ਪਰਿਵਾਰਕ ਫ਼ਿਲਮਾਂ ਕਰਨੀਆਂ ਪਸੰਦ ਸਲਮਾਨ

ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਜੇ ਉਸ ਦੀ ਕਿਸੇ ਫ਼ਿਲਮ ਨੂੰ A ਸਰਟੀਫ਼ਿਕੇਟ ਮਿਲਦਾ ਹੈ ਤਾਂ ਉਹ ਕਿਸੇ ਰੁਮਾਂਟਿਕ ਸੀਨ ਕਾਰਨ ਨਹੀਂ ਬਲਕਿ ਐਕਸ਼ਨ ਸੀਨ ਕਾਰਨ ਮਿਲੇਗਾ …
ਸਲਮਾਨ ਖ਼ਾਨ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਫ਼ਿਲਮਾਂ ਕਰਨੀਆਂ ਚਾਹੁੰਦਾ ਹੈ ਜਿਨ੍ਹਾਂ ਨੂੰ ਹਰ ਕੋਈ ਆਪਣੇ ਪਰਿਵਾਰ ‘ਚ ਬੈਠ ਕੇ ਦੇਖ ਸਕੇ। ਸਲਮਾਨ ਅੱਜਕੱਲ੍ਹ ਆਪਣੀਆਂ ਅਗਲੀਆਂ ਫ਼ਿਲਮਾਂ ਭਾਰਤ ਅਤੇ ਦਬੰਗ 3 ਦੀ ਸ਼ੂਟਿੰਗ ਨੂੰ ਲੈ ਕੇ ਚਰਚਾ ‘ਚ ਹੈ। ਫ਼ਿਲਮ ਭਾਰਤ 5 ਜੂਨ ਨੂੰ ਈਦ ਮੌਕੇ ਰਿਲੀਜ਼ ਹੋਵੇਗੀ। ਹਾਲ ਹੀ ‘ਚ ਇੱਕ ਪ੍ਰੋਗਰਾਮ ਦੌਰਾਨ ਸਲਮਾਨ ਪਾਸੋਂ ਜਦ ਪੁੱਛਿਆ ਗਿਆ ਕਿ ਉਸ ਨੂੰ ਕਿਹੋ ਜਿਹੀਆਂ ਫ਼ਿਲਮਾਂ ਕਰਨੀਆਂ ਪਸੰਦ ਨੇ ਤਾਂ ਉਸ ਨੇ ਕਿਹਾ, ”ਅੱਜਕੱਲ੍ਹ ਦਾ ਟ੍ਰੈਂਡ ਕਾਫ਼ੀ ਅਜੀਬ ਹੈ ਖ਼ਾਸਤੌਰ ‘ਤੇ ਉਹ ਜੋ ਵੈੱਬਸਾਈਟ ‘ਤੇ ਮਿਲਦਾ ਹੈ।” ਸਲਮਾਨ ਨੇ ਕਿਹਾ ਕਿ ਉਹ ਅਜਿਹੀਆਂ ਫ਼ਿਲਮਾਂ ਕਰਨੀਆਂ ਪਸੰਦ ਕਰਦਾ ਹੈ ਜਿਨ੍ਹਾਂ ‘ਚ ਸ਼ਰਾਰਤ, ਮਜ਼ਾਕ, ਐਕਸ਼ਨ ਅਤੇ ਰੁਮਾਂਸ ਹੋਵੇ ਅਤੇ ਜਿਸ ਨੂੰ ਦਰਸ਼ਕ ਪਰਿਵਾਰ ਨਾਲ ਬੈਠ ਕੇ ਦੇਖ ਸਕਣ। ਸਲਮਾਨ ਨੇ ਕਿਹਾ ਕਿ ਜੇ ਉਸ ਦੀ ਕਿਸੇ ਫ਼ਿਲਮ ਨੂੰ A ਸਰਟੀਫ਼ਿਕੇਟ ਮਿਲਦਾ ਹੈ ਤਾਂ ਉਹ ਰੁਮੈਂਟਿਕ ਸੀਨ ਕਾਰਨ ਨਹੀਂ ਬਲਕਿ ਐਕਸ਼ਨ ਸੀਨ ਕਾਰਨ ਮਿਲੇਗਾ।
ਸਲਮਾਨ ਨਾਲ ਫ਼ਿਲਮ ਭਾਰਤ ‘ਚ ਕੈਟਰੀਨਾ ਕੈਫ਼ ਵੀ ਨਜ਼ਰ ਆਵੇਗੀ। ਪਹਿਲਾਂ ਇਸ ਫ਼ਿਲਮ ਲਈ ਪ੍ਰਿਅੰਕਾ ਚੋਪੜਾ ਨੂੰ ਫ਼ਾਈਨਲ ਕੀਤਾ ਗਿਆ ਸੀ, ਪਰ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੁੰਦੇ ਹੀ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸਲਮਾਨ ਅਤੇ ਇਸ ਫ਼ਿਲਮ ਦੇ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ ਨੇ ਵੀ ਪ੍ਰਿਅੰਕਾ ਦੇ ਇਸ ਇਨਕਾਰ ‘ਤੇ ਕੋਈ ਇਤਰਾਜ਼ ਨਹੀਂ ਪ੍ਰਗਟਾਇਆ। ਇਹ ਗੱਲ ਵੱਖਰੀ ਹੈ ਕਿ ਬਾਅਦ ‘ਚ ਸਲਮਾਨ ਨੇ ਕਈ ਪ੍ਰੋਗਰਾਮਾਂ ‘ਚ ਪ੍ਰਿਅੰਕਾ ਉੱਪਰ ਇਸ ਫ਼ਿਲਮ ਤੋਂ ਇਨਕਾਰ ਸਬੰਧੀ ਕਈ ਤੀਰ ਕੱਸੇ। ਫ਼ਿਲਮ ਭਾਰਤ ਕੋਰੀਅਨ ਫ਼ਿਲਮ ਓਡ ਟੂ ਮਾਈ ਫ਼ਾਦਰ ਦਾ ਹਿੰਦੀ ਰੀਮੇਕ ਹੈ। ਇਸ ‘ਚ ਸਲਮਾਨ ਤੋਂ ਇਲਾਵਾ ਤਬੂ, ਦਿਸ਼ਾ ਪਟਾਨੀ, ਜੈਕੀ ਸ਼ਰੌਫ਼, ਨੋਰਾ ਫ਼ਤੇਹੀ, ਸਤੀਸ਼ ਕੌਸ਼ਿਕ ਅਤੇ ਕੌਮੇਡੀਅਨ ਸੁਨੀਲ ਗਰੋਵਰ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣਗੇ।