ਸਾਇਨਾ ਬਣਨ ਲਈ ਤਿਆਰ-ਬਰ-ਤਿਆਰ ਪਰਿਣੀਤੀ ਚੋਪੜਾ

ਭਾਰਤ ਦੀ ਚੋਟੀ ਦੀ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਦੀ ਜ਼ਿੰਦਗੀ ‘ਤੇ ਬਣ ਰਹੀ ਫ਼ਿਲਮ ਸਾਇਨਾ ‘ਚ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਨਿਭਾਏਗੀ। ਇਸ ਦੇ ਚੱਲਦਿਆਂ ਪਰਿਣੀਤੀ ਖ਼ੁਦ ਨੂੰ ਕਿਰਦਾਰ ‘ਚ ਚੰਗੀ ਤਰ੍ਹਾਂ ਢਾਲਣ ਲਈ ਰੋਜ਼ਾਨਾ ਦੋ ਘੰਟੇ ਸਾਇਨਾ ਦੇ ਮੈਚਾਂ ਦੀਆਂ ਵੀਡੀਓਜ਼ ਅਤੇ ਫ਼ੋਟੋਗ੍ਰਾਫ਼ ਦੇਖ ਰਹੀ ਹੈ। ਫ਼ਿਲਮ ਇਸ਼ਕਜ਼ਾਦੇ ਤੋਂ ਮਸ਼ਹੂਰ ਹੋਈ ਪਰਿਣੀਤੀ ਇਸ ਫ਼ਿਲਮ ‘ਚ ਵੀ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕਰਨਾ ਚਾਹੁੰਦੀ ਹੈ। ਇਸੇ ਲਈ ਉਹ ਸਾਈਨਾ ਨੇਹਵਾਲ ਦੀਆਂ ਵੀਡੀਓਜ਼ ਅਤੇ ਫ਼ੋਟੋਗ੍ਰਾਫ਼ ਦੇਖ ਕੇ ਉਸ ਦੇ ਚਿਹਰੇ ਦੇ ਹਾਵਭਾਵ ਅਤੇ ਬੈਠਣ-ਉੱਠਣ ਦੇ ਅੰਦਾਜ਼ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ।
ਆਪਣੀ ਤਿਆਰੀ ਸਬੰਧੀ ਇੱਕ ਬਿਆਨ ‘ਚ ਪਰਿਣੀਤੀ ਨੇ ਕਿਹਾ, ”ਮੈਨੂੰ ਆਪਣੀ ਪੂਰੀ ਟ੍ਰੇਨਿੰਗ ਟੀਮ, ਅਮੋਲ ਗੁਪਤਾ ਅਤੇ ਬਾਕੀ ਸਾਰਿਆਂ ਤੋਂ ਇਹੀ ਸਲਾਹ ਮਿਲੀ ਸੀ ਕਿ ਮੈਨੂੰ ਸਾਇਨਾ ਦੇ ਮੈਚ ਜ਼ਰੂਰ ਦੇਖਣੇ ਚਾਹੀਦੇ ਹਨ। ਮੈਂ ਹੁਣ ਤਕ ਜ਼ਿਆਦਾ ਬੈਡਮਿੰਟਨ ਮੈਚ ਨਹੀਂ ਦੇਖੇ, ਅਤੇ ਮੈਂ ਅਸਲ ‘ਚ ਉਸੇ ਤਰ੍ਹਾਂ ਫ਼ਿਲਮ ‘ਚ ਖੇਡਦੀ ਨਜ਼ਰ ਆਉਣਾ ਚਾਹੁੰਦੀ ਹਾਂ ਜਿਸ ਤਰ੍ਹਾਂ ਸਾਇਨਾ ਅਸਲ ਜ਼ਿੰਦਗੀ ‘ਚ ਖੇਡਦੀ ਹੈ। ਮੈਂ ਪਰਦੇ ‘ਤੇ ਸਾਇਨਾ ਦੀ ਸ਼ਖ਼ਸੀਅਤ ਨਾਲ ਪੂਰਾ ਇਨਸਾਫ਼ ਕਰਨਾ ਚਾਹੁੰਦੀ ਹਾਂ, ਇਸੇ ਲਈ ਮੈਂ ਸਾਇਨਾ ਦੇ ਮੈਚਾਂ ਦੀਆਂ ਵੀਡੀਓਜ਼ ਦੇਖ ਰਹੀ ਹਾਂ।”
ਜ਼ਿਕਰਯੋਗ ਹੈ ਕਿ ਪਹਿਲਾਂ ਇਸ ਬਾਇਓਪਿਕ ‘ਚ ਸ਼੍ਰਧਾ ਕਪੂਰ ਨੇ ਸਾਇਨਾ ਨੇਹਵਾਲ ਦੀ ਭੂਮਿਕਾ ਨਿਭਾਉਣੀ ਸੀ, ਪਰ ਆਪਣੇ ਹੋਰ ਫ਼ਿਲਮੀ ਰੁਝੇਵਿਆਂ ਕਾਰਨ ਉਸ ਨੇ ਇਸ ਬਾਇਓਪਿਕ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ, ਪਰਿਣੀਤੀ ਦੀ ਹਾਲ ‘ਚ ਰਿਲੀਜ਼ ਹੋਈ ਫ਼ਿਲਮ ਕੇਸਰੀ ਨੇ ਚੰਗੀ ਸਫ਼ਲਤਾ ਹਾਸਲ ਕੀਤੀ ਹੈ।