ਆਯੁਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ ਇੱਕ ਵਾਰ ਫ਼ਿਰ ਇਕੱਠੇ ਫ਼ਿਲਮ ਕਰਨਗੇ। ਇਸ ਤੋਂ ਪਹਿਲਾਂ ਦੋਹੇਂ ਦਮ ਲਗਾ ਕੇ ਹਈਸ਼ਾ ਅਤੇ ਸ਼ੁਭ ਮੰਗਲ ਸਾਵਧਾਨ ਫ਼ਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਹੁਣ ਦੋਹੇਂ ਅਮਰ ਕੌਸ਼ਿਕ ਦੀ ਫ਼ਿਲਮ ਬਾਲਾ ‘ਚ ਵੀ ਨਜ਼ਰ ਆਉਣਗੇ। ਆਯੁਸ਼ਮਾਨ ਇਸ ਫ਼ਿਲਮ ‘ਚ ਇੱਕ ਗੰਜੇ ਵਿਅਕਤੀ ਦਾ ਕਿਰਦਾਰ ਨਿਭਾਏਗਾ। ਫ਼ਿਲਮ ਦੀ ਕਹਾਣੀ ਗੰਜੇਪਨ ‘ਤੇ ਆਧਾਰਿਤ ਹੋਵੇਗੀ। ਫ਼ਿਲਮ ‘ਚ ਦਿਖਾਇਆ ਜਾਵੇਗਾ ਇੱਕ ਗੰਜੇ ਵਿਅਕਤੀ ਦਾ ਲੋਕ ਕਿਸ ਤਰ੍ਹਾਂ ਮਜ਼ਾਕ ਉਡਾਉਾਂਦੇ ਹਨ ਅਤੇ ਉਸ ਨੂੰ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭੂਮੀ ਅਤੇ ਆਯੁਸ਼ਮਾਨ ਦੀਆਂ ਪਹਿਲੀਆਂ ਦੋਹੇਂ ਫ਼ਿਲਮ ਸੁਪਰਹਿੱਟ ਰਹੀਆ ਸਨ। ਇਸ ਜੋੜੀ ਨੂੰ ਸਿਨੇਮਾ ਪ੍ਰੇਮੀ ਸਕ੍ਰੀਨ ‘ਤੇ ਦੇਖਣਾ ਬੇਹੱਦ ਪਸੰਦ ਕਰਦੇ ਹਨ। ਫ਼ਿਲਮ ਬਾਲਾ ‘ਚ ਆਯੁਸ਼ਮਾਨ ਨਾਲ ਕੰਮ ਕਰਨ ਬਾਰੇ ਭੂਮੀ ਪੇਡਨੇਕਰ ਨੇ ਕਿਹਾ ਕਿ ‘ਮੈਨੂੰ ਲੱਗਦਾ ਹੈ ਕਿ ਅਮਰ, ਆਯੁਸ਼ਮਾਨ ਅਤੇ ਮੇਰੀ ਸੋਚ ਕਾਫ਼ੀ ਹੱਦ ਤਕ ਮਿਲਦੀ ਹੈ। ਇਸ ਲਈ ਲੱਗਦਾ ਹੈ ਕਿ ਅਸੀਂ ਤਿੰਨੋਂ ਰਲਕੇ ਜੋ ਵੀ ਫ਼ਿਲਮ ਕਰਾਂਗੇ ਤਾਂ ਉਹ ਦਰਸ਼ਕਾਂ ਨੂੰ ਚੰਗੀ ਲੱਗੇਗੀ। ਅਮਰ ਆਪਣੇ ਕਿਰਦਾਰ ਨਾਲ ਨਿਆਂ ਕਰਨ ਲਈ ਬਹੁਤ ਮਿਹਨਤ ਕਰਦਾ ਹੈ। ‘
ਦੱਸਣਯੋਗ ਹੈ ਕਿ ਆਯੁਸ਼ਮਾਨ ਨੇ ਹੁਣ ਤਕ ਫ਼ਿਲਮਾਂ ‘ਚ ਕਾਫ਼ੀ ਵੱਖਰੇ ਅਤੇ ਦਿਲਚਸਪ ਕਿਰਦਾਰ ਨਿਭਾਏ ਹਨ। ਉਸ ਦੀ ਪਿਛਲੀਆਂ ਦੋਹੇਂ ਫ਼ਿਲਮਾਂ ਅੰਧਾਧੁੰਨ ਅਤੇ ਬਧਾਈ ਹੋ ਸੁਪਰ-ਡੁਪਰ ਹਿੱਟ ਰਹੀਆਂ ਸਨ। ਇਨ੍ਹਾਂ ਫ਼ਿਲਮਾਂ ਨੇ ਬੌਲੀਵੁਡ ਦੇ ਵੱਡੇ ਸਿਤਾਰਿਆਂ ਦੀਆਂ ਫ਼ਿਲਮਾਂ ਨੂੰ ਵੀ ਕਮਾਈ ਦੇ ਮਾਮਲੇ ‘ਚ ਪਿੱਛੇ ਛੱਡ ਦਿੱਤਾ ਸੀ। ਇਸ ਸਮੇਂ ਆਯੁਸ਼ਮਾਨ ਫ਼ਿਲਮ ਡਰੀਮ ਗਰਲ ਦੀ ਸ਼ੂਟਿੰਗ ‘ਚ ਰੁੱਝਾ ਹੈ। ਇਸ ‘ਚ ਵੀ ਉਹ ਇੱਕ ਦਿਲਚਸਪ ਕਿਰਦਾਰ ਨਿਭਾ ਰਿਹਾ ਹੈ। ਫ਼ਿਲਮ ‘ਚ ਦਰਸ਼ਕ ਉਸ ਨੂੰ ਕੁੜੀ ਦੀ ਆਵਾਜ਼ ਕੱਢਦੇ ਹੋਏ ਸੁਣਨ ਅਤੇ ਦੇਖਣਗੇ।
ਦੂਜੇ ਪਾਸੇ, ਭੂਮੀ ਪੇਡਨੇਕਰ ਵੀ ਅਦਾਕਾਰੀ ਨਾਲ ਬੌਲੀਵੁਡ ‘ਚ ਆਪਣੀ ਪਛਾਣ ਕਾਇਮ ਕਰ ਰਹੀ ਹੈ। ਇਸ ਵਕਤ ਭੂਮੀ ਕੋਲ ਕਈ ਫ਼ਿਲਮਾਂ ਹਨ ਜਿਨ੍ਹਾਂ ‘ਚ ਸਾਂਢ ਕੀ ਆਂਖ, ਮਿਸ਼ਨ ਮੰਗਲ, ਪਤੀ ਪਤਨੀ ਔਰ ਵੋਹ, ਤਖ਼ਤ ਆਦਿ ਵੱਡੀਆਂ ਫ਼ਿਲਮਾਂ ਸ਼ਾਮਿਲ ਹਨ। ਫ਼ਿਲਹਾਲ ਉਹ ਤਾਪਸੀ ਪੰਨੂ ਨਾਲ ਫ਼ਿਲਮ ਸਾਂਢ ਕੀ ਆਂਖ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ‘ਚ ਦਰਸ਼ਕ ਉਸ ਨੂੰ ਬੰਦੂਕਬਾਜ਼ੀ ਕਰਦੇ ਹੋਏ ਦੇਖਣਗੇ। ਇਸ ਤੋਂ ਪਹਿਲਾਂ ਉਸ ਨੂੰ ਇਸ ਸਾਲ ਹੀ ਰਿਲੀਜ਼ ਹੋਈ ਫ਼ਿਲਮ ਸੋਨ ਚਿੜੀਆ ‘ਚ ਵੀ ਬੰਦੂਕ ਚਲਾਉਂਦਾ ਦੇਖਿਆ ਗਿਆ ਸੀ।











