇ ਚੱਲਦਿਆਂ, ਉਨ੍ਹਾਂ ਨੇ ਇਹ ਫ਼ਿਲਮ ਬਣਾਉਣ ਦਾ ਫ਼ੈਸਲਾ ਲਿਆ ਹੈ। ਆਦਿਤਿਆ ਨੇ ਇਸ ਦੀ ਸਕ੍ਰਿਪਟ ਉੱਪਰ ਉੜੀ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਇਹ ਫ਼ਿਲਮ ਵੱਡੇ ਪੱਧਰ ‘ਤੇ ਬਣਾਈ ਜਾਵੇਗੀ ਅਤੇ ਇਸ ਦੀ ਸ਼ੂਟਿੰਗ ਇਸ ਸਾਲ ਹੀ ਸ਼ੁਰੂ ਹੋਵੇਗੀ।
ਦੱਸਣਯੋਗ ਹੈ ਕਿ ਮਹਾਭਾਰਤ ‘ਚ ਅਸ਼ਵਥਾਮਾ ਨੂੰ ਇੱਕ ਮਹਾਨ ਜੋਧਾ ਦੱਸਿਆ ਗਿਆ ਹੈ। ਉਹ ਕੌਰਵਾਂ ਅਤੇ ਪਾਂਡਵਾਂ ਦੇ ਗੁਰੂ ਦਰੋਣਾਚਾਰਿਆ ਦਾ ਪੁੱਤਰ ਸੀ। ਅਸ਼ਵਥਾਮਾ ਪਾਂਡਵਾਂ ਵਿਰੁੱਧ ਕੌਰਵਾਂ ਵਲੋਂ ਮਹਾਭਾਰਤ ਦੇ ਯੁੱਧ ‘ਚ ਲੜਿਆ ਸੀ। ਮਹਾਭਾਰਤ ਅਨੁਸਾਰ ਅਸ਼ਵਥਾਮਾ ਅਮਰ ਸੀ ਅਤੇ ਉਹ ਓਦੋਂ ਤਕ ਜ਼ਿੰਦਾ ਰਹੇਗਾ ਜਦ ਤਕ ਕਲਯੁੱਗ ਖ਼ਤਮ ਨਹੀਂ ਹੁੰਦਾ। ਵਿੱਕੀ ਬਹੁਤ ਜਲਦੀ ਸ਼ਹੀਦ ਊਧਮ ਸਿੰਘ ਬਾਰੇ ਬਣਨ ਵਾਲੀ ਬਾਇਓਪਿਕ ਦੀ ਸ਼ੂਟਿੰਗ ਵੀ ਸ਼ੁਰੂ ਕਰੇਗਾ। ਇਸ ਵਿੱਚ ਉਹ ਸ਼ਹੀਦ ਊਧਮ ਸਿੰਘ ਦਾ ਕਿਰਦਾਰ ਨਿਭਾਏਗਾ।












